ਬਲਵੰਤ ਸਿੰਘ ਰਾਜੋਆਣਾ ਨੂੰ ਵੱਡਾ ਸਦਮਾ, ਇਕਲੌਤੇ ਭਰਾ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

Balwant Singh Rajoana brother died : ਕੁਲਵੰਤ ਸਿੰਘ ਜਿੰਨ੍ਹਾਂ ਦਾ ਜਨਮ 27 ਜੁਲਾਈ 1965 ਨੂੰ ਹੋਇਆ ਸੀ ਅਤੇ ਜੋ ਬਲਵੰਤ ਸਿੰਘ ਦੇ ਵੱਡੇ ਭਾਈ ਸਨ। ਫਿਲਹਾਲ ਉਨ੍ਹਾਂ ਦੀ ਦੇਹ ਪੋਸਟਮਾਰਟਮ ਲਈ ਹਸਪਤਾਲ ਦੇ ਕਬਜ਼ੇ ਵਿੱਚ ਹੀ ਹੈ।

By  KRISHAN KUMAR SHARMA November 8th 2024 07:34 PM

Balwant Singh Rajoana brother Kulwant Singh died : ਪੰਜਾਬ ਦੇ ਸਾਬਕਾ ਮੁੱਖ-ਮੰਤਰੀ ਬੇਅੰਤ ਸਿੰਘ ਦੇ ਕਤਲ ਕਾਂਡ ਦੇ ਮੁੱਖ ਦੋਸ਼ੀ ਅਤੇ ਜ਼ਿੰਦਾ ਸ਼ਹੀਦ ਬਲਵੰਤ ਸਿੰਘ ਰਾਜੋਆਣਾ, ਜੋ ਕਿ ਪਿਛਲੇ ਲਗਭਗ ਤੀਹ ਸਾਲਾਂ ਤੋਂ ਜੇਲ੍ਹ ਵਿੱਚ ਬੰਦ ਹਨ, ਉਨ੍ਹਾਂ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦ ਉਨ੍ਹਾਂ ਦੇ ਖੂਨ ਦੇ ਰਿਸ਼ਤੇ 'ਚੋਂ ਜਿਉਂਦੀ ਆਖਰੀ ਤੰਦ, ਭਾਵ ਵੱਡੇ ਭਾਈ ਕੁਲਵੰਤ ਸਿੰਘ ਦੀ ਬੇਵਕਤੀ ਮੌਤ ਹੋ ਗਈ। ਕੁਲਵੰਤ ਸਿੰਘ ਜਿੰਨ੍ਹਾਂ ਦਾ ਜਨਮ 27 ਜੁਲਾਈ 1965 ਨੂੰ ਹੋਇਆ ਸੀ ਅਤੇ ਜੋ ਬਲਵੰਤ ਸਿੰਘ ਦੇ ਵੱਡੇ ਭਾਈ ਸਨ, ਅੱਜ ਆਪਣੇ ਭਾਈ ਦੀ ਰਿਹਾਈ ਅਤੇ ਉਸਨੂੰ ਗਲਵੱਕੜੀ ਵਿੱਚ ਲੈਣ ਦੀ ਖਾਹਿਸ਼ ਨੂੰ ਦਿਲ ਵਿੱਚ ਹੀ ਦਬਾ ਕੇ ਉਸ ਲਈ ਤੜਫ਼ਦਿਆਂ ਸਦਾ ਲਈ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਗਏ।

ਕੁਲਵੰਤ ਸਿੰਘ ਪੁੱਤਰ ਨੂੰ ਮਿਲਣ ਗਏ ਸੀ ਕੈਨੇਡਾ

ਜ਼ਿਕਰਯੋਗ ਹੈ ਕਿ ਕੁਲਵੰਤ ਸਿੰਘ ਆਪਣੇ ਪੁੱਤਰ ਨੂੰ ਮਿਲਣ ਲਈ ਕੁਝ ਸਮਾਂ ਪਹਿਲਾਂ ਹੀ ਕੈਨੇਡਾ ਦੇ ਵਿੰਨੀਪੈੱਗ ਵਿਖੇ ਪੁੱਜੇ ਸਨ। ਇਸੇ ਦੌਰਾਨ ਉਨ੍ਹਾਂ ਦੀ ਕੈਨੇਡਾ ਵਿਖੇ ਬੀਤੀ 4 ਨਵੰਬਰ ਨੂੰ ਸ਼ਾਮੀ 8 ਵੱਜ ਕੇ 45 ਮਿੰਟ ਤੇ ਉਨ੍ਹਾਂ ਨੂੰ ਆਪਣੇ ਘਰ ਵਿੱਚ ਹੀ ਹਾਰਟ ਅਟੈਕ ਆਉਣ ਕਾਰਨ ਪਲਾਂ ਵਿੱਚ ਹੀ ਮੌਤ ਹੋ ਗਈ। ਫਿਲਹਾਲ ਉਨ੍ਹਾਂ ਦੀ ਦੇਹ ਪੋਸਟਮਾਰਟਮ ਲਈ ਹਸਪਤਾਲ ਦੇ ਕਬਜ਼ੇ ਵਿੱਚ ਹੀ ਹੈ। ਪਰਿਵਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਦਾ ਸਸਕਾਰ ਵੀ ਵਿੰਨੀਪੈੱਗ ਵਿਖੇ ਹੀ ਹੋਵੇਗਾ। 

ਰਾਜੋਆਣਾ ਦੇ ਪਰਿਵਾਰ 'ਚ ਹੁਣ ਕੌਣ-ਕੌਣ ?

ਪਿਛਲੇ ਲਗਭਗ ਤੀਹ ਸਾਲਾਂ ਤੋਂ ਜੇਲ੍ਹ ਵਿੱਚ ਕੈਦ ਬੰਦੀ ਸਿੰਘ ਬਲਵੰਤ ਸਿੰਘ ਦੇ ਪਰਿਵਾਰ ਦੇ ਸਾਰੇ ਜੀਅ ਇੱਕ-ਇੱਕ ਕਰਕੇ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਏ ਹਨ। ਆਪਣਿਆਂ ਨੂੰ ਮਿਲਣ ਦੀ ਤਾਂਘ ਵਿੱਚ ਖੇਰੂੰ-ਖੇਰੂੰ ਹੋ ਚੁੱਕੇ ਰਾਜੋਆਣਾ ਦੇ ਪਰਿਵਾਰ ਵਿੱਚ ਇਸ ਵੇਲੇ ਸਿਰਫ਼ ਉਨ੍ਹਾਂ ਦੇ ਦੋ ਭਤੀਜੇ (ਭਾਵ ਵੱਡੇ ਭਰਾ ਕੁਲਵੰਤ ਸਿੰਘ ਦੇ ਬੇਟੇ) ਰਵਨੀਤ ਸਿੰਘ ਅਤੇ ਅਮਨਪ੍ਰੀਤ ਸਿੰਘ ਹੀ ਜ਼ਿੰਦਾ ਬਚੇ ਹਨ। ਦੁੱਖ ਦੀ ਇਸ ਘੜੀ ਵਿੱਚ ਆਪਣੇ ਮਾਂ-ਬਾਪ, ਭਰਾ-ਭਰਜਾਈ ਨੂੰ ਗੁਆ ਚੁੱਕੇ ਅਤੇ ਬੱਚਿਆਂ ਅਤੇ ਪਰਿਵਾਰ ਨੂੰ ਸੰਭਾਲਣ ਦੀਆਂ ਪਰਿਵਾਰਿਕ ਜ਼ਿੰਮੇਵਾਰੀਆਂ ਤੋਂ ਅਸਮਰਥ ਬਲਵੰਤ ਸਿੰਘ ਲਈ ਇਹ ਸਦਮਾ ਪਰਿਵਾਰਕ ਤੌਰ ਤੇ ਅਸਹਿਣਯੋਗ ਹੈ।

Related Post