Punjab Teachers Get Award : ਪੰਜਾਬ ਦੇ ਦੋ ਅਧਿਆਪਕਾਂ ਨੂੰ ਨੈਸ਼ਨਲ ਐਵਾਰਡ ਨਾਲ ਕੀਤਾ ਜਾਵੇਗਾ ਸਨਮਾਨਤ, ਜਾਣੋ ਇਨ੍ਹਾਂ ਦੇ ਸੰਘਰਸ਼ ਦੀ ਕਹਾਣੀ
ਮਿਲੀ ਜਾਣਕਾਰੀ ਮੁਤਾਬਿਕ ਪੰਕਜ ਗੋਇਲ ਨੂੰ ਗਰੀਬ ਬੱਚਿਆਂ ਦੀ ਸਿੱਖਿਆ ’ਤੇ ਫੋਕਸ ਕਰਨ ਅਤੇ ਰਾਜਿੰਦਰ ਸਿੰਘ ਨੂੰ 4 ਸਕੂਲਾਂ ਦੀ ਨੁਹਾਰ ਬਦਲਣ ਦੇ ਚੱਲਦਿਆਂ ਚੁਣਿਆ ਗਿਆ ਹੈ।
Punjab Teachers Get Award : ਭਾਰਤ ਸਰਕਾਰ ਵੱਲੋਂ ਪੰਜਾਬ ਦੇ ਦੋ ਅਧਿਆਪਕਾਂ ਨੂੰ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਦੱਸ ਦਈਏ ਕਿ 5 ਸਤੰਬਰ ਅਧਿਆਪਕ ਦਿਵਸ ਮੌਕੇ ਦੋਵੇਂ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਜੋ ਕਿ ਪੰਜਾਬ ਦੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ।
ਮਿਲੀ ਜਾਣਕਾਰੀ ਮੁਤਾਬਿਕ ਪੰਕਜ ਗੋਇਲ ਨੂੰ ਗਰੀਬ ਬੱਚਿਆਂ ਦੀ ਸਿੱਖਿਆ ’ਤੇ ਫੋਕਸ ਕਰਨ ਅਤੇ ਰਾਜਿੰਦਰ ਸਿੰਘ ਨੂੰ 4 ਸਕੂਲਾਂ ਦੀ ਨੁਹਾਰ ਬਦਲਣ ਦੇ ਚੱਲਦਿਆਂ ਚੁਣਿਆ ਗਿਆ ਹੈ।
ਰਾਜਿੰਦਰ ਸਿੰਘ ਨੂੰ ਮਿਲੇਗਾ ਐਵਾਰਡ
ਨੈਸ਼ਨਲ ਟੀਚਰ ਐਵਾਰਡ ਲਈ ਪਿੰਡ ਕੋਠੇ ਇੰਦਰ ਸਿੰਘ ਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਈ.ਟੀ.ਟੀ ਅਧਿਆਪਕ ਰਾਜਿੰਦਰ ਸਿੰਘ ਨੂੰ ਸਕੂਲ ਵਿੱਚ ਕੀਤੇ ਸੁਧਾਰ ਦੇ ਕੰਮਾਂ ਲਈ ਇਨਾਮ ਦਿੱਤਾ ਜਾਵੇਗਾ। ਦੱਸ ਦਈਏ ਕਿ ਜਦੋਂ ਰਾਜਿੰਦਰ ਸਿੰਘ ਇਸ ਸਕੂਲ ਵਿੱਚ ਤਾਇਨਾਤ ਸਨ ਤਾਂ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਸਿਰਫ਼ 33 ਸੀ। ਪਿੰਡ ਦੇ ਲੋਕ ਆਪਣੇ ਬੱਚਿਆਂ ਨੂੰ ਸਕੂਲ ਵਿੱਚ ਦਾਖਲ ਨਹੀਂ ਕਰਵਾਉਣਾ ਚਾਹੁੰਦੇ ਸਨ। ਇੰਨਾ ਹੀ ਨਹੀਂ ਵਿਭਾਗ ਇਸ ਸਕੂਲ ਨੂੰ ਬੰਦ ਕਰਨ ਦੀ ਤਿਆਰੀ ਕਰ ਰਿਹਾ ਸੀ।
ਅਧਿਆਪਕ ਰਾਜਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਸਖ਼ਤ ਮਿਹਨਤ ਕਰਕੇ ਨਾ ਸਿਰਫ਼ ਸਕੂਲ ਵਿੱਚ ਬੱਚਿਆਂ ਦੀ ਗਿਣਤੀ ਵਿੱਚ ਵਾਧਾ ਕੀਤਾ ਸਗੋਂ ਸਕੂਲ ਦੀ ਪਾਸ ਫੀਸਦ ਵਿੱਚ ਵੀ ਸੁਧਾਰ ਕੀਤਾ ਹੈ। ਇਸੇ ਦਾ ਨਤੀਜਾ ਹੈ ਕਿ ਹੁਣ ਇਸ ਪ੍ਰਾਇਮਰੀ ਸਕੂਲ ਵਿੱਚ 16 ਪਿੰਡਾਂ ਦੇ 200 ਤੋਂ ਵੱਧ ਬੱਚੇ ਪੜ੍ਹਨ ਲਈ ਆਉਂਦੇ ਹਨ। ਸਕੂਲ ਵਿੱਚ ਚੰਗੇ ਨਤੀਜੇ ਲਿਆਉਣ ਅਤੇ ਬੱਚਿਆਂ ਦੀ ਹੌਸਲਾ ਅਫਜ਼ਾਈ ਲਈ ਉਨ੍ਹਾਂ ਸਕੂਲ ਵਿੱਚ ਪ੍ਰੇਰਨਾਦਾਇਕ ਸਲੋਗਨ ਵੀ ਲਗਾਏ ਹੋਏ ਹਨ।
ਅਧਿਆਪਕ ਪੰਕਜ ਨੇ 100 ਫੀਸਦੀ ਨਤੀਜਾ ਦਿੱਤਾ
ਇਸ ਦੇ ਨਾਲ ਹੀ ਬਰਨਾਲਾ ਦੇ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੇ ਸਮਾਜਿਕ ਵਿਗਿਆਨ ਦੇ ਅਧਿਆਪਕ ਪੰਕਜ ਗੋਇਲ ਦੀ ਇਸ ਪ੍ਰਾਪਤੀ ਨੂੰ ਜਾਣ ਕੇ ਹਰ ਕੋਈ ਹੈਰਾਨ ਹੈ। ਪੰਕਜ ਗੋਇਲ ਨੂੰ ਸਕੂਲੀ ਲੜਕੀਆਂ ਲਈ ਨੈਸ਼ਨਲ ਮੀਮ ਕਮ ਮੈਰਿਟ ਸਕਾਲਰਸ਼ਿਪ ਵਿੱਚ 100 ਨਤੀਜਿਆਂ ਲਈ ਰਾਸ਼ਟਰੀ ਅਧਿਆਪਕ ਪੁਰਸਕਾਰ ਦੇ ਸਨਮਾਨ ਲਈ ਚੁਣਿਆ ਗਿਆ ਹੈ। ਪੰਕਜ ਪਿਛਲੇ ਦੋ ਸਾਲਾਂ ਤੋਂ ਅੱਠਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਐਨ.ਐਮ.ਐਮ.ਐਸ. ਪ੍ਰੀਖਿਆਵਾਂ ਲਈ ਤਿਆਰ ਕਰ ਰਿਹਾ ਹੈ। ਸਿਰਫ਼ 8ਵੀਂ ਜਮਾਤ ਦੇ ਵਿਦਿਆਰਥੀ ਹੀ ਇਹ ਪ੍ਰੀਖਿਆ ਦੇ ਸਕਦੇ ਹਨ।
ਪਿਛਲੇ ਸਾਲ ਸਕੂਲ ਦੀਆਂ 18 ਵਿਦਿਆਰਥਣਾਂ ਨੇ ਐੱਨਐੱਮਐੱਮਐੱਸ ਦੀ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਵਿੱਚੋਂ 14 ਨੇ ਪਾਸ ਕੀਤੀ ਸੀ ਅਤੇ ਇੱਕ ਵਿਦਿਆਰਥਣ ਨੇ ਪੰਜਾਬ ਵਿੱਚ ਟਾਪ ਕੀਤਾ ਸੀ। ਇਸੇ ਤਰ੍ਹਾਂ ਇਸ ਸਾਲ 17 ਵਿਦਿਆਰਥਣਾਂ ਨੇ ਪ੍ਰੀਖਿਆ ਦਿੱਤੀ ਸੀ, ਜਿਸ ’ਚ ਸਾਰੀਆਂ 17 ਵਿਦਿਆਰਥਣਾਂ ਪਾਸ ਹੋਈਆਂ। ਇੰਨਾ ਹੀ ਨਹੀਂ ਇਸ ਸਕੂਲ ਦੇ ਵਿਦਿਆਰਥੀਆਂ ਨੇ ਰਾਜ ਪੱਧਰ 'ਤੇ ਵੀ ਪਹਿਲਾ, ਤੀਜਾ ਅਤੇ ਚੌਥਾ ਸਥਾਨ ਹਾਸਲ ਕੀਤਾ | ਦੱਸ ਦਈਏ ਕਿ ਇਸ ਪ੍ਰੀਖਿਆ ਨੂੰ ਪਾਸ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਹਰ ਸਾਲ 12 ਹਜ਼ਾਰ ਰੁਪਏ ਦੀ ਸਕਾਲਰਸ਼ਿਪ ਮਿਲਦੀ ਹੈ।
ਇਹ ਵੀ ਪੜ੍ਹੋ : Drone Movement In Amritsar : ਹੁਣ ਅੰਮ੍ਰਿਤਸਰ ਹਵਾਈ ਅੱਡੇ 'ਤੇ ਡਰੋਨ ਦੀ ਦੇਖੀ ਗਈ ਹਲਚਲ, ਪੌਣੇ 3 ਘੰਟੇ ਰੁਕੀਆਂ ਰਹੀਆਂ ਉਡਾਣਾਂ