PAK vs BAN Match : ਪਾਕਿਸਤਾਨ ਨੂੰ ਉਸ ਦੇ ਘਰ 'ਚ ਹੀ ਮਿਲੀ ਨਮੋਸ਼ੀ ਭਰੀ ਹਾਰ, ਬੰਗਲਾਦੇਸ਼ ਨੇ 10 ਵਿਕਟਾਂ ਨਾਲ ਜਿੱਤਿਆ ਪਹਿਲਾ ਟੈਸਟ
Bangladesh Tour of Pakistan : ਪਹਿਲੇ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਬੰਗਲਾਦੇਸ਼ ਨੇ ਪਾਕਿਸਤਾਨ ਨੂੰ ਕਰਾਰੀ ਹਰ ਦੇ ਦਿੱਤੀ ਹੈ। ਬੰਗਲਾਦੇਸ਼ ਨੇ ਪਾਕਿਸਤਾਨ ਨੂੰ 10 ਵਿਕਟਾਂ ਨਾਲ ਹਰਾ ਦਿੱਤਾ ਹੈ।
Bangladesh Vs Pakistan Test Series : ਬੰਗਲਾਦੇਸ਼ ਨੇ ਪਾਕਿਸਤਾਨ ਨੂੰ ਪਹਿਲੇ ਟੈਸਟ 'ਚ ਮੂੰਹ ਦੀ ਮਾਰੀ ਹੈ। ਦਰਅਸਲ ਇਸ ਸਮੇਂ ਬੰਗਲਾਦੇਸ਼ ਕ੍ਰਿਕਟ ਟੀਮ ਪਾਕਿਸਤਾਨ ਦੇ ਦੌਰੇ 'ਤੇ ਹੈ ਤੇ ਉਹ ਦੋ ਮੈਚਾਂ ਦੀ ਟੈਸਟ ਸੀਰੀਜ਼ ਖੇਡ ਰਹੀ ਹੈ। ਪਹਿਲੇ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਬੰਗਲਾਦੇਸ਼ ਨੇ ਪਾਕਿਸਤਾਨ ਨੂੰ ਕਰਾਰੀ ਹਰ ਦੇ ਦਿੱਤੀ ਹੈ। ਬੰਗਲਾਦੇਸ਼ ਨੇ ਪਾਕਿਸਤਾਨ ਨੂੰ 10 ਵਿਕਟਾਂ ਨਾਲ ਹਰਾ ਦਿੱਤਾ ਹੈ।
ਅੱਜ ਮੈਚ ਦੇ ਪੰਜਵੇਂ ਅਤੇ ਆਖਰੀ ਦਿਨ ਜਦੋਂ ਪਾਕਿਸਤਾਨ ਬੱਲੇਬਾਜ਼ੀ ਲਈ ਆਇਆ ਤਾਂ 23 ਦੌੜਾਂ ਬਣਾ ਕੇ 1 ਵਿਕਟ ਗਵਾ ਚੁੱਕਾ ਸੀ ਅਤੇ ਅਜਿਹਾ ਲੱਗ ਰਿਹਾ ਸੀ ਕਿ ਪਾਕਿਸਤਾਨ ਤੇ ਬੰਗਲਾਦੇਸ਼ ਵਿਚਾਲੇ ਇਹ ਮੈਚ ਡਰਾਅ ਹੋ ਜਾਵੇਗਾ। ਪਰ ਬੰਗਲਾਦੇਸ਼ ਦੀ ਗੇਂਦਬਾਜ਼ੀ ਸ਼ਾਨਦਾਰ ਰਹੀ ਤੇ ਉਨ੍ਹਾਂ ਨੇ ਪਾਕਿਸਤਾਨ ਨੂੰ ਦੂਜੀ ਪਾਰੀ 'ਚ 146 ਦੌੜਾਂ 'ਤੇ ਸਮੇਤ ਦਿੱਤਾ। ਉਪਰੰਤ ਬੰਗਲਾਦੇਸ਼ ਨੂੰ ਪਹਿਲੀ ਪਾਰੀ ਦੀ ਲੀਡ 117 ਦੌੜਾਂ ਦਾ ਭਰਪੂਰ ਲਾਭ ਹੋਇਆ, ਜਿਸ ਸਦਕਾ ਉਸ ਨੂੰ ਬਹੁਤ ਹੀ ਸੌਖਾ ਟੀਚਾ 30 ਦੌੜਾ ਮਿਲਿਆ, ਜੋ ਕੋਈ ਵਿਕਟ ਗੁਆਏ ਹਾਸਲ ਕਰਕੇ ਮੈਚ ਜਿੱਤ ਗਿਆ।
ਜਾਣੋ ਪੂਰੇ ਮੈਚ ਦਾ ਹਾਲ
ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਾਕਿਸਤਾਨ ਨੂੰ ਪਹਿਲਾਂ ਬੱਲੇਬਾਜ਼ੀ ਲਈ ਬੁਲਾਇਆ, ਜਿਸ ਦੌਰਾਨ ਪਾਕਿਸਤਾਨ ਨੇ 448 ਦੌੜਾਂ ਬਣਾ ਕੇ ਪਾਰੀ ਦਾ ਐਲਾਨ ਕਰ ਦਿੱਤਾ। ਪਹਿਲੀ ਪਾਰੀ 'ਚ ਵਿਕਟਕੀਪਰ ਬੱਲੇਬਾਜ ਰਿਜ਼ਵਾਨ ਨੇ 171 ਦੌੜਾਂ ਦੀ ਨਾਬਾਦ ਪਾਰੀ ਖੇਡੀ ਤੇ ਸਾਊਦ ਸ਼ਕੀਲ ਨੇ 141 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿੱਚ ਬੰਗਲਾਦੇਸ਼ ਬੱਲੇਬਾਜ਼ੀ ਕਰਨ ਉਤਰਿਆ ਉਨ੍ਹਾਂ ਉਨ੍ਹਾਂ ਨੇ 565 ਦੌੜਾਂ ਬਣਾ ਦਿੱਤੀਆਂ, ਜਿਸ ਵਿੱਚ ਮੁਸ਼ਫਿਕੁਰ ਰਹੀਮ ਨੇ ਸ਼ਾਨਦਾਰ 191 ਦੌੜਾਂ ਬਣਾਈਆਂ। ਬੰਗਲਾਦੇਸ਼ ਦੀ ਇਸ ਪਾਰੀ ਦੌਰਾਨ ਸਲਾਮੀ ਬੱਲੇਬਾਜ ਸ਼ਾਦਮਾਨ ਇਸਲਾਮ ਨੇ 93 ਅਤੇ ਲਿਟਨ ਦਾਸ ਨੇ 56 ਦੌੜਾਂ ਦਾ ਯੋਗਦਾਨ ਦਿੱਤਾ।
ਉਪਰੰਤ ਪਾਕਿਸਤਾਨ ਆਪਣੀ ਦੂਜੀ ਪਾਰੀ ਲਈ ਮੈਦਾਨ 'ਤੇ ਉਤਰਿਆ ਤਾਂ ਪੂਰੀ ਟੀਮ ਹੀ 146 ਦੌੜਾਂ 'ਤੇ ਸਿਮਟ ਗਈ। ਦੂਜੀ ਪਾਰੀ ਵਿੱਚ ਪਾਕਿਸਤਾਨ ਦੀ ਬੱਲੇਬਾਜ਼ੀ ਪੂਰੀ ਤਰ੍ਹਾਂ ਫਲਾਪ ਰਹੀ, ਜਦਕਿ ਵਿਕਟਕੀਪਰ ਬੱਲੇਬਾਜ਼ ਰਿਜ਼ਵਾਨ ਨੇ 51 ਦੌੜਾਂ ਬਣਾਈਆਂ। ਬੰਗਲਾਦੇਸ਼ ਦੀ ਗੇਂਦਬਾਜ਼ੀ ਸ਼ਾਨਦਾਰ ਰਹੀ। ਮਹਿਦੀ ਹਸਨ ਮਿਰਾਜ਼ ਨੇ 4 ਅਤੇ ਸ਼ਾਕਿਬ ਅਲ ਹਸਨ ਨੇ 3 ਵਿਕਟਾਂ ਲੈ ਕੇ ਪਾਕਿਸਤਾਨ ਦੀ ਕਮਰ ਤੋੜ ਦਿੱਤੀ, ਜਿਸ ਨਾਲ ਬੰਗਲਾਦੇਸ਼ ਨੂੰ 30 ਦੌੜਾਂ ਦਾ ਟੀਚਾ ਮਿਲਿਆ, ਜੋ ਉਨ੍ਹਾਂ ਨੇ ਬਿਨ੍ਹਾਂ ਕਿਸੇ ਵਿਕਟ ਗਵਾਉਣ ਤੋਂ ਹਾਸਿਲ ਕਰ ਲਿਆ।
ਪਾਕਿਸਤਾਨ ਨੂੰ ਆਪਣੇ ਘਰ 'ਚ ਹੀ ਬੰਗਲਾਦਸ਼ ਨੇ ਬੁਰੀ ਤਰ੍ਹਾਂ ਧੋ ਕੇ ਰੱਖ ਦਿੱਤਾ ਹੈ, ਜਿਸ ਨਾਲ ਹੁਣ WTC ਦੀ ਦੌੜ ਹੋਰ ਵੀ ਰੋਮਾਂਚਕ ਹੁੰਦੀ ਵਿਖਾਈ ਦੇ ਰਹੀ ਹੈ, ਕਿਉਂਕਿ ਇਸ ਹਾਰ ਨਾਲ ਪਾਕਿਸਤਾਨ ਦੇ ਨੰਬਰ ਘੱਟ ਗਏ ਹਨ।
21 ਸਾਲਾਂ ਬਾਅਦ ਬੰਗਲਾਦੇਸ਼ ਨੇ ਪਾਕਿਸਤਾਨ ਨੂੰ ਟੈਸਟ ਮੈਚ 'ਚ ਹਰਾਇਆ
ਬੰਗਲਾਦੇਸ਼ ਨੇ ਇਹ ਮੈਚ ਜਿੱਤ ਕੇ WTC ਵਿੱਚ ਪੰਜ ਮੈਚਾਂ ਵਿੱਚ ਆਪਣੀ ਦੂਜੀ ਜਿੱਤ ਦੇ ਨਾਲ ICC WTC 2023-25 ਅੰਕ ਸੂਚੀ ਵਿੱਚ ਪਾਕਿਸਤਾਨ ਨੂੰ ਪਿੱਛੇ ਛੱਡ ਦਿੱਤਾ ਹੈ। ਪਾਕਿਸਤਾਨ ਇਸ ਮੈਚ ਵਿੱਚ ਹਾਰਨ ਦੇ ਨਾਲ 6 ਮੈਚਾਂ ਵਿੱਚ ਆਪਣੀ ਚੌਥੀ ਹਾਰ ਤੋਂ ਬਾਅਦ ਅੱਠਵੇਂ ਸਥਾਨ 'ਤੇ ਖਿਸਕ ਗਿਆ ਹੈ, ਜਿਸ ਨੂੰ ਦੇਖ ਕੇ ਲੱਗਦਾ ਹੈ ਕੀ ਪਾਕਿਸਤਾਨ ਲਈ ਹੁਣ WTC ਫਾਈਨਲ ਦਾ ਰਸਤਾ ਆਸਾਨ ਨਹੀਂ ਹੋਵੇਗਾ।