ਬੈਂਕ ਮੁਲਾਜ਼ਮਾਂ ਵੱਲੋਂ ਸ਼ਨਿਚਰਵਾਰ ਨੂੰ ਹੜਤਾਲ ਦਾ ਐਲਾਨ, ਪ੍ਰਭਾਵਿਤ ਹੋਵੇਗਾ ਕੰਮ
ਨਵੀਂ ਦਿੱਲੀ : ਜੇ ਤੁਹਾਡਾ ਇਸ ਹਫ਼ਤੇ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਹੈ ਤਾਂ ਉਸ ਨੂੰ ਜਲਦੀ ਪੂਰਾ ਕਰ ਲਓ। ਅਸੀਂ ਇਹ ਇਸ ਲਈ ਕਹਿ ਰਹੇ ਹਾਂ ਕਿਉਂਕਿ ਸ਼ਨਿੱਚਵਾਰ ਨੂੰ ਬੈਂਕਾਂ ਦੀ ਦੇਸ਼ ਵਿਆਪੀ ਹੜਤਾਲ ਹੈ ਤੇ ਇਸ ਦੌਰਾਨ ਸਾਰੇ ਬੈਂਕਾਂ ਵਿੱਚ ਕੰਮਕਾਜ ਪੂਰੀ ਤਰ੍ਹਾਂ ਠੱਪ ਹੋ ਜਾਵੇਗਾ।
ਜਨਤਕ ਖੇਤਰ ਦੇ ਬੈਂਕਾਂ (ਪੀਐੱਸਬੀ) ਦਾ ਕੰਮ ਸ਼ਨਿਚਰਵਾਰ ਨੂੰ ਪ੍ਰਭਾਵਿਤ ਹੋ ਸਕਦਾ ਹੈ ਕਿਉਂਕਿ ਬੈਂਕ ਯੂਨੀਅਨ ਏਆਈਬੀਈਏ ਨੇ ਨੌਕਰੀਆਂ ਦੀ ਲਗਾਤਾਰ ਆਊਟਸੋਰਸਿੰਗ ਦੇ ਵਿਰੋਧ ਵਿੱਚ ਹੜਤਾਲ ਦਾ ਸੱਦਾ ਦਿੱਤਾ ਹੈ। ਏਆਈਬੀਈਏ ਵੱਲੋਂ 19 ਨਵੰਬਰ ਨੂੰ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ ਤੇ ਤੀਜਾ ਸ਼ਨਿੱਚਰਵਾਰ ਹੋਣ ਕਾਰਨ ਬੈਂਕਾਂ ਵਿੱਚ ਛੁੱਟੀ ਨਹੀਂ ਹੈ। ਆਪਣੀਆਂ ਮੰਗਾਂ ਦੇ ਸਬੰਧ 'ਚ ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ (ਏ.ਆਈ.ਬੀ.ਈ.ਏ.) ਨੇ ਹੜਤਾਲ ਦਾ ਐਲਾਨ ਕੀਤਾ ਹੈ। ਹਾਲਾਂਕਿ ਅਧਿਕਾਰੀ ਹੜਤਾਲ ਦਾ ਹਿੱਸਾ ਨਹੀਂ ਹਨ ਪਰ ਨਕਦੀ ਜਮ੍ਹਾਂ ਤੇ ਕਢਵਾਉਣ, ਚੈੱਕਾਂ ਦੀ ਕਲੀਅਰਿੰਗ ਵਰਗੀਆਂ ਸੇਵਾਵਾਂ 'ਤੇ ਕੁਝ ਅਸਰ ਪੈ ਸਕਦਾ ਹੈ।
ਇਹ ਵੀ ਪੜ੍ਹੋ : ਜੀ-20 ਸਿਖਰ ਸੰਮੇਲਨ ਲਈ ਬੇਮਿਸਾਲ ਹੋਵੇਗਾ ਸੁੰਦਰੀਕਰਨ : ਡਿਪਟੀ ਕਮਿਸ਼ਨਰ
ਬੈਂਕ ਆਫ ਬੜੌਦਾ ਤੇ ਪੰਜਾਬ ਐਂਡ ਸਿੰਧ ਬੈਂਕ ਸਮੇਤ ਕਈ ਬੈਂਕਾਂ ਨੇ ਪਹਿਲਾਂ ਹੀ ਆਪਣੇ ਗਾਹਕਾਂ ਨੂੰ 19 ਨਵੰਬਰ ਦੀ ਹੜਤਾਲ ਦੇ ਲਾਗੂ ਹੋਣ 'ਤੇ ਸੇਵਾਵਾਂ 'ਤੇ ਹੋਣ ਵਾਲੇ ਸੰਭਾਵੀ ਪ੍ਰਭਾਵ ਬਾਰੇ ਸੂਚਿਤ ਕਰ ਦਿੱਤਾ ਹੈ। ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ ਨੇ ਬੁਲਾਰੇ ਨੇ ਦੱਸਿਆ ਕਿ ਬੈਂਕਾਂ ਦੇ ਨਿੱਜੀਕਰਨ ਵਿਰੁੱਧ ਤੇ ਬੈਂਕ ਮੁਲਾਜ਼ਮਾਂ ਦੀ ਸੁਰੱਖਿਆ ਲਈ ਆਪਣੀਆਂ ਮੰਗਾਂ ਦੇ ਸਬੰਧ 'ਚ ਹੜਤਾਲ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਦੋ ਦਿਨਾਂ 'ਚ ਆਪਣੇ ਬੈਂਕਾਂ ਨਾਲ ਜੁੜੇ ਕੰਮ ਨਿਪਟਾਉਣੇ ਵੀ ਜ਼ਰੂਰੀ ਹਨ ਕਿਉਂਕਿ ਸ਼ਨਿੱਚਰਵਾਰ ਤੋਂ ਬਾਅਦ ਐਤਵਾਰ ਨੂੰ ਬੈਂਕਾਂ 'ਚ ਹਫ਼ਤਾਵਾਰੀ ਛੁੱਟੀ ਹੋਵੇਗੀ। ਯਾਨੀ ਦੋ ਦਿਨ ਤੱਕ ਬੈਂਕ 'ਚ ਕੰਮਕਾਜ ਪ੍ਰਭਾਵਿਤ ਰਹੇਗਾ।