ਅਮਰੀਕਾ: ਵੱਖਵਾਦੀਆਂ ਵੱਲੋਂ ਭਾਰਤੀ ਸਫ਼ਾਰਤਖ਼ਾਨੇ 'ਚ ਅੱਗਜ਼ਨੀ ਦੀ ਕੋਸ਼ਿਸ਼
ਨਵੀਂ ਦਿੱਲੀ: ਅਮਰੀਕਾ ਨੇ ਮੰਗਲਵਾਰ ਨੂੰ ਸੈਨ ਫਰਾਂਸਿਸਕੋ ਸਥਿਤ ਭਾਰਤੀ ਸਫ਼ਾਰਤਖ਼ਾਨੇ ਅਤੇ ਕੌਂਸਲੇਟ 'ਤੇ ਵੱਖਵਾਦੀਆਂ ਵੱਲੋਂ ਕੀਤੇ ਗਏ ਹਮਲੇ ਅਤੇ ਅੱਗਜ਼ਨੀ ਦੀ ਕੋਸ਼ਿਸ਼ ਦੀ ਸਖਤ ਨਿੰਦਾ ਕੀਤੀ ਹੈ। ਇੱਕ ਸਥਾਨਕ ਚੈਨਲ ਮੁਤਾਬਕ ਕਥਿਤ ਵੱਖਵਾਦੀਆਂ ਵੱਲੋਂ 1:30 ਤੋਂ 2:30 ਵਜੇ ਦਰਮਿਆਨ ਭਾਰਤੀ ਕੌਂਸਲੇਟ 'ਚ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ ਸੈਨ ਫਰਾਂਸਿਸਕੋ ਫਾਇਰ ਡਿਪਾਰਟਮੈਂਟ ਦੁਆਰਾ ਇਸ ਨੂੰ ਜਲਦ ਹੀ ਬੁਝਾ ਦਿੱਤਾ ਗਿਆ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਹਮਲੇ ਵਿੱਚ "ਸੀਮਤ" ਨੁਕਸਾਨ ਹੋਇਆ ਹੈ ਅਤੇ ਕੋਈ ਵੀ ਕਰਮਚਾਰੀ ਜ਼ਖਮੀ ਨਹੀਂ ਹੋਇਆ ਹੈ। ਇਸ ਤੋਂ ਪਹਿਲਾਂ ਮਾਰਚ ਵਿੱਚ ਵੀ ਵੱਖਵਾਦੀਆਂ ਨੇ ਸੈਨ ਫਰਾਂਸਿਸਕੋ ਵਿੱਚ ਭਾਰਤੀ ਕੌਂਸਲੇਟ ਉੱਤੇ ਹਮਲਾ ਕੀਤਾ ਸੀ।
ਇਹ ਵੀ ਪੜ੍ਹੋ: ਗੈਂਗਸਟਰ ਮੁਖਤਾਰ ਅੰਸਾਰੀ ਮਾਮਲਾ; CM ਮਾਨ ਦਾ ਐਲਾਨ, ਇਨ੍ਹਾਂ ਤੋਂ ਵਸੂਲਿਆ ਜਾਵੇਗਾ ਖਰਚਾ
ਕਥਿਤ ਵੀਡੀਓ ਵੀ ਹੋਇਆ ਵਾਇਰਲ
ਦੱਸਿਆ ਜਾ ਰਿਹਾ ਹੈ ਕਿ ਵੱਖਵਾਦੀਆਂ ਨੇ ਇਸ ਹਮਲੇ ਦੀ ਵੀਡੀਓ ਵੀ ਜਾਰੀ ਕੀਤੀ ਹੈ, ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਟਵੀਟ ਕੀਤਾ, 'ਅਮਰੀਕਾ ਸੈਨ ਫਰਾਂਸਿਸਕੋ ਸਥਿਤ ਭਾਰਤੀ ਕੌਂਸੋਲੇਟ 'ਤੇ ਭੰਨਤੋੜ ਅਤੇ ਅੱਗਜ਼ਨੀ ਦੀ ਕੋਸ਼ਿਸ਼ ਦੀ ਸਖ਼ਤ ਨਿੰਦਾ ਕਰਦਾ ਹੈ। ਅਮਰੀਕਾ ਵਿੱਚ ਕੂਟਨੀਤਕ ਸੰਸਥਾਵਾਂ ਜਾਂ ਵਿਦੇਸ਼ੀ ਡਿਪਲੋਮੈਟਾਂ ਵਿਰੁੱਧ ਭੰਨਤੋੜ ਜਾਂ ਹਿੰਸਾ ਇੱਕ ਅਪਰਾਧ ਹੈ।'
ਭਾਰਤੀ ਜਾਂਚ ਏਜੰਸੀਆਂ ਅਲਰਟ 'ਤੇ
ਪਿਛਲੇ ਦਿਨੀਂ ਸਿਖਸ ਫੌਰ ਜਸਟਿਸ ਦੇ ਮੁੱਖੀ ਗੁਰਪਤਵੰਤ ਪੰਨੂ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਸੀ ਕਿ 8 ਜੁਲਾਈ ਨੂੰ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਇੰਗਲੈਂਡ ਅਤੇ ਯੂਰਪੀ ਦੇਸ਼ਾਂ ਵਿੱਚ ਭਾਰਤੀ ਸਫਾਰਤਖਾਂਨਿਆਂ ਦੇ ਬਾਹਰ ਪ੍ਰਦਰਸ਼ਨ ਕੀਤਾ ਜਾਵੇਗਾ। ਇੰਨਾ ਹੀ ਨਹੀਂ ਪੰਨੂ ਨੇ ਇਨ੍ਹਾਂ ਰੈਲੀਆਂ ਨੂੰ 'ਕਿੱਲ ਇੰਡੀਆ' ਦਾ ਨਾਂ ਦਿੱਤਾ ਹੈ। ਜਿਸ ਵਿੱਚ 21-21 ਵੱਖਵਾਦੀਆਂ ਦਾ ਜਥਾ ਭਾਰਤੀ ਸਫ਼ਾਰਤਖ਼ਾਨੇ ਅਤੇ ਕੌਂਸਲੇਟ ਦੇ ਬਾਹਰ ਪ੍ਰਦਰਸ਼ਨ ਕਰੇਗਾ ਅਤੇ ਤਿਰੰਗੇ ਦਾ ਅਪਮਾਨ ਕਰਨ ਦੀ ਗੱਲ ਵੀ ਕਹੀ ਗਈ ਸੀ। ਪੰਨੂ ਦੀ ਧਮਕੀ ਅਤੇ ਇਸ ਘਟਨਾ ਤੋਂ ਬਾਅਦ ਭਾਰਤੀ ਜਾਂਚ ਏਜੰਸੀਆਂ ਚੌਕਸ ਹੋ ਗਈਆਂ ਹਨ। ਇਸ ਦੇ ਨਾਲ ਹੀ ਨਿੱਝਰ ਦੇ ਕਤਲ ਤੋਂ ਬਾਅਦ ਪੰਨੂ ਵੀ ਰੂਪੋਸ਼ ਚੱਲ ਰਿਹਾ ਹੈ। ਜਾਂਚ ਏਜੰਸੀਆਂ ਉਸ ਦੀ ਲੋਕੇਸ਼ਨ ਟਰੇਸ ਕਰਨ ਵਿੱਚ ਜੁਟੀਆਂ ਹੋਈਆਂ ਹਨ।
ਇਹ ਵੀ ਪੜ੍ਹੋ: 'ਗਦਰ 2' ਦੀ ਰਿਲੀਜ਼ ਤੋਂ ਪਹਿਲਾਂ ਪ੍ਰੋਡਕਸ਼ਨ ਟੀਮ 'ਤੇ ਭੜਕੀ ਅਮੀਸ਼ਾ ਪਟੇਲ; ਲਾਏ ਗੰਭੀਰ ਇਲਜ਼ਾਮ
ਮਾਰਚ ਵਿੱਚ ਵੀ ਹੋਇਆ ਸੀ ਹਮਲਾ
ਮਾਰਚ ਵਿੱਚ ਅਮਰੀਕਾ ਦੇ ਸੈਨ ਫਰਾਂਸਿਸਕੋ ਵਿੱਚ ਭਾਰਤੀ ਸਫ਼ਾਰਤਖ਼ਾਨੇ ਉੱਤੇ ਵੀ ਹਮਲਾ ਹੋਇਆ ਸੀ। ਪੰਜਾਬ ਵਿਚ ਵੱਖਵਾਦੀ ਪੱਖੀ 'ਵਾਰਿਸ ਪੰਜਾਬ ਦੇ' ਮੁਖੀ ਅੰਮ੍ਰਿਤਪਾਲ ਸਿੰਘ ਖਿਲਾਫ ਪੁਲਿਸ ਕਾਰਵਾਈ ਨੂੰ ਲੈ ਕੇ 19 ਮਾਰਚ ਨੂੰ ਵੱਖਵਾਦੀ ਭਾਰਤੀ ਸਫ਼ਾਰਤਖ਼ਾਨੇ ਦੇ ਸਾਹਮਣੇ ਇਕੱਠੇ ਹੋਏ ਸਨ। ਉਨ੍ਹਾਂ ਨੇ ਪਹਿਲਾਂ ਭੰਨਤੋੜ ਕੀਤੀ ਅਤੇ ਬਾਅਦ ਵਿੱਚ ਇੱਥੇ ਲਗਾਏ ਗਏ ਤਿਰੰਗੇ ਨੂੰ ਉਤਾਰ ਦਿੱਤਾ।