Batala Encounter : ਪਾਕਿ ਸਮਰਥਕ ਅੱਤਵਾਦੀ ਮਾਡਿਊਲ ਦੇ ਮਾਸਟਰਮਾਈਂਡ ਸਮੇਤ 5 ਮੈਂਬਰ ਗ੍ਰਿਫਤਾਰ, ਪੁਲਿਸ 'ਤੇ ਹਮਲਾ ਕਰਕੇ ਭੱਜਦੇ ਦੋ ਗੈਂਗਸਟਰ ਜ਼ਖ਼ਮੀ

Batala Encounter : ਡੀਜੀਪੀ ਪੰਜਾਬ ਗੌਰਵ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਟਾਲਾ ਅਤੇ ਗੁਰਦਾਸਪੁਰ ਦੇ ਦੋ ਪੁਲਿਸ ਅਦਾਰਿਆਂ 'ਤੇ ਹੈਂਡ ਗ੍ਰਨੇਡ ਸੁੱਟਣ ਦਾ ਮਾਸਟਰਮਾਈਂਡ ਅਭਿਜੋਤ ਸਿੰਘ ਵੀ ਇਨ੍ਹਾਂ ਵਿੱਚ ਸ਼ਾਮਲ ਹੈ।

By  KRISHAN KUMAR SHARMA December 29th 2024 06:43 PM -- Updated: December 29th 2024 08:20 PM

Batala Encounter : ਪੰਜਾਬ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਇੱਕ ਹੋਰ ਪਾਕਿਸਤਾਨੀ-ਆਈਐਸਆਈ ਸਮਰਥਿਤ ਦਹਿਸ਼ਤਗਰਦ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ, ਜੋ ਬੱਬਰ ਖ਼ਾਲਸਾ ਇੰਟਰਨੈਸ਼ਨਲ (BKI) ਰਾਹੀਂ ਸੰਚਾਲਿਤ ਕੀਤਾ ਜਾ ਰਿਹਾ ਸੀ, ਜਿਸ ਨੂੰ ਵਿਦੇਸ਼ੀ ਮੂਲ ਦੇ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸੀਆ ਅਤੇ ਸ਼ਮਸ਼ੇਰ ਉਰਫ਼ ਹਨੀ ਸਮੇਤ ਇਸ ਦੇ ਪੰਜ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਡੀਜੀਪੀ ਪੰਜਾਬ ਗੌਰਵ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਟਾਲਾ ਅਤੇ ਗੁਰਦਾਸਪੁਰ ਦੇ ਦੋ ਪੁਲਿਸ ਅਦਾਰਿਆਂ 'ਤੇ ਹੈਂਡ ਗ੍ਰਨੇਡ ਸੁੱਟਣ ਦਾ ਮਾਸਟਰਮਾਈਂਡ ਅਭਿਜੋਤ ਸਿੰਘ ਵੀ ਇਨ੍ਹਾਂ ਵਿੱਚ ਸ਼ਾਮਲ ਹੈ।

ਡੀਜੀਪੀ ਨੇ ਦਾਅਵਾ ਕਰਦਿਆਂ ਕਿਹਾ, “ਇਸ ਮੋਡਿਊਲ ਦਾ ਸਫਲਤਾਪੂਰਵਕ ਪਰਦਾਫਾਸ਼ ਕਰਕੇ, ਪੰਜਾਬ ਪੁਲਿਸ ਨੇ ਰਾਜ ਵਿੱਚ ਪੁਲਿਸ ਅਦਾਰਿਆਂ 'ਤੇ ਹਮਲਿਆਂ ਦੀਆਂ ਸਾਰੀਆਂ ਘਟਨਾਵਾਂ ਨੂੰ ਹੱਲ ਕਰ ਲਿਆ ਹੈ।'' ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਚਾਰ ਹੋਰ ਵਿਅਕਤੀਆਂ ਦੀ ਪਛਾਣ ਕੁਲਜੀਤ ਸਿੰਘ, ਰੋਹਿਤ ਉਰਫ ਘੇਸੀ, ਸ਼ੁਭਮ ਅਤੇ ਗੁਰਜਿੰਦਰ ਸਿੰਘ ਉਰਫ ਰਾਜਾ ਸਾਰੇ ਵਾਸੀ ਕਿਲਾ ਲਾਲ ਸਿੰਘ ਬਟਾਲਾ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਇਨ੍ਹਾਂ ਦੇ ਕਬਜ਼ੇ 'ਚੋਂ ਦੋ ਪਿਸਤੌਲਾਂ ਸਮੇਤ ਇੱਕ 9 ਐਮਐਮ ਗਲਾਕ ਪਿਸਤੌਲ ਅਤੇ ਇੱਕ .32 ਬੋਰ ਦਾ ਪਿਸਤੌਲ ਵੀ ਬਰਾਮਦ ਕੀਤਾ ਹੈ।

ਦੱਸ ਦਈਏ ਕਿ ਬਟਾਲਾ ਦੇ ਘਣੀਏ ਕੇ ਬਾਂਗਰ ਪੁਲਿਸ ਸਟੇਸ਼ਨ 'ਤੇ 12 ਦਸੰਬਰ ਨੂੰ ਰਾਤ 10.20 ਵਜੇ ਦੇ ਕਰੀਬ ਕੁਝ ਵਿਅਕਤੀਆਂ ਵੱਲੋਂ ਹੈਂਡ ਗ੍ਰਨੇਡ ਸੁੱਟੇ ਜਾਣ ਤੋਂ ਬਾਅਦ, 20 ਦਸੰਬਰ ਨੂੰ ਰਾਤ 9.30 ਵਜੇ ਦੇ ਕਰੀਬ ਗੁਰਦਾਸਪੁਰ ਦੀ ਵਡਾਲਾ ਬਾਂਗਰ ਪੁਲਿਸ ਚੌਕੀ 'ਤੇ ਹਮਲਾ ਕਰਨ ਤੋਂ ਬਾਅਦ ਇਹ ਘਟਨਾਕ੍ਰਮ ਸਾਹਮਣੇ ਆਇਆ ਹੈ।

ਘਟਨਾਵਾਂ ਤੋਂ ਬਾਅਦ ਅੱਤਵਾਦੀ ਸੰਗਠਨ BKI ਨੇ ਸੋਸ਼ਲ ਮੀਡੀਆ ਪਲੇਟਫਾਰਮ ਦੀ ਵਰਤੋਂ ਕਰਕੇ ਵੱਖ-ਵੱਖ ਸੋਸ਼ਲ ਮੀਡੀਆ ਪੋਸਟਾਂ ਦੀ ਵਰਤੋਂ ਕਰਕੇ ਇਹਨਾਂ ਅੱਤਵਾਦੀ ਕਾਰਵਾਈਆਂ ਦੀ ਜ਼ਿੰਮੇਵਾਰੀ ਲਈ ਸੀ।

ਰਿਕਵਰੀ ਦੌਰਾਨ 2 ਗੈਂਗਸਟਰਾਂ ਨੇ ਪੁਲਿਸ 'ਤੇ ਕੀਤਾ ਹਮਲਾ

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮ ਅਭੀਜੋਤ ਸਿੰਘ ਅਤੇ ਕੁਲਜੀਤ ਸਿੰਘ ਨੂੰ ਗੋਲੀਆਂ ਲੱਗੀਆਂ ਹਨ, ਜਦੋਂ ਦੋਵਾਂ ਨੂੰ ਰਿਕਵਰੀ ਲਈ ਲਿਜਾਇਆ ਗਿਆ ਅਤੇ ਉਨ੍ਹਾਂ ਨੇ ਹਿਰਾਸਤ ਤੋਂ ਬਚਣ ਲਈ ਪੁਲਿਸ ਟੀਮ 'ਤੇ ਹਮਲਾ ਕਰ ਦਿੱਤਾ, ਜਿਸ ਦੇ ਜਵਾਬ ਵਿੱਚ ਪੁਲਿਸ ਨੇ ਸਵੈ-ਰੱਖਿਆ ਵਿੱਚ ਕਾਰਵਾਈ ਕੀਤੀ। ਉਨ੍ਹਾਂ ਦੱਸਿਆ ਕਿ ਦੋਵੇਂ ਮੁਲਜ਼ਮਾਂ ਨੂੰ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਅੱਗੇ ਅਤੇ ਪਿੱਛੇ ਸਬੰਧ ਸਥਾਪਤ ਕਰਨ ਅਤੇ ਪੂਰੇ ਦਹਿਸ਼ਤੀ ਮਾਡਿਊਲ ਦਾ ਪਰਦਾਫਾਸ਼ ਕਰਨ ਲਈ ਜਾਂਚ ਜਾਰੀ ਹੈ।

Related Post