ਬਠਿੰਡਾ ਬਲੱਡ ਬੈਂਕ ਦੀ ਲਾਪਰਵਾਹੀ ਮਾਮਲਾ: HIV ਪੀੜਤ ਬੱਚੀ ਤੇ ਪਿਤਾ ਨੂੰ ਵੀ ਮਿਲੇਗਾ 4-4 ਲੱਖ ਰੁਪਏ ਮੁਆਵਜ਼ਾ

HIV Blood Civil Hospital Bathinda case: ਕਮਿਸ਼ਨ ਨੇ ਪੀੜਤ ਮਹਿਲਾ ਦੀ ਡੇਢ ਸਾਲ ਦੀ ਬੱਚੀ ਅਤੇ ਪਿਤਾ ਨੂੰ ਵੀ 4-4 ਲੱਖ ਰੁਪਏ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ ਹਨ। ਕਮਿਸ਼ਨ ਨੇ ਇਹ ਫੈਸਲਾ 2 ਮਈ 2024 ਨੂੰ ਦਿੱਤਾ ਹੈ।

By  KRISHAN KUMAR SHARMA May 5th 2024 05:34 PM

Civil Hospital Bathinda HIV Blood case: ਬਠਿੰਡਾ ਸਿਵਲ ਹਸਪਤਾਲ 'ਚ ਮਹਿਲਾ ਨੂੰ ਐਚਆਈਵੀ ਪੌਜ਼ੀਟਿਵ ਖੂਨ ਚੜ੍ਹਾਉਣ ਦੇ ਮਾਮਲੇ 'ਚ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੱਡੀ ਕਾਰਵਾਈ ਕੀਤੀ ਹੈ। ਕਮਿਸ਼ਨ ਨੇ ਪੀੜਤ ਮਹਿਲਾ ਦੀ ਡੇਢ ਸਾਲ ਦੀ ਬੱਚੀ ਅਤੇ ਪਿਤਾ ਨੂੰ ਵੀ 4-4 ਲੱਖ ਰੁਪਏ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ ਹਨ। ਕਮਿਸ਼ਨ ਨੇ ਇਹ ਫੈਸਲਾ 2 ਮਈ 2024 ਨੂੰ ਦਿੱਤਾ ਹੈ।

ਦੱਸ ਦਈਏ ਕਿ ਸਿਵਲ ਹਸਪਤਾਲ ਬਠਿੰਡਾ ਦੇ ਬਲੱਡ ਬੈਂਕ ਨੇ ਮਈ 2020 ਵਿੱਚ ਹਸਪਤਾਲ ਵਿੱਚ ਦਾਖਲ ਇੱਕ ਖੂਨ ਦੀ ਕਮੀ ਵਾਲੀ ਔਰਤ ਨੂੰ ਐੱਚਆਈਵੀ ਪਾਜ਼ੇਟਿਵ ਖੂਨ ਚੜ੍ਹਾ ਦਿੱਤਾ ਸੀ। ਔਰਤ ਨੂੰ ਬਿਮਾਰੀ ਲੱਗ ਗਈ, ਜਿਸ ਕਾਰਨ ਉਸ ਦਾ ਪਤੀ ਅਤੇ ਡੇਢ ਸਾਲ ਦੀ ਦੁੱਧ ਚੁੰਘਦੀ ਬੱਚੀ ਵੀ ਇਸ ਬਿਮਾਰੀ ਦੀ ਲਪੇਟ ਵਿੱਚ ਆ ਗਏ ਹਨ।

ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕਮਿਸ਼ਨ ਨੇ 2 ਮਈ 2024 ਨੂੰ ਪੱਤਰ ਜਾਰੀ ਕਰਕੇ ਸਰਕਾਰੀ ਬਲੱਡ ਬੈਂਕ ਨੂੰ ਪੀੜਤ ਲੜਕੀ ਅਤੇ ਉਸ ਦੇ ਪਿਤਾ ਨੂੰ 4-4 ਲੱਖ ਰੁਪਏ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ ਹਨ। ਮਾਮਲੇ ਵਿੱਚ ਪਹਿਲਾਂ ਕਮਿਸ਼ਨ ਨੇ ਥੈਲੇਸੀਮੀਆ ਤੋਂ ਪੀੜਤ ਮਾਂ-ਪੁੱਤ ਨੂੰ 4-4 ਲੱਖ ਰੁਪਏ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਸੀ, ਜੋ ਪੰਜਾਬ ਸਰਕਾਰ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ। ਕਮਿਸ਼ਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਮੁਆਵਜ਼ੇ ਦੀ ਰਾਸ਼ੀ ਮਿੱਥੇ ਸਮੇਂ ਅੰਦਰ ਲੜਕੀ ਅਤੇ ਪਿਤਾ ਨੂੰ ਨਾ ਦਿੱਤੀ ਗਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਸਰਕਾਰੀ ਬਲੱਡ ਬੈਂਕ ਬਠਿੰਡਾ ਦੇ ਮੁਲਾਜ਼ਮਾਂ ਦੀ ਅਣਗਹਿਲੀ ਕਾਰਨ ਇਨਫੈਕਟਿਡ ਖੂਨ ਨਿਕਲਿਆ ਸੀ। ਇਸ ਗੱਲ ਦਾ ਖੁਲਾਸਾ ਉਦੋਂ ਹੋਇਆ ਜਦੋਂ 27 ਅਗਸਤ 2021 ਨੂੰ ਔਰਤ ਅਤੇ ਉਸਦੇ ਪਰਿਵਾਰ ਦਾ ਟੈਸਟ ਕੀਤਾ ਗਿਆ। ਐੱਚਆਈਵੀ ਖੂਨ ਜਾਰੀ ਕਰਨ ਵਿੱਚ ਲਾਪਰਵਾਹੀ ਵਰਤਣ ਲਈ ਬਲੱਡ ਬੈਂਕ ਦੇ ਕਰਮਚਾਰੀਆਂ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਸੀ। ਇਸ ਮਾਮਲੇ ਵਿੱਚ ਅਜੇ ਵੀ ਕੇਸ ਚੱਲ ਰਿਹਾ ਹੈ।

Related Post