ਪਾਕਿਸਤਾਨ 'ਚ ਸਿੱਖਾਂ 'ਤੇ ਹੋਏ ਹਮਲੇ ਮਗਰੋਂ ਭਾਰਤ ਵੱਲੋਂ ਪਾਕਿ ਡਿਪਲੋਮੈਟ ਤਲਬ, ਜਤਾਇਆ ਸਖ਼ਤ ਇਤਰਾਜ਼
ਪਾਕਿਸਤਾਨ ਵਿੱਚ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾ ਕੇ ਕਤਲ ਕਰਨ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਪੇਸ਼ਾਵਰ ‘ਚ ਹੀ ਦੋ ਦਿਨਾਂ ‘ਚ ਸਿੱਖਾਂ ‘ਤੇ ਹਮਲੇ ਦੀ ਦੂਜੀ ਘਟਨਾ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਭਾਰਤ ਨੇ ਸਖਤ ਰੁਖ ਅਖ਼ਤਿਆਰ ਕੀਤਾ ਹੈ।
ਨਵੀਂ ਦਿੱਲੀ: ਪਾਕਿਸਤਾਨ 'ਚ ਸਿੱਖ ਭਾਈਚਾਰੇ 'ਤੇ ਹੋਏ ਹਮਲਿਆਂ ਤੋਂ ਬਾਅਦ ਭਾਰਤ ਨੇ ਸੋਮਵਾਰ 26 ਜੂਨ ਨੂੰ ਨਵੀਂ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਦੇ ਸੀਨੀਅਰ ਡਿਪਲੋਮੈਟ ਨੂੰ ਤਲਬ ਕੀਤਾ ਹੈ। ਪਾਕਿਸਤਾਨ ਦੇ ਪੇਸ਼ਾਵਰ 'ਚ 24 ਜੂਨ ਸ਼ਨਿੱਚਰਵਾਰ ਨੂੰ ਬੰਦੂਕਧਾਰੀਆਂ ਨੇ ਮਨਮੋਹਨ ਸਿੰਘ ਨਾਂ ਦੇ ਸਿੱਖ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਕੱਟੜਪੰਥੀ ਸੋਚ ਵਾਲੇ ਇਸਲਾਮਿਕ ਸਟੇਟ ਖੁਰਾਸਾਨ ਪ੍ਰਾਂਤ (ISKP) ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ। ਪਿਸ਼ਾਵਰ 'ਚ ਪਿਛਲੇ 48 ਘੰਟਿਆਂ 'ਚ ਸਿੱਖ ਵਿਅਕਤੀ 'ਤੇ ਹਮਲੇ ਦੀ ਇਹ ਦੂਜੀ ਘਟਨਾ ਹੈ। ਭਾਰਤ ਨੇ ਇਨ੍ਹਾਂ ਘਟਨਾਵਾਂ ਦਾ ਸਖ਼ਤ ਵਿਰੋਧ ਦਰਜ ਕਰਵਾਇਆ ਹੈ।
ਨਿਊਜ਼ ਏਜੰਸੀ ਦੇ ਰਾਜਨੀਤਿਕ ਸੂਤਰਾਂ ਮੁਤਾਬਕ ਭਾਰਤ ਨੇ ਕਿਹਾ ਹੈ ਕਿ ਪਾਕਿਸਤਾਨੀ ਅਧਿਕਾਰੀਆਂ ਨੂੰ ਸਿੱਖ ਭਾਈਚਾਰੇ 'ਤੇ ਹੋਏ ਇਨ੍ਹਾਂ ਹਿੰਸਕ ਹਮਲਿਆਂ ਦੀ ਇਮਾਨਦਾਰੀ ਨਾਲ ਜਾਂਚ ਕਰਨੀ ਚਾਹੀਦੀ ਹੈ ਅਤੇ ਜਾਂਚ ਰਿਪੋਰਟ ਸਾਂਝੀ ਕਰਨੀ ਚਾਹੀਦੀ ਹੈ। ਸੂਤਰਾਂ ਨੇ ਇਹ ਵੀ ਦੱਸਿਆ ਹੈ ਕਿ ਪਾਕਿਸਤਾਨ ਨੂੰ ਆਪਣੀਆਂ ਘੱਟ ਗਿਣਤੀਆਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ, ਜੋ ਧਾਰਮਿਕ ਅੱਤਿਆਚਾਰ ਦੇ ਲਗਾਤਾਰ ਡਰ ਵਿੱਚ ਰਹਿੰਦੇ ਹਨ।
ਤਿੰਨ ਮਹੀਨੇ 'ਚ ਚਾਰ ਸਿੱਖਾਂ 'ਤੇ ਹਮਲਾ
ਮਨਮੋਹਨ ਸਿੰਘ ਪੇਸ਼ਾਵਰ ਦੇ ਉਪਨਗਰ ਰਸ਼ੀਦ ਗੜ੍ਹੀ ਤੋਂ ਸ਼ਹਿਰ ਦੇ ਖੇਤਰ ਵੱਲ ਜਾ ਰਹੇ ਸਨ। ਜਦੋਂ ਕੁਝ ਹਥਿਆਰਬੰਦ ਵਿਅਕਤੀਆਂ ਨੇ ਗੁਲਦਾਰਾ ਚੌਕ, ਕਕਸ਼ਾਲ ਨੇੜੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਪਾਕਿਸਤਾਨ ਵਿੱਚ ਅਪ੍ਰੈਲ ਤੋਂ ਜੂਨ 2023 ਤੱਕ ਸਿੱਖਾਂ ਵਿਰੁੱਧ ਚਾਰ ਘਟਨਾਵਾਂ ਵਾਪਰ ਚੁੱਕੀਆਂ ਹਨ। ਭਾਰਤ ਨੇ ਇਨ੍ਹਾਂ ਘਟਨਾਵਾਂ ਨੂੰ ਗੰਭੀਰਤਾ ਨਾਲ ਲਿਆ ਹੈ।
ਪੇਸ਼ਾਵਰ ਪੁਲਿਸ ਨੇ ਦਿੱਤਾ ਇਹ ਬਿਆਨ?
ਮਨਮੋਹਨ ਸਿੰਘ ਦੀ ਹੱਤਿਆ ਦੇ ਮਾਮਲੇ ਵਿਚ ਪੇਸ਼ਾਵਰ ਪੁਲਿਸ ਨੇ ਦੱਸਿਆ ਹੈ ਕਿ ਕੁਝ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮਨਮੋਹਨ ਸਿੰਘ ਪੇਸ਼ੇ ਤੋਂ 'ਹਕੀਮ' (ਯੂਨਾਨੀ ਦਵਾਈ ਪ੍ਰੈਕਟੀਸ਼ਨਰ) ਸਨ। ਪੁਲਿਸ ਨੇ ਦੱਸਿਆ ਕਿ ਉਹ ਕਤਲ ਵਿੱਚ ਸ਼ਾਮਲ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦੇ ਕਰੀਬ ਪਹੁੰਚ ਗਏ ਹਨ।
ਇੱਕ ਹੋਰ ਸਿੱਖ ਦੁਕਾਨਦਾਰ 'ਤੇ ਹੋਇਆ ਹਮਲਾ
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਪੇਸ਼ਾਵਰ ਦੇ ਰਸ਼ੀਦ ਗੜ੍ਹੀ ਇਲਾਕੇ 'ਚ ਇਸੇ ਤਰਜ਼ ਨਾਲ ਸਿੱਖ ਦੁਕਾਨਦਾਰ ਤਰਲੋਕ ਸਿੰਘ 'ਤੇ ਗੋਲੀਆਂ ਚਲਾਈਆਂ ਗਈਆਂ ਸਨ। ਇਸੇ ਤਰ੍ਹਾਂ ਹਮਲਾਵਰ ਮੋਟਰਸਾਈਕਲ ’ਤੇ ਆਏ ਅਤੇ ਦੁਕਾਨ ’ਤੇ ਬੈਠੇ ਤਰਲੋਕ ਸਿੰਘ ’ਤੇ ਗੋਲੀਆਂ ਚਲਾ ਦਿੱਤੀਆਂ। ਤਰਲੋਕ ਸਿੰਘ ਦੀ ਲੱਤ 'ਤੇ ਗੋਲੀ ਲੱਗੀ ਸੀ। ਫਿਲਹਾਲ ਉਹ ਹਸਪਤਾਲ 'ਚ ਜ਼ਰੇ ਇਲਾਜ ਹਨ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ....
ਇਹ ਵੀ ਪੜ੍ਹੋ: ਗੈਂਗਸਟਰ ਗੋਲਡੀ ਬਰਾੜ ਨੇ ਕਬੂਲਿਆ ਮੂਸੇਵਾਲੇ ਦਾ ਕਤਲ; ਆਡੀਓ ਇੰਟਰਵਿਊ 'ਚ ਕੀਤਾ ਇਹ ਦਾਅਵਾ