Bathinda News : ਜ਼ਮੀਨੀ ਝਗੜੇ ਨੂੰ ਲੈ ਕੇ ਭਰਾ ਨੇ ਭਰਾ ਦਾ ਕੀਤਾ ਕਤਲ, 2 ਕਨਾਲਾਂ ਨੂੰ ਲੈ ਕੇ ਮਾਰਿਆ ਅਜਾਇਬ ਸਿੰਘ
Murder in Bathinda : ਮ੍ਰਿਤਕ ਅਜਾਇਬ ਸਿੰਘ ਦੀ ਪਤਨੀ ਨੇ ਦੱਸਿਆ ਕਿ ਜ਼ਖ਼ਮੀ ਹਾਲਤ ਵਿੱਚ ਜਦੋਂ ਉਸ ਦੇ ਪਤੀ ਨੂੰ ਹਸਪਤਾਲ ਵਿੱਚ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ।
Murder in Bathinda : ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਸ਼ੇਖਪੁਰਾ ਵਿਖੇ ਜ਼ਮੀਨ ਦੇ ਝਗੜੇ ਦੇ ਚਲਦਿਆਂ ਸਕੇ ਭਰਾ ਵੱਲੋਂ ਆਪਣੇ ਹੀ ਸਕੇ ਭਰਾ ਨੂੰ ਮੌਤ ਦੀ ਘਾਟ ਉਤਾਰ ਦਿੱਤਾ ਗਿਆ। ਮ੍ਰਿਤਕ ਦੀ ਲਾਸ਼ ਨੂੰ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਲਈ ਰੱਖਿਆ ਗਿਆ ਹੈ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਪੁਲਿਸ ਤੋਂ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਜਾਣਕਾਰੀ ਅਨੁਸਾਰ ਘਟਨਾ ਪਿੰਡ ਸ਼ੇਖੂਪੁਰਾ ਦੀ ਹੈ, ਜਿਥੇ ਅਜਾਇਬ ਸਿੰਘ ਦਾ ਆਪਣੇ ਹੀ ਭਰਾ ਨਾਲ ਦੋ ਕਨਾਲਾਂ ਜਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਪਹਿਲਾਂ ਵੀ ਅਜਾਇਬ ਸਿੰਘ 'ਤੇ ਹਮਲਾ ਹੋਣ ਕਾਰਨ ਇਸਦੇ ਭਰਾ ਤੇ ਕੁਝ ਹੋਰ ਲੋਕਾਂ 'ਤੇ ਮਾਮਲਾ ਦਰਜ ਹੋਇਆ ਸੀ ਪਰ ਬੀਤੇ ਦਿਨ ਜਦੋਂ ਅਜਾਇਬ ਸਿੰਘ ਆਪਣੇ ਪਰਿਵਾਰ ਅਤੇ ਮਜ਼ਦੂਰ ਨਾਲ ਝੋਨਾ ਲਗਾ ਰਿਹਾ ਸੀ ਤਾਂ ਕਥਿਤ ਆਰੋਪੀਆਂ ਉਸਦੇ ਭਰਾ ਅਤੇ ਕੁਝ ਹੋਰ ਲੋਕਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ, ਜਿਸ ਕਰਕੇ ਮਜ਼ਦੂਰ ਅਤੇ ਪਰਿਵਾਰਿਕ ਮੈਂਬਰ ਨੇ ਭੱਜ ਕੇ ਜਾਨ ਬਚਾਈ। ਇਸ ਦੌਰਾਨ ਕਥਿਤ ਆਰੋਪੀਆਂ ਨੇ ਅਜਾਇਬ ਸਿੰਘ ਫੜ ਲਿਆ ਅਤੇ ਬੁਰੀ ਤਰ੍ਹਾਂ ਕੁੱਟਿਆ। ਮੁਲਜ਼ਮ ਉਸ ਨੂੰ ਚੁੱਕ ਕੇ ਪਹਿਲਾਂ ਆਪਣੇ ਨਾਲ ਲੈ ਗਏ ਅਤੇ ਫਿਰ ਉਸ ਦੀ ਕੁੱਟਮਾਰ ਕਰਕੇ ਸੁੱਟ ਗਏ।
ਮ੍ਰਿਤਕ ਅਜਾਇਬ ਸਿੰਘ ਦੀ ਪਤਨੀ ਨੇ ਦੱਸਿਆ ਕਿ ਜ਼ਖ਼ਮੀ ਹਾਲਤ ਵਿੱਚ ਜਦੋਂ ਉਸ ਦੇ ਪਤੀ ਨੂੰ ਹਸਪਤਾਲ ਵਿੱਚ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪੁਲਿਸ ਨੇ ਕਈ ਵਾਰ ਦਰਖਾਸਤਾਂ ਦੇਣ ਦੇ ਬਾਵਜੂਦ ਕਾਰਵਾਈ ਨਹੀਂ ਕੀਤੀ, ਜਿਸ ਕਰਕੇ ਇਹ ਕਤਲ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਉਨ੍ਹਾਂ ਦੇ ਪਰਿਵਾਰ ਤੇ ਹਮਲਾ ਕਰ ਦਿੱਤਾ ਗਿਆ ਸੀ। ਬੇਸ਼ਕ ਉਸ ਵਿੱਚ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਸੀ ਪਰ ਸਖਤ ਕਾਰਵਾਈ ਨਹੀਂ ਕੀਤੀ ਗਈ ਹੁਣ ਮ੍ਰਿਤਕ ਦੀ ਪਤਨੀ ਅਤੇ ਪਰਿਵਾਰਿਕ ਮੈਂਬਰਾਂ ਨੇ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਉਧਰ, ਦੂਜੇ ਪਾਸੇ ਤਲਵੰਡੀ ਸਾਬੋ ਪੁਲਿਸ ਦੇ ਡੀਐਸਪੀ ਰਜੇਸ਼ ਸਨੇਹੀ ਨੇ ਕਿਹਾ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਮ੍ਰਿਤਕ ਦਾ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕਰਾਉਣ ਤੋਂ ਬਾਅਦ ਲਾਸਟ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਉਨ੍ਹਾ ਕਿਹਾ ਕਿ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ 'ਤੇ ਮ੍ਰਿਤਕ ਦੇ ਭਰਾ ਸਮੇਤ ਕਈ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।