ਅਦਾਲਤ ਦੇ ਬਾਹਰ ਲੜਕੀ ਨੂੰ ਅਗਵਾ ਕਰਨ ਦੀ ਕੋਸ਼ਿਸ਼, ਹੰਗਾਮਾ ਮਗਰੋਂ ਪੁਲਿਸ ਨੇ ਕੀਤੀ ਦਖ਼ਲਅੰਦਾਜ਼ੀ
ਬਠਿੰਡਾ : ਬਠਿੰਡਾ ਦੇ ਥਾਣਾ ਨਥਾਣਾ ਵਿਖੇ ਕੁਝ ਦਿਨ ਪਹਿਲਾਂ ਪਿੰਡ ਗੁੜਥੜੀ ਦੇ ਰਹਿਣ ਵਾਲੇ ਮੁਸਲਮਾਨ ਪਰਿਵਾਰ ਵੱਲੋਂ ਨਾਬਾਲਿਗ ਲੜਕੀ ਨੂੰ ਅਗਵਾ ਕਰਨ ਲਈ ਪਿੰਡ ਲਹਿਰਾ ਦੇ ਰਹਿਣ ਵਾਲੇ ਨੌਜਵਾਨ ਤੇ ਉਸਦੇ ਪਰਿਵਾਰ ਖਿਲਾਫ਼ ਮਾਮਲਾ ਦਰਜ ਕਰਵਾਇਆ ਗਿਆ ਸੀ।
ਇਸ ਸਬੰਧੀ ਪੁਲਿਸ ਵੱਲੋਂ ਅੱਜ ਲੜਕੀ ਨੂੰ ਬਠਿੰਡਾ ਅਦਾਲਤ ਵਿਚ ਪੇਸ਼ ਕੀਤਾ ਜਾਣ ਸਮੇਂ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਪਾਰਟੀ ਨਾਲ ਹੱਥੋਪਾਈ ਕਰਦੇ ਹੋਏ ਲੜਕੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਘਟਨਾ ਦਾ ਪਤਾ ਚੱਲਦਿਆਂ ਹੀ ਮੌਕੇ ਉਤੇ ਪਹੁੰਚੀ ਪੁਲਿਸ ਵੱਲੋਂ ਅਗਵਾਕਾਰਾਂ 'ਚ ਸ਼ਾਮਲ ਕੁਝ ਔਰਤਾਂ ਤੇ ਮਰਦਾਂ ਨੂੰ ਹਿਰਾਸਤ ਵਿਚ ਲਿਆ ਗਿਆ।
ਨਾਬਾਲਗ ਲੜਕੀ ਦੇ ਚਾਚਾ ਕੌਰ ਸਿੰਘ ਦਾ ਕਹਿਣਾ ਹੈ ਕਿ ਨਾਬਾਲਗ ਲੜਕੀ ਨੂੰ ਅੱਜ ਪੁਲਿਸ ਵੱਲੋਂ ਕੋਰਟ ਵਿਚ ਲਿਆਂਦਾ ਗਿਆ ਹੈ ਜਦੋਂ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਇੱਥੇ ਵਿਰੋਧ ਕੀਤਾ ਗਿਆ ਤਾਂ ਉਨ੍ਹਾਂ ਦੇ ਕੁਝ ਸਾਥੀਆਂ ਨੂੰ ਪੁਲਿਸ ਨੇ ਹਿਰਾਸਤ ਵਿਚ ਲਿਆ ਹੈ। ਨਾਬਾਲਗ ਲੜਕੀ ਨੂੰ ਧੱਕੇ ਨਾਲ ਪੁਲਿਸ ਵੱਲੋਂ ਕੋਰਟ ਵਿੱਚ ਪੇਸ਼ ਕੀਤਾ ਜਾ ਰਿਹਾ ਸੀ। ਲੜਕੀ ਦੇ ਪਰਿਵਾਰਕ ਮੈਂਬਰ ਲੜਕੀ ਨੂੰ ਆਪਣੇ ਘਰ ਲੈ ਕੇ ਜਾਣਾ ਚਾਹੁੰਦੇ ਸਨ। ਉਨ੍ਹਾਂ ਦੱਸਿਆ ਕਿ ਲੜਕੇ ਖਿਲਾਫ ਪਹਿਲਾਂ ਵੀ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਪਰਚਾ ਦਰਜ ਕਰਵਾਇਆ ਗਿਆ ਸੀ ਪੁਲਿਸ ਵੱਲੋਂ ਧੱਕਾ ਕੀਤਾ ਜਾ ਰਿਹਾ ਹੈ।
ਕੋਰਟ ਕੰਪਲੈਕਸ ਵਿੱਚ ਖੜੋ ਲਵੀ ਨਾਮਕ ਲੜਕੇ ਨੇ ਦੱਸਿਆ ਕਿ ਨਾਬਾਲਗ ਲੜਕੀ ਨੂੰ ਉਸ ਦੇ ਪਰਿਵਾਰਕ ਮੈਂਬਰ ਨਾਲ ਲੈ ਕੇ ਜਾਣਾ ਚਾਹੁੰਦੇ ਸਨ ਪਰ ਲੜਕੀ ਜਾਣਾ ਨਹੀਂ ਚਾਹੁੰਦੀ ਸੀ ਜਿਸ ਕਾਰਨ ਹੱਥੋਪਾਈ ਵੀ ਹੋਈ ਬਾਅਦ ਵਿਚ ਪੁਲਿਸ ਵਾਲੇ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਬਖਸ਼ੀਖਾਨੇ ਲਾ ਗਏ।
ਕੋਰਟ ਵਿਚ ਹੋਏ ਹੰਗਾਮੇ ਦੇ ਪ੍ਰਤੱਖਦਰਸ਼ੀ ਕਾਕਾ ਬਰਾੜ ਦਾ ਕਹਿਣਾ ਹੈ ਪੁਲਿਸ ਵੱਲੋਂ ਨਾਬਾਲਗ ਲੜਕੀ ਨੂੰ ਕੋਰਟ ਵਿਚ ਪੇਸ਼ ਕੀਤਾ ਜਾ ਰਿਹਾ ਸੀ ਤਾਂ ਉਸ ਦੇ ਪਰਿਵਾਰਕ ਮੈਂਬਰ ਵਿਰੋਧ ਕਰ ਰਹੇ ਸਨ। ਉਹ ਮੰਗ ਕਰ ਰਹੇ ਸਨ ਕਿ ਇਕ ਵਾਰ ਉਨ੍ਹਾਂ ਦੀ ਲੜਕੀ ਨਾਲ ਗੱਲਬਾਤ ਕਰਵਾਈ ਜਾਵੇ। ਪੁਲਿਸ ਵੱਲੋਂ ਧੱਕੇ ਨਾਲ ਲੜਕੀ ਨੂੰ ਕੋਰਟ ਵਿਚ ਪੇਸ਼ ਕੀਤਾ ਗਿਆ ਅਤੇ ਕੋਰਟ ਦਾ ਦਰਵਾਜ਼ਾ ਬੰਦ ਕੀਤਾ ਗਿਆ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਗੇਟ ਖੜਕਾਇਆ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ ਜਿਸ ਤੋਂ ਬਾਅਦ ਪਰਿਵਾਰਕ ਹੰਗਾਮਾ ਕੀਤਾ ਜਿਸ ਤੋਂ ਬਾਅਦ ਡੀਐੱਸਪੀ ਮੌਕੇ ਉਤੇ ਪਹੁੰਚੇ ਜਿਨ੍ਹਾਂ ਵੱਲੋਂ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਨਾਲ ਲਿਜਾਇਆ ਗਿਆ।
ਥਾਣਾ ਨਥਾਣਾ ਦੇ ਇੰਚਾਰਜ ਬਿਕਰਮ ਸਿੰਘ ਚੌਹਾਨ ਨੇ ਦੱਸਿਆ ਕਿ ਪਿਛਲੇ ਦਿਨੀਂ ਪਿੰਡ ਗਿੱਦੜ ਦੀ ਲੜਕੀ ਸਕੀਨਾ ਖਾਨ ਪਿੰਡ ਲਹਿਰਾ ਦੇ ਗੁਰਪ੍ਰੀਤ ਸਿੰਘ ਨਾਲ ਚਲੀ ਗਈ ਸੀ। ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਗੁਰਪ੍ਰੀਤ ਸਿੰਘ ਅਤੇ ਉਸ ਦੇ ਪਰਿਵਾਰਕ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਸੀ।
ਲੜਕੀ ਸਕੀਨਾ ਨੂੰ ਅੱਜ ਬਠਿੰਡਾ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਸੀ, ਇਸ ਦੌਰਾਨ ਹੀ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਲੜਕੀ ਨੂੰ ਧੱਕੇ ਨਾਲ ਲਿਜਾਣ ਦੀ ਕੋਸ਼ਿਸ਼ ਕੀਤੀ ਗਈ ਅਤੇ ਹੱਥੋਪਾਈ ਕੀਤੀ ਗਈ। ਲੜਕੀ ਨੂੰ ਅਦਾਲਤ ਵਿਚ ਪੇਸ਼ ਕਰਕੇ ਉਸ ਨੇ ਬਿਆਨ ਦਰਜ ਕਰਵਾਏ ਜਾ ਰਹੇ ਹਨ ਅਤੇ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਸਿਵਲ ਲਾਈਨ ਥਾਣੇ ਦੇ ਹਵਾਲੇ ਕਰ ਦਿੱਤਾ ਗਿਆ ਹੈ। ਸਿਵਲ ਲਾਈਨ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਕੌਮੀ ਇਨਸਾਫ਼ ਮੋਰਚਾ: ਚੰਡੀਗੜ੍ਹ ਪੁਲਿਸ ਨੇ ਈਮੇਲ ਆਈਡੀ ਕੀਤੀ ਜਾਰੀ, ਘਟਨਾ ਦੀਆਂ ਫੋਟੋਆਂ ਅਤੇ ਵੀਡੀਓਜ਼ ਭੇਜਣ ਅਪੀਲ
ਕੋਰਟ ਵਿਚ ਹੋਏ ਹੰਗਾਮੇ ਤੋਂ ਬਾਅਦ ਮੌਕੇ ਉਤੇ ਪਹੁੰਚੇ ਪੁਲਿਸ ਵੱਲੋਂ ਹਿਰਾਸਤ ਵਿਚ ਲਏ ਗਏ ਲੜਕੀ ਦੇ ਪਰਿਵਾਰਕ ਮੈਂਬਰਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਨ੍ਹਾਂ ਵਿਚ ਮੌਜੂਦਾ ਪਿੰਡ ਗਿੱਦੜ ਦਾ ਸਰਪੰਚ 2 ਔਰਤਾਂ ਸਣੇ ਕੁੱਲ 10 ਲੋਕਾਂ ਖ਼ਿਲਾਫ਼ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਥਾਣਾ ਸਿਵਲ ਲਾਈਨ ਦੇ ਇੰਚਾਰਜ ਯਾਦਵਿੰਦਰ ਸਿੰਘ ਬਰਾੜ ਨੇ ਕਿਹਾ ਕਿ 2 ਔਰਤਾ ਸਣੇ ਕੁੱਲ 10 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।