Bathinda News : ਮਾਪਿਆਂ ਨੇ ਇੰਸਟੀਚਿਊਟ 'ਚ ਵੜ ਕੇ ਕੁੱਟਿਆ ਅਧਿਆਪਕ, ਜੰਮ ਕੇ ਕੀਤਾ ਹੰਗਾਮਾ, ਪੁਲਿਸ ਵੀ ਮੌਕੇ 'ਤੇ ਪਹੁੰਚੀ, ਜਾਣੋ ਪੂਰਾ ਮਾਮਲਾ
Bathinda News : ਬਠਿੰਡਾ ਦੇ ਮਾਡਲ ਟਾਊਨ ਫੇਸ ਇੱਕ ਵਿੱਚ ਚੱਲ ਰਹੇ ਪ੍ਰਾਈਵੇਟ ਇੰਸਟੀਟਿਊਟ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਇੱਕ ਵਿਦਿਆਰਥਣ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਆ ਕੇ ਟੀਚਰ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਗਈ।
Bathinda News : ਬਠਿੰਡਾ ਦੇ ਮਾਡਲ ਟਾਊਨ ਫੇਸ ਇੱਕ ਵਿੱਚ ਚੱਲ ਰਹੇ ਪ੍ਰਾਈਵੇਟ ਇੰਸਟੀਟਿਊਟ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਇੱਕ ਵਿਦਿਆਰਥਣ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਆ ਕੇ ਟੀਚਰ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਗਈ। ਇੰਸਟੀਚਿਊਟ ਵਿੱਚ ਹੋਏ ਹੰਗਾਮੇ ਨੂੰ ਵੇਖਦੇ ਹੋਏ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ। ਵਿਦਿਆਰਥਣ ਦੇ ਪਿਤਾ ਰਕੇਸ਼ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕੁੜੀ ਮੈਡੀਕਲ ਦੀ ਪੜ੍ਹਾਈ ਲਈ ਇਥੇ ਐਲਨ ਇੰਸਟੀਟਿਊਟ ਮਾਡਲ ਟਾਊਨ 'ਚ ਪੜ੍ਹਦੀ ਹੈ। ਉਨ੍ਹਾਂ ਕਿਹਾ ਕਿ ਕੁੜੀ ਪਿਛਲੇ ਕੁਝ ਦਿਨਾਂ ਤੋਂ ਮਾਨਸਿਕ ਤੌਰ 'ਤੇ ਪਰੇਸ਼ਾਨ ਚੱਲ ਰਹੀ ਸੀ, ਜਿਸ ਕਾਰਨ ਉਸ ਦੀ ਪੜ੍ਹਾਈ ਵਿੱਚ ਤੇਜ਼ੀ ਨਾਲ ਗਿਰਾਵਟ ਆਈ।
ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਕੁੜੀ ਕਾਰਨ ਜਾਨਣ ਦੀ ਕੋਸ਼ਿਸ਼ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ ਇੰਸਟੀਚਿਊਟ ਦੇ ਟੀਚਰ ਰਾਹੁਲ ਵੱਲੋਂ ਉਨ੍ਹਾਂ ਦੀ ਕੁੜੀ ਨੂੰ ਸੋਸ਼ਲ ਮੀਡੀਆ 'ਤੇ ਮੈਸਜ ਕੀਤੇ ਜਾ ਰਹੇ ਸਨ, ਜਿਸ ਦੇ ਚਲਦੇ ਅੱਜ ਉਹ ਇੰਸਟੀਚਿਊਟ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਅਜਿਹੇ ਟੀਚਰਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ, ਜੋ ਆਪਣੇ ਵਿਦਿਆਰਥੀਆਂ ਨਾਲ ਅਜਿਹੀਆਂ ਹਰਕਤਾਂ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਟੀਚਰ ਰਾਹੁਲ ਖਰਾਬ ਕਾਨੂੰਨੀ ਕਾਰਵਾਈ ਕਰਵਾਉਣ ਲਈ ਪੁਲਿਸ ਨੂੰ ਵੀ ਸੂਚਿਤ ਕੀਤਾ ਹੈ।
ਇੰਸਟੀਚਿਊਟ ਦੇ ਪ੍ਰਬੰਧਕਾਂ ਨੇ ਕੀ ਕਿਹਾ
ਉਧਰ, ਦੂਸਰੇ ਪਾਸੇ ਪ੍ਰਾਈਵੇਟ ਇੰਸਟੀਚਿਊਟ ਦੇ ਮਾਲਕ ਸੁਨੀਲ ਗੁਪਤਾ ਦਾ ਕਹਿਣਾ ਹੈ ਕਿ ਅੱਜ ਉਨ੍ਹਾਂ ਦੇ ਇੰਸਟੀਚਿਊਟ ਵਿੱਚ ਕੁਝ ਲੋਕ ਆਏ ਤੇ ਟੀਚਰ ਰਾਹੁਲ ਨਾਲ ਕੁੱਟਮਾਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੋ ਉਹ ਆਰੋਪ ਲਗਾ ਰਹੇ ਹਨ, ਉਸ ਦੀ ਨਾ ਹੀ ਉਨ੍ਹਾਂ ਵੱਲੋਂ ਕੋਈ ਅਸ਼ਲੀਲ ਚੈਟ ਦਿਖਾਈ ਗਈ ਹੈ ਅਤੇ ਨਾ ਹੀ ਇੰਸਟੀਚਿਊਟ ਦੇ ਪ੍ਰਬੰਧਕਾਂ ਨੂੰ ਇਸ ਬਾਰੇ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਜੇਕਰ ਟੀਚਰ ਵੱਲੋਂ ਅਜਿਹੀ ਹਰਕਤ ਕੀਤੀ ਗਈ ਹੈ ਤਾਂ ਉਹ ਪਹਿਲ ਦੇ ਅਧਾਰ 'ਤੇ ਉਸਨੂੰ ਟਰਮੀਨੇਟ ਕਰਨਗੇ। ਫਿਲਹਾਲ ਉਨ੍ਹਾਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੌਕੇ 'ਤੇ ਪੁਲਿਸ ਵੀ ਜਾਂਚ ਕਰ ਰਹੀ ਹੈ।
ਪੁਲਿਸ ਦਾ ਕੀ ਹੈ ਕਹਿਣਾ
ਘਟਨਾ ਸਬੰਧੀ ਮੌਕੇ 'ਤੇ ਪਹੁੰਚੇ ਏਐਸਆਈ ਸੁਖਦਰਸ਼ਨ ਕੁਮਾਰ ਦਾ ਕਹਿਣਾ ਹੈ ਕਿ ਲੜਕੀ ਦੇ ਪਿਤਾ ਵੱਲੋਂ ਟੀਚਰ ਖਿਲਾਫ਼ ਅਸ਼ਲੀਲ ਮੈਸੇਜ ਭੇਜਣ ਦਾ ਆਰੋਪ ਲਾਇਆ ਗਿਆ ਹੈ। ਫਿਲਹਾਲ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਕਾਨੂੰਨ ਅਨੁਸਾਰ ਜੋ ਵੀ ਕਾਰਵਾਈ ਬਣੇਗੀ ਉਹ ਕੀਤੀ ਜਾਵੇਗੀ।