Baba Siddique Murder Case : ਬਾਬਾ ਸਿੱਦੀਕੀ ਦਾ ਕਿੰਨੇ ਕੀਤਾ ਕਤਲ ? ਸਾਹਮਣੇ ਆਈ ਹਮਲਾਵਰਾਂ ਦੀਆਂ ਤਸਵੀਰਾਂ, ਕੀ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਹੈ ਕੋਈ ਲਿੰਕ ?
ਮੁੰਬਈ ਪੁਲਿਸ ਨੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੇ ਕਤਲ ਵਿੱਚ ਸ਼ਾਮਲ ਦੋ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਸੂਤਰਾਂ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ।
Baba Siddiqui Murder Case : ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਨੇਤਾ ਅਤੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੀ ਸ਼ਨੀਵਾਰ ਰਾਤ ਮੁੰਬਈ ਦੇ ਬਾਂਦਰਾ ਈਸਟ ਇਲਾਕੇ 'ਚ ਤਿੰਨ ਲੋਕਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਨਿਰਮਲ ਨਗਰ ਵਿੱਚ ਕੋਲਗੇਟ ਮੈਦਾਨ ਨੇੜੇ ਬਾਬਾ ਸਿੱਦੀਕੀ ਦੇ ਪੁੱਤਰ ਅਤੇ ਵਿਧਾਇਕ ਜੀਸ਼ਾਨ ਸਿੱਦੀਕੀ ਦੇ ਦਫ਼ਤਰ ਦੇ ਬਾਹਰ ਵਾਪਰੀ ਇਸ ਘਟਨਾ ਤੋਂ ਤੁਰੰਤ ਬਾਅਦ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਘਟਨਾ ਤੋਂ ਬਾਅਦ ਸਲਮਾਨ ਖਾਨ ਨੇ ਆਪਣੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਹਨ। ਉਨ੍ਹਾਂ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ।
ਮੁੰਬਈ ਪੁਲਿਸ ਨੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੇ ਕਤਲ ਵਿੱਚ ਸ਼ਾਮਲ ਦੋ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਸੂਤਰਾਂ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਇਸ ਕਤਲ ਕਾਂਡ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੀ ਸ਼ਮੂਲੀਅਤ ਦੀ ਜਾਂਚ ਕੀਤੀ ਜਾ ਰਹੀ ਹੈ। ਮੁੰਬਈ ਕ੍ਰਾਈਮ ਬ੍ਰਾਂਚ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਬਾਬਾ ਸਿੱਦੀਕੀ ਦੇ ਕਤਲ ਦੇ ਪਿੱਛੇ ਦੇ ਮਕਸਦ ਫਿਲਹਾਲ ਸਪੱਸ਼ਟ ਨਹੀਂ ਹੈ ਪਰ ਸ਼ੱਕ ਹੈ ਕਿ ਕਿਸੇ ਵਪਾਰਕ ਰੰਜਿਸ਼ ਕਾਰਨ ਉਸ ਦਾ ਕਤਲ ਕੀਤਾ ਗਿਆ ਹੈ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਕ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਦੋ ਤੋਂ ਤਿੰਨ ਰਾਊਂਡ ਗੋਲੀਆਂ ਚਲਾਈਆਂ ਗਈਆਂ। ਦੱਸ ਦਈਏ ਕਿ ਸਿੱਦੀਕੀ ਨੂੰ 15 ਦਿਨ ਪਹਿਲਾਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ ਅਤੇ ਉਨ੍ਹਾਂ ਨੂੰ ‘ਵਾਈ’ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਸੀ।
ਦਹਾਕਿਆਂ ਤੋਂ ਕਾਂਗਰਸ ਦੇ ਦਿੱਗਜ ਅਤੇ ਸਾਬਕਾ ਕੇਂਦਰੀ ਮੰਤਰੀ ਸੁਨੀਲ ਦੱਤ ਅਤੇ ਉਨ੍ਹਾਂ ਦੀ ਧੀ ਪ੍ਰਿਆ ਦੱਤ ਦੇ ਨਜ਼ਦੀਕੀ ਸਹਿਯੋਗੀ ਬਾਬਾ ਸਿੱਦੀਕੀ ਨੇ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਜੀਤ ਪਵਾਰ ਦੀ ਐਨਸੀਪੀ ਵਿੱਚ ਸ਼ਾਮਲ ਹੋਣ ਲਈ ਫਰਵਰੀ ਵਿੱਚ ਪਾਰਟੀ ਛੱਡ ਦਿੱਤੀ ਸੀ। ਪਿਛਲੇ ਕੁਝ ਮਹੀਨਿਆਂ ਤੋਂ ਉਹ ਅਤੇ ਉਸ ਦਾ ਪੁੱਤਰ ਜੀਸ਼ਾਨ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੀਆਂ ਸਿਆਸੀ ਤਰਜੀਹਾਂ ਸਪੱਸ਼ਟ ਕਰਨ ਦੀ ਤਿਆਰੀ ਕਰ ਰਹੇ ਸਨ।
ਵਿਰੋਧੀ ਮਹਾਂ ਵਿਕਾਸ ਅਗਾੜੀ ਦੇ ਨੇਤਾਵਾਂ ਨੇ ਸਿੱਦੀਕੀ ਦੀ ਸਨਸਨੀਖੇਜ਼ ਹੱਤਿਆ ਲਈ ਮਹਾਯੁਤੀ ਸ਼ਾਸਨ ਦੀ ਆਲੋਚਨਾ ਕੀਤੀ ਹੈ ਅਤੇ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਦੇਵੇਂਦਰ ਫੜਨਵੀਸ ਦੇ ਅਸਤੀਫੇ ਦੀ ਮੰਗ ਕੀਤੀ ਹੈ।
ਬਾਬਾ ਸਿੱਦੀਕੀ ਤਿੰਨ ਵਾਰ ਵਿਧਾਨ ਸਭਾ ਵਿੱਚ ਬਾਂਦਰਾ (ਪੱਛਮੀ) ਸੀਟ ਦੀ ਨੁਮਾਇੰਦਗੀ ਕਰ ਚੁੱਕੇ ਹਨ। ਸਿੱਦੀਕੀ, ਮੁੰਬਈ ਦੇ ਇੱਕ ਪ੍ਰਮੁੱਖ ਮੁਸਲਿਮ ਨੇਤਾ, ਕਈ ਬਾਲੀਵੁੱਡ ਸਿਤਾਰਿਆਂ ਦੇ ਨਜ਼ਦੀਕੀ ਵਜੋਂ ਜਾਣੇ ਜਾਂਦੇ ਸਨ।
ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਕਿ ਮੁੰਬਈ ਪੁਲਿਸ ਕਮਿਸ਼ਨਰ ਵਿਵੇਕ ਫਾਂਸਾਲਕਰ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਹੈ ਕਿ ਦੋ ਕਥਿਤ ਨਿਸ਼ਾਨੇਬਾਜ਼ਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਮੁੱਖ ਮੰਤਰੀ ਨੇ ਟੈਲੀਵਿਜ਼ਨ ਚੈਨਲਾਂ ਨੂੰ ਦੱਸਿਆ ਕਿ ਇਨ੍ਹਾਂ ਵਿੱਚੋਂ ਇੱਕ ਉੱਤਰ ਪ੍ਰਦੇਸ਼ ਅਤੇ ਦੂਜਾ ਹਰਿਆਣਾ ਦਾ ਰਹਿਣ ਵਾਲਾ ਸੀ, ਜਦਕਿ ਤੀਜਾ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦੇ ਕੁਝ ਸਮੇਂ ਬਾਅਦ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਲੀਲਾਵਤੀ ਹਸਪਤਾਲ ਪਹੁੰਚੇ। ਫੜਨਵੀਸ ਕੋਲ ਗ੍ਰਹਿ ਵਿਭਾਗ ਦਾ ਚਾਰਜ ਵੀ ਹੈ।
ਸ਼ਰਦ ਪਵਾਰ ਨੇ ਕਿਹਾ ਕਿ ਕਾਨੂੰਨ ਵਿਵਸਥਾ ਦੀ ਵਿਗੜ ਰਹੀ ਸਥਿਤੀ ਚਿੰਤਾਜਨਕ ਹੈ। ਗ੍ਰਹਿ ਮੰਤਰੀ ਫੜਨਵੀਸ 'ਤੇ ਨਿਸ਼ਾਨਾ ਸਾਧਦੇ ਹੋਏ ਪਵਾਰ ਨੇ ਕਿਹਾ ਕਿ ਇਹ ਚਿੰਤਾਜਨਕ ਵੀ ਹੈ ਕਿ ਸਥਿਤੀ ਨੂੰ ਇੰਨੇ ਹਲਕੇ ਤਰੀਕੇ ਨਾਲ ਲਿਆ ਜਾ ਰਿਹਾ ਹੈ। ਸ਼ਰਦ ਪਵਾਰ ਨੇ 'ਐਕਸ' 'ਤੇ ਲਿਖਿਆ ਕਿ ਸੱਤਾਧਾਰੀ ਪਾਰਟੀ ਨੂੰ ਘਟਨਾ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਅਤੇ ਸੱਤਾ ਛੱਡਣੀ ਚਾਹੀਦੀ ਹੈ।