ਅਰਮੀਨੀਆ ਵਿੱਚ ਫਸੇ ਭਾਰਤੀ ਨੌਜਵਾਨਾਂ ਦੀ ਮਦਦ ਲਈ ਅੱਗੇ ਆਏ ਰਾਜ ਸਭਾ ਮੈਂਬਰ, ਨੌਜਵਾਨ ਨੇ ਮਦਦ ਦੀ ਕੀਤੀ ਸੀ ਅਪੀਲ

ਅਰਮੀਨੀਆ ਵਿੱਚ ਫਸੇ ਭਾਰਤੀ ਨੌਜਵਾਨਾਂ ਦੀ ਮਦਦ ਲਈ ਰਾਜ ਸਭਾ ਮੈਂਬਰ ਅੱਗੇ ਆਏ ਹਨ, ਜਿਹਨਾਂ ਨੇ ਹਰ ਸੰਭਵ ਮਦਦ ਦੀ ਭਰੋਸਾ ਦਿੱਤਾ ਹੈ। 10 ਤੋਂ 15 ਭਾਰਤੀ ਨੌਜਵਾਨਾਂ ਨੇ ਵੀਡੀਓ ਜਾਰੀ ਕਰ ਮਦਦ ਦੀ ਗੁਹਾਰ ਲਗਾਈ ਸੀ।

By  Dhalwinder Sandhu June 12th 2024 03:31 PM -- Updated: June 12th 2024 04:08 PM

ਸੁਲਤਾਨਪੁਰ ਲੋਧੀ: ਏਜੰਟਾਂ ਦੀ ਧੋਖਾਧੜੀ ਕਾਰਨ ਅਰਮੀਨੀਆ ਵਿੱਚ ਫਸੇ 10 ਤੋਂ 15 ਭਾਰਤੀ ਨੌਜਵਾਨਾਂ ਨੇ ਵੀਡੀਓ ਜਾਰੀ ਕਰ ਮਦਦ ਦੀ ਗੁਹਾਰ ਲਗਾਈ ਸੀ। ਜਦੋਂ ਇਹ ਵਾਇਰਲ ਵੀਡੀਓ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਕੋਲ ਪਹੁੰਚੀ ਤਾਂ ਉਨ੍ਹਾਂ ਤੁਰੰਤ ਇਸ 'ਤੇ ਕਾਰਵਾਈ ਕਰਦਿਆਂ ਵਿਦੇਸ਼ ਮੰਤਰਾਲੇ ਅਤੇ ਭਾਰਤੀ ਦੂਤਾਵਾਸ ਨੂੰ ਇਸ ਮਾਮਲੇ ਦੀ ਜਾਂਚ ਕਰਨ ਅਤੇ ਇਨ੍ਹਾਂ ਨੌਜਵਾਨਾਂ ਦੀ ਹਰ ਸੰਭਵ ਮਦਦ ਕਰਨ ਦੀ ਗੱਲ੍ਹ ਆਖੀ ਹੈ। ਸੰਤ ਸੀਚੇਵਾਲ ਨੇ ਵਿਦੇਸ਼ ਮੰਤਰਾਲੇ ਨੂੰ ਇੱਕ ਈਮੇਲ ਭੇਜੀ ਹੈ ਤੇ ਤੁਰੰਤ ਕਾਰਵਾਈ ਕਰਨ ਲਈ ਕਿਹਾ ਹੈ।

ਲੋਕਾਂ ਨੂੰ ਕੀਤੀ ਅਪੀਲ

ਸੰਤ ਸੀਚੇਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਵੱਧ ਤੋਂ ਵੱਧ ਵਾਇਰਲ ਕਰਨ ਤਾਂ ਜੋ ਇਹਨਾਂ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਦਾ ਪਤਾ ਲਗਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਏਜੰਟ ਸਾਡੇ ਨੌਜਵਾਨਾਂ ਦੀਆਂ ਇੱਛਾਵਾਂ ਅਤੇ ਕਮਜ਼ੋਰੀਆਂ ਦਾ ਲਗਾਤਾਰ ਫਾਇਦਾ ਉਠਾ ਰਹੇ ਹਨ ਅਤੇ ਉਨ੍ਹਾਂ ਨੂੰ ਫਸਾਇਆ ਜਾ ਰਿਹਾ ਹੈ। ਸਰਕਾਰ ਨੂੰ ਅਜਿਹੇ ਏਜੰਟਾਂ 'ਤੇ ਸ਼ਿਕੰਜਾ ਕੱਸਣ ਦੀ ਲੋੜ ਹੈ ਜੋ ਸਾਡੇ ਨੌਜਵਾਨਾਂ ਦੀਆਂ ਕਮਜ਼ੋਰੀਆਂ ਦਾ ਫਾਇਦਾ ਚੁੱਕ ਰਹੇ ਹਨ ਤਾਂ ਜੋ ਭਵਿੱਖ ਵਿੱਚ ਅਜਿਹੇ ਦੁਖਾਂਤ ਨੂੰ ਰੋਕਿਆ ਜਾ ਸਕੇ।

ਵੀਡੀਓ ਹੋਈ ਸੀ ਵਾਇਰਲ

ਇਹ ਨੌਜਵਾਨ ਧੋਖੇਬਾਜ ਏਜੰਟਾਂ ਕਾਰਨ ਪਹਿਲਾਂ ਅਰਮੀਨੀਆ ਦੀ ਜੇਲ੍ਹ ਵਿੱਚ ਕੈਦ ਹੋ ਗਏ ਸਨ ਤੇ ਫਿਰ ਅਰਮੀਨੀਆ ਤੋਂ ਰਿਹਾਅ ਹੋਣ ਤੋਂ ਬਾਅਦ ਅਰਮਾਵੀਰ ਜੇਲ੍ਹ ਵਿੱਚ ਫਸੇ ਹੋਏ ਹਨ, ਏਜੰਟਾਂ ਨੇ ਇਹਨਾਂ ਨੌਜਵਾਨਾਂ ਨੂੰ ਯੂਰਪ ਜਾਣ ਦੇ ਝੂਠੇ ਵਾਅਦੇ ਕੀਤੇ ਸਨ, ਜੋ ਕਿ ਹੁਣ ਮਦਦ ਦੀ ਗੁਹਾਰ ਲਗਾ ਰਹੇ ਸਨ।

ਪਹਿਲਾਂ ਵੀ ਕਈ ਨੌਜਵਾਨਾਂ ਦੀ ਕਰ ਚੁੱਕੇ ਹਨ ਮਦਦ 

ਸੰਤ ਬਲਬੀਰ ਸਿੰਘ ਸੀਚੇਵਾਲ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਦੀ ਮਦਦ ਲਈ ਲਗਾਤਾਰ ਉਪਰਾਲੇ ਕਰ ਰਹੇ ਹਨ। ਉਹ ਅਜਿਹੇ ਏਜੰਟਾਂ ਤੋਂ ਦੂਰ ਰਹਿਣ ਦੀ ਵੀ ਲਗਾਤਾਰ ਅਪੀਲ ਕਰ ਰਿਹਾ ਹਨ ਜੋ ਪੈਸੇ ਦੇ ਲਾਲਚ ਵਿੱਚ ਲੋਕਾਂ ਦੀਆਂ ਜਾਨਾਂ ਨਾਲ ਖੇਡ ਰਹੇ ਹਨ। ਵਿਦੇਸ਼ ਮੰਤਰਾਲੇ ਅਤੇ ਭਾਰਤੀ ਦੂਤਾਵਾਸ ਦੀ ਮਦਦ ਨਾਲ ਸੰਤ ਸੀਚੇਵਾਲ ਹੁਣ ਤੱਕ 130 ਦੇ ਕਰੀਬ ਭਾਰਤੀ ਲੜਕੇ-ਲੜਕੀਆਂ ਨੂੰ ਸੁਰੱਖਿਅਤ ਉਨ੍ਹਾਂ ਦੇ ਪਰਿਵਾਰਾਂ ਕੋਲ ਵਾਪਸ ਲਿਆ ਚੁੱਕੇ ਹਨ।

ਇਹ ਵੀ ਪੜੋ: Russia-Ukraine War : ਰੂਸ ਲਈ ਲੜਦਿਆਂ ਪੰਜਾਬੀ ਨੌਜਵਾਨ ਹੋਇਆ ਸ਼ਹੀਦ, ਘਰੋਂ ਟੂਰਿਸਟ ਵੀਜ਼ਾ 'ਤੇ ਗਿਆ ਸੀ ਤੇਜਪਾਲ ਸਿੰਘ

Related Post