Neha Sangwan: 16 ਸਾਲ ਦੀ ਉਮਰ 'ਚ ਹਰਿਆਣਾ ਦੀ ਨੇਹਾ ਸਾਂਗਵਾਨ ਨੇ ਜਿੱਤਿਆ ਭਾਰਤ ਕੁਮਾਰੀ ਦਾ ਦੰਗਲ, ਬਣਾਇਆ ਇਹ ਰਿਕਾਰਡ

ਨੇਹਾ ਨੇ 28 ਅਕਤੂਬਰ ਨੂੰ ਵਾਰਾਣਸੀ ਡਿਵੀਜ਼ਨ ਦੇ ਮਿਰਜ਼ਾਪੁਰ ਵਿੱਚ ਹੋਏ ਰਾਸ਼ਟਰੀ ਪੱਧਰ ਦੇ ਕੁਸ਼ਤੀ ਮੁਕਾਬਲੇ ਵਿੱਚ ਇਹ ਉਪਲਬਧੀ ਹਾਸਲ ਕੀਤੀ ਹੈ।

By  Aarti November 2nd 2023 07:57 PM

Neha Sangwan:  ਦੰਗਲ ਗਰਲ ਵਜੋਂ ਜਾਣੀ ਜਾਂਦੀ ਪਿੰਡ ਬਲਾਲੀ ਦੀ ਗੀਤਾ, ਬਬੀਤਾ ਅਤੇ ਵਿਨੇਸ਼ ਤੋਂ ਬਾਅਦ ਸਾਬਕਾ ਸਰਪੰਚ ਅਮਿਤ ਸਾਂਗਵਾਨ ਦੀ ਬੇਟੀ ਨੇਹਾ ਸਾਂਗਵਾਨ ਨੇ 16 ਸਾਲ ਦੀ ਉਮਰ ਵਿੱਚ ਭਾਰਤ ਕੁਮਾਰੀ ਦੰਗਲ ਜਿੱਤ ਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਧੀ ਦੀ ਇਸ ਕਾਮਯਾਬੀ ਤੋਂ ਬਾਅਦ ਪਰਿਵਾਰ ’ਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ।  

ਦੱਸ ਦਈਏ ਕਿ ਨੇਹਾ ਨੇ 28 ਅਕਤੂਬਰ ਨੂੰ ਵਾਰਾਣਸੀ ਡਿਵੀਜ਼ਨ ਦੇ ਮਿਰਜ਼ਾਪੁਰ ਵਿੱਚ ਹੋਏ ਰਾਸ਼ਟਰੀ ਪੱਧਰ ਦੇ ਕੁਸ਼ਤੀ ਮੁਕਾਬਲੇ ਵਿੱਚ ਇਹ ਉਪਲਬਧੀ ਹਾਸਲ ਕੀਤੀ ਹੈ। ਨੇਹਾ ਨੇ ਜਿੱਥੇ ਬਲਾਲੀ ਭੈਣਾਂ ਤੋਂ ਪ੍ਰੇਰਨਾ ਲਈ, ਉੱਥੇ ਹੀ ਉਹ ਦਰੋਣਾਚਾਰੀਆ ਐਵਾਰਡੀ ਮਹਾਬੀਰ ਫੋਗਾਟ ਤੋਂ ਕੁਸ਼ਤੀ ਦੇ ਗੁਰ ਸਿੱਖ ਕੇ ਇਸ ਮੁਕਾਮ 'ਤੇ ਪਹੁੰਚੀ ਹੈ। ਇਸ ਤੋਂ ਪਹਿਲਾਂ ਵੀ ਨੇਹਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ 10 ਗੋਲਡ ਸਮੇਤ 11 ਮੈਡਲ ਜਿੱਤ ਚੁੱਕੀ ਹੈ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਬਲਾਲੀ ਦੀ ਰਹਿਣ ਵਾਲੀ ਨੇਹਾ ਨੇ ਤੀਜੀ ਪੀੜ੍ਹੀ ਵਿੱਚ ਵੀ ਆਪਣੇ ਪਰਿਵਾਰ ਦੀ ਕੁਸ਼ਤੀ ਦੀ ਪਰੰਪਰਾ ਨੂੰ ਕਾਇਮ ਰੱਖਿਆ ਹੈ। ਕੁਸ਼ਤੀ ਦੀ ਸ਼ੁਰੂਆਤ ਨੇਹਾ ਦੇ ਦਾਦਾ ਕਰਤਾਰ ਸਿੰਘ ਨੇ ਕੀਤੀ ਸੀ ਅਤੇ ਉਹ ਆਪਣੇ ਸਮੇਂ ਦੇ ਮਸ਼ਹੂਰ ਭਲਵਾਨ ਵੀ ਸਨ। ਨੇਹਾ ਦੇ ਪਿਤਾ ਅਮਿਤ ਪਿੰਡ ਦੇ ਸਰਪੰਚ ਰਹਿ ਚੁੱਕੇ ਹਨ ਅਤੇ ਉਹ ਅਖਾੜੇ ਨਾਲ ਵੀ ਜੁੜੇ ਰਹੇ ਹਨ। ਉਸ ਤੋਂ ਬਾਅਦ, ਨੇਹਾ ਨੇ ਆਪਣੇ ਪਰਿਵਾਰ ਤੋਂ ਪ੍ਰੇਰਨਾ ਲੈ ਕੇ, 2016 ਵਿੱਚ ਸੱਤ ਸਾਲ ਦੀ ਉਮਰ ਵਿੱਚ ਦਰੋਣਾਚਾਰੀਆ ਐਵਾਰਡੀ ਪਹਿਲਵਾਨ ਮਹਾਬੀਰ ਫੋਗਾਟ ਦੇ ਅਖਾੜੇ ਵਿੱਚ ਕੁਸ਼ਤੀ ਸ਼ੁਰੂ ਕੀਤੀ।

ਇਹ ਵੀ ਪੜ੍ਹੋ: ਹਰਿਆਣਾ ਦੀਆਂ ਸੁਹਾਗਣਾਂ ਦੀ ਮੰਗ; ਅਗਲੇ ਸਾਲ SYL ਦੇ ਪਾਣੀ ਨਾਲ ਹੀ ਖੋਲ੍ਹਾਂਗੇ ਕਰਵਾਚੌਥ ਵਰਤ

Related Post