Chief Minister of Delhi : ਦਿੱਲੀ ਦੇ ਨਵੇਂ ਮੁੱਖ ਮੰਤਰੀ ਬਣੇ ਆਤਿਸ਼ੀ ਮਾਰਲੇਨਾ, 5 ਮੰਤਰੀਆਂ ਸਮੇਤ ਚੁੱਕੀ ਸਹੁੰ
Delhi New CM Atishi : ਆਮ ਆਦਮੀ ਪਾਰਟੀ ਦੇ ਦਿੱਗਜ਼ ਨੇਤਾ ਅਤੇ ਅਰਵਿੰਦ ਕੇਜਰੀਵਾਲ ਦੇ ਕਰੀਬੀ ਵਿਧਾਇਕ ਆਤਿਸ਼ੀ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਆਤਿਸ਼ੀ ਸਮੇਤ ਆਪਣੇ ਕੈਬਨਿਟ ਮੰਤਰੀਆਂ ਨੂੰ ਸਹੁੰ ਚੁਕਾਈ।
Atishi Delhi New CM : ਆਮ ਆਦਮੀ ਪਾਰਟੀ ਦੇ ਦਿੱਗਜ਼ ਨੇਤਾ ਅਤੇ ਅਰਵਿੰਦ ਕੇਜਰੀਵਾਲ ਦੇ ਕਰੀਬੀ ਵਿਧਾਇਕ ਆਤਿਸ਼ੀ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਇਸ ਮੌਕੇ 5 ਮੰਤਰੀਆਂ ਨੇ ਵੀ ਅਹੁਦੇ ਦੀ ਸਹੁੰ ਚੁੱਕੀ। ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਆਤਿਸ਼ੀ ਸਮੇਤ ਆਪਣੇ ਕੈਬਨਿਟ ਮੰਤਰੀਆਂ ਨੂੰ ਸਹੁੰ ਚੁਕਾਈ। ਆਤਿਸ਼ੀ ਦੇ ਨਾਲ ਸਹੁੰ ਚੁੱਕਣ ਵਾਲੇ 5 ਮੰਤਰੀਆਂ 'ਚ ਸੌਰਭ ਭਾਰਦਵਾਜ ਤੋਂ ਲੈ ਕੇ ਕੈਲਾਸ਼ ਗਹਿਲੋਤ, ਗੋਪਾਲ ਰਾਏ, ਮੁਕੇਸ਼ ਅਹਲਾਵਤ ਅਤੇ ਇਮਰਾਨ ਹੁਸੈਨ ਤੱਕ ਦੇ ਨਾਮ ਸ਼ਾਮਲ ਹਨ।
ਦੱਸ ਦੇਈਏ ਕਿ ਵਿਵਾਦਤ ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਅਸਤੀਫਾ ਦੇ ਦਿੱਤਾ ਸੀ ਅਤੇ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਮਨੀਸ਼ ਸਿਸੋਦੀਆ ਵੀ ਮੁੱਖ ਮੰਤਰੀ ਦਾ ਅਹੁਦਾ ਨਹੀਂ ਸੰਭਾਲਣਗੇ। ਇਸ ਲਈ ਸੀਐਮ ਦਾ ਅਹੁਦਾ ਆਤਿਸ਼ੀ ਨੂੰ ਦਿੱਤਾ ਗਿਆ ਹੈ।
ਦਿੱਲੀ ਦੀ ਕਾਲਕਾਜੀ ਸੀਟ ਤੋਂ ਪਹਿਲੀ ਵਾਰ ਵਿਧਾਇਕ ਬਣੇ ਆਤਿਸ਼ੀ ਕੇਜਰੀਵਾਲ ਸਰਕਾਰ ਵਿੱਚ ਜ਼ਿਆਦਾਤਰ ਵਿਭਾਗ ਸੰਭਾਲ ਰਹੇ ਸਨ। ਉਨ੍ਹਾਂ ਨੂੰ ਅਰਵਿੰਦ ਕੇਜਰੀਵਾਲ ਦੇ ਸਭ ਤੋਂ ਕਰੀਬੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਜਦੋਂ ਤੋਂ ਕੇਜਰੀਵਾਲ ਨੇ ਅਸਤੀਫੇ ਦਾ ਐਲਾਨ ਕੀਤਾ ਸੀ, ਉਦੋਂ ਤੋਂ ਹੀ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਆਤਿਸ਼ੀ ਨੂੰ ਦਿੱਲੀ ਦਾ ਅਗਲਾ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ। ਬਿਲਕੁਲ ਅਜਿਹਾ ਹੀ ਹੋਇਆ। 'ਆਪ' ਵਿਧਾਇਕ ਦਲ ਦੀ ਬੈਠਕ 'ਚ ਆਤਿਸ਼ੀ ਨੂੰ ਮੁੱਖ ਮੰਤਰੀ ਚੁਣਿਆ ਗਿਆ।
ਦਿੱਲੀ ਦੀ ਤੀਜੀ ਮਹਿਲਾ ਮੁੱਖ ਮੰਤਰੀ ਆਤਿਸ਼ੀ
ਸ਼ੀਲਾ ਦੀਕਸ਼ਿਤ ਦੇ ਕਰੀਬ ਇੱਕ ਦਹਾਕੇ ਬਾਅਦ ਇੱਕ ਮਹਿਲਾ ਮੁੱਖ ਮੰਤਰੀ ਦਿੱਲੀ ਪਰਤ ਆਈ ਹੈ। ਉਨ੍ਹਾਂ ਤੋਂ ਪਹਿਲਾਂ ਭਾਜਪਾ ਦੀ ਸੁਸ਼ਮਾ ਸਵਰਾਜ ਅਤੇ ਕਾਂਗਰਸ ਦੀ ਸ਼ੀਲਾ ਦੀਕਸ਼ਿਤ ਦਿੱਲੀ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਕਾਂਗਰਸ ਦੀ ਸ਼ੀਲਾ ਦੀਕਸ਼ਿਤ 1998 'ਚ ਦਿੱਲੀ ਦੀ ਮੁੱਖ ਮੰਤਰੀ ਬਣੀ। ਉਹ 15 ਸਾਲ 25 ਦਿਨ ਇਸ ਅਹੁਦੇ 'ਤੇ ਰਹੀ। ਜਦੋਂ ਕਿ ਭਾਜਪਾ ਆਗੂ ਸੁਸ਼ਮਾ ਸਵਰਾਜ 1998 ਵਿੱਚ ਸਿਰਫ਼ 52 ਦਿਨਾਂ ਲਈ ਦਿੱਲੀ ਦੀ ਮੁੱਖ ਮੰਤਰੀ ਬਣੀ ਸੀ। ਨਾਲ ਹੀ, ਆਤਿਸ਼ੀ ਭਾਰਤ ਵਿੱਚ ਸਭ ਤੋਂ ਛੋਟੀ ਉਮਰ ਦੀ ਪ੍ਰਮੁੱਖ ਮਹਿਲਾ ਮੁੱਖ ਮੰਤਰੀ ਚਿਹਰਿਆਂ ਵਿੱਚੋਂ ਇੱਕ ਬਣ ਗਈ ਹੈ।
ਹੁਣ ਤੱਕ ਦੀ ਸਭ ਤੋਂ ਘੱਟ ਉਮਰ ਦੀ ਮਹਿਲਾ ਮੁੱਖ ਮੰਤਰੀ ਦਾ ਰਿਕਾਰਡ ਸ਼ਸ਼ੀਕਲਾ ਕਾਕੋਡਕਰ ਦੇ ਨਾਮ ਹੈ, ਜੋ 38 ਸਾਲ ਦੀ ਉਮਰ ਵਿੱਚ ਗੋਆ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਬਣੀ ਸੀ। ਨੰਦਿਨੀ ਸਤਪਥੀ 41 ਸਾਲ ਦੀ ਉਮਰ ਵਿੱਚ ਓਡੀਸ਼ਾ ਦੀ ਮੁੱਖ ਮੰਤਰੀ ਬਣੀ ਸੀ।
ਬਸਪਾ ਨੇਤਾ ਕੁਮਾਰੀ ਮਾਇਆਵਤੀ 39 ਸਾਲ ਦੀ ਉਮਰ ਵਿੱਚ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਬਣੀ। ਮਾਇਆਵਤੀ ਤੋਂ ਇਲਾਵਾ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਵਾਲੀ ਇਕ ਹੋਰ ਨੌਜਵਾਨ ਮਹਿਲਾ ਮੁੱਖ ਮੰਤਰੀ ਰਾਸ਼ਟਰੀ ਜਨਤਾ ਦਲ ਦੇ ਨੇਤਾ ਲਾਲੂ ਪ੍ਰਸਾਦ ਯਾਦਵ ਦੀ ਪਤਨੀ ਰਾਬੜੀ ਦੇਵੀ ਸੀ।