ਬਠਿੰਡਾ ਦੇ ਹਵਾਈ ਅੱਡੇ ਨੂੰ ਕੌਮਾਂਤਰੀ ਹਵਾਈ ਅੱਡਾ ਬਣਾਇਆ ਜਾਵੇ: MP ਹਰਸਿਮਰਤ ਕੌਰ ਬਾਦਲ ਨੇ ਸ਼ਹਿਰੀ ਹਵਾਬਾਜ਼ੀ ਮੰਤਰੀ ਨੂੰ ਕੀਤੀ ਅਪੀਲ

MP Harsimrat Kaur Badal : ਬਠਿੰਡਾ ਤੋਂ ਐਮ.ਪੀ. ਨੇ ਦਿੱਲੀ-ਬਠਿੰਡਾ ਅਲਾਇੰਸ ਏਅਰ ਫਲਾਈਟ ਬੋਇੰਡ ਜਹਾਜ਼ ਦੀ ਵਰਤੋਂ ਕਰਦਿਆਂ ਰੋਜ਼ਾਨਾ ਕਰਨ ਦੀ ਮੰਗ ਕੀਤੀ ਤੇ ਨਾਲ ਹੀ ਉਡਾਣ ਸਕੀਮ ਤਹਿਤ ਖੇਤਰੀ ਕਨੈਕਟੀਵਿਟੀ ਨੂੰ ਉਤਸ਼ਾਹਿਤ ਕਰਨ ਦੀ ਵੀ ਮੰਗ ਕੀਤੀ।

By  KRISHAN KUMAR SHARMA August 6th 2024 02:05 PM -- Updated: August 6th 2024 02:23 PM

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬਠਿੰਡਾ ਦੇ ਐਮ.ਪੀ. ਹਰਸਿਮਰਤ ਕੌਰ ਬਾਦਲ (Harsimrat Kaur Badal) ਨੇ ਮੰਗਲਵਾਰ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮਮੋਹਨ ਨਾਇਡੂ ਨੂੰ ਅਪੀਲ ਕੀਤੀ ਕਿ ਬਠਿੰਡਾ ਹਵਾਈ ਅੱਡੇ ਨੂੰ ਕੌਮਾਂਤਰੀ ਹਵਾਈ ਅੱਡੇ ਵਿਚ ਬਦਲਿਆ ਜਾਵੇ ਅਤੇ ਬਠਿੰਡਾ ਤੋਂ ਕੈਨੇਡਾ ਲਈ ਕੌਮਾਂਤਰੀ ਫਲਾਈਟਾਂ ਸ਼ੁਰੂ ਕੀਤੀਆਂ ਜਾਣ ਤਾਂ ਜੋ ਇਥੋਂ ਜਾਣ ਵਾਲੇ ਕੌਮਾਂਤਰੀ ਵਿਦਿਆਰਥੀ ਅਤੇ ਦੋਵਾਂ ਥਾਵਾਂ ਵਿਚਾਲੇ ਸਫਰ ਕਰਨ ਵਾਲੇ ਪਰਿਵਾਰਾਂ ਨੂੰ ਇਸਦਾ ਲਾਹਾ ਮਿਲ ਸਕੇ।

ਬਠਿੰਡਾ ਤੋਂ ਐਮ.ਪੀ. ਨੇ ਦਿੱਲੀ-ਬਠਿੰਡਾ ਅਲਾਇੰਸ ਏਅਰ ਫਲਾਈਟ ਬੋਇੰਡ ਜਹਾਜ਼ ਦੀ ਵਰਤੋਂ ਕਰਦਿਆਂ ਰੋਜ਼ਾਨਾ ਕਰਨ ਦੀ ਮੰਗ ਕੀਤੀ ਤੇ ਨਾਲ ਹੀ ਉਡਾਣ ਸਕੀਮ ਤਹਿਤ ਖੇਤਰੀ ਕਨੈਕਟੀਵਿਟੀ ਨੂੰ ਉਤਸ਼ਾਹਿਤ ਕਰਨ ਦੀ ਵੀ ਮੰਗ ਕੀਤੀ। ਉਨ੍ਹਾਂ ਨੇ ਸਿੱਖਾਂ ਦੇ ਦੋ ਪਵਿੱਤਰ ਤਖਤਾਂ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਅਤੇ ਤਖਤ ਸ੍ਰੀ ਪਟਨਾ ਸਾਹਿਬ ਵਿਚਾਲੇ ਫਲਾਈਟਾਂ ਦੀ ਵੀ ਮੰਗ ਕੀਤੀ।

ਵੇਰਵੇ ਸਾਂਝੇ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਬਠਿੰਡਾ ਅਜਿਹੀ ਥਾਂ ਹੈ ਜੋ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਅੱਠ ਜ਼ਿਲ੍ਹਿਆਂ ਦੇ ਨਾਲ ਲੱਗਦਾ ਹੈ ਜਿਸਦੇ ਇਕ ਪਾਸੇ ਹਰਿਆਣਾ ਵਿਚ ਸਿਰਸਾ ਤੋਂ ਲੈ ਕੇ ਰਾਜਸਥਾਨ ਵਿਚ ਸ੍ਰੀ ਗੰਗਾਨਗਰ ਪੈਂਦਾ ਹੈ ਜਦੋਂ ਕਿ ਪੰਜਾਬ ਦੇ ਸੰਗਰੂਰ, ਮਾਨਸਾ, ਫਿਰੋਜ਼ਪੁਰ ਤੇ ਫਰੀਦਕੋਟ ਜ਼ਿਲ੍ਹੇ ਵੀ ਇਸਦੇ ਨਾਲ ਲੱਗਵੇਂ ਹਨ। ਉਨ੍ਹਾਂ ਨੇ ਕਿਹਾ ਕਿ ਬਠਿੰਡਾ ਦੀ ਅਹਿਮੀਅਤ ਇਸਦੀ ਭੂਗੌਲਿਕ ਸਥਿਤੀ ਨਾਲੋਂ ਕਿਤੇ ਜ਼ਿਆਦਾ ਹੈ ਕਿਉਂਕਿ ਇਸੇ ਦੁਆਲੇ ਏਸ਼ੀਆ ਦੀ ਸਭ ਤੋਂ ਵੱਡੀ ਫੌਜੀ ਛਾਉਣੀ, ਹਵਾਈ ਫੌਜ ਸਟੇਸ਼ਨ, ਇਕ ਕੇਂਦਰੀ ਸਟੇਸ਼ਨ, ਇਕ ਵੱਡੀ ਤੇਲ ਰਿਫਾਇਨਰੀ, ਤਿੰਨ ਥਰਮਲ ਪਲਾਂਟ ਤੇ ਸਿੱਖਾਂ ਦਾ ਇਕ ਤਖਤ-ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵੀ ਸਥਿਤ ਹੈ।


ਉਨ੍ਹਾਂ ਨੇ ਕਿਹਾ ਕਿ ਇਸਦੇ ਆਲੇ-ਦੁਆਲੇ 300 ਕਿਲੋਮੀਟਰ ਤੱਕ ਕੋਈ ਹਵਾਈ ਅੱਡਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸ਼ਹਿਰ ਦੇ ਹਵਾਈ ਅੱਡੇ ਨੂੰ ਕੌਮਾਂਤਰੀ ਹਵਾਈ ਅੱਡੇ ਵਿਚ ਤਬਦੀਲ ਕਰਨ ਦਾ ਢੁਕਵਾਂ ਕੇਸ ਬਣਦਾ ਹੈ। ਉਨ੍ਹਾਂ ਨੇ ਕਿਹਾ ਕਿ ਅੱਠ ਜ਼ਿਲ੍ਹਿਆਂ ਦੇ ਵੱਡੀ ਗਿਣਤੀ ਵਿਚ ਵਿਦਿਆਰਥੀ ਕੈਨੇਡਾ ਪੜ੍ਹਦੇ ਹਨ, ਇਸ ਲਈ ਕੈਨੇਡਾ ਲਈ ਬਠਿੰਡਾ ਤੋਂ ਸਿੱਧੀਆਂ ਫਲਾਈਟਾਂ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਐਨ.ਆਰ.ਆਈ. ਪਰਿਵਾਰਾਂ ਦੇ ਨਾਲ-ਨਾਲ ਦੋਵਾਂ ਥਾਵਾਂ ਵਿਚਾਲੇ ਸਫਰ ਕਰਨ ਵਾਲੇ ਪਰਿਵਾਰਾਂ ਨੂੰ ਵੀ ਚੋਖੀ ਮਦਦ ਮਿਲੇਗੀ। ਇਸ ਵੇਲੇ ਇਨ੍ਹਾਂ ਪਰਿਵਾਰਾਂ ਨੂੰ ਪੰਜਾਬ, ਹਰਿਆਣਾ ਤੇ ਰਾਜਸਥਾਨ ਤੋਂ ਦਿੱਲੀ ਜਾਣਾ ਪੈਂਦਾ ਹੈ ਤੇ ਉਧਰੋਂ ਆਉਣ ਵਾਲਿਆਂ ਨੂੰ ਸੜਕ ਮਾਰਗ ਰਾਹੀਂ ਆਉਣਾ ਪੈਂਦਾ ਹੈ।

ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਇਸੇ ਤਰੀਕੇ ਦਿੱਲੀ-ਬਠਿੰਡਾ ਅਲਾਇੰਸ ਏਅਰ ਫਲਾਈਟ ਸ਼ੁਰੂ ਕਰਨ ਨਾਲ ਖਿੱਤੇ ਦਾ ਆਰਥਿਕ ਤੇ ਸਮਾਜਿਕ ਵਿਕਾਸ ਹੋ ਸਕੇਗਾ। ਉਨ੍ਹਾਂ ਨੇ ਕਿਹਾ ਕਿ ਦਿੱਲੀ-ਬਠਿੰਡਾ-ਦਿੱਲੀ ਫਲਾਈਟ 2016 ਵਿਚ ਸ਼ੁਰੂ ਕੀਤੀ ਗਈ ਸੀ, ਜੋ ਹਫਤੇ ਵਿਚ ਪੰਜ ਵਾਰ ਚੱਲਦੀ ਸੀ ਤੇ ਇਸ ਵਿਚ 80 ਫੀਸਦੀ ਸੀਟਾਂ ਭਰ ਜਾਂਦੀਆਂ ਸਨ, ਪਰ ਕੋਰੋਨਾ ਕਾਲ ਵਿਚ ਇਹ ਫਲਾਈਟ ਬੰਦ ਕਰ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਸਤੰਬਰ 2023 ਤੋਂ ਬਠਿੰਡਾ-ਹਿੰਡਨ-ਬਠਿੰਡਾ ਫਲਾਈਟ ਏ.ਟੀ.ਆਰ. ਜਹਾਜ਼ ਦੀ ਵਰਤੋਂ ਕਰਦਿਆਂ ਸ਼ੁਰੂ ਕੀਤੀ ਗਈ ਹੈ ਪਰ ਇਸਦੀ ਥਾਂ ਦਿੱਲੀ-ਬਠਿੰਡਾ ਅਲਾਇੰਸ ਫਲਾਈਟ ਸ਼ੁਰੂ ਹੋਣੀ ਚਾਹੀਦੀ ਹੈ।

ਉਨ੍ਹਾਂ ਨੇ ਕਿਹਾ ਕਿ ਸਿੱਖ ਕੌਮ ਦੇ ਦੋ ਤਖ਼ਤਾਂ ਤਖਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਅਤੇ ਤਖਤ ਸ੍ਰੀ ਪਟਨਾ ਸਾਹਿਬ ਨੂੰ ਜੋੜਦਿਆਂ ਫਲਾਈਟ ਸ਼ੁਰੂ ਕਰਨ ਨਾਲ ਸਿੱਖ ਸ਼ਰਧਾਲੂਆਂ ਨੂੰ ਵੱਡੀ ਸਹੂਲਤ ਮਿਲ ਸਕੇਗੀ ਅਤੇ ਉਨ੍ਹਾਂ ਨੇ ਸਿੱਖ ਕੌਮ ਦੇ ਲੰਬੇ ਸਮੇਂ ਤੋਂ ਲੰਬਿਤ ਇਹ ਮੰਗ ਪੂਰੀ ਕਰਨ ਦੀ ਅਪੀਲ ਵੀ ਕੀਤੀ।

Related Post