ਅਰੁਣਾਚਲ ਪ੍ਰਦੇਸ਼: ਤਵਾਂਗ ਸੈਕਟਰ 'ਚ ਭਾਰਤੀ ਅਤੇ ਚੀਨੀ ਫੌਜੀਆਂ ਵਿਚਾਲੇ ਝੜਪ

By  Pardeep Singh December 13th 2022 08:14 AM -- Updated: December 13th 2022 01:37 PM

ਅਰੁਣਾਚਲ ਪ੍ਰਦੇਸ਼ :  ਤਵਾਂਗ ਜ਼ਿਲ੍ਹੇ ਵਿੱਚ  ਕੰਟਰੋਲ ਰੇਖਾ (LAC) 'ਤੇ ਭਾਰਤੀ ਅਤੇ ਚੀਨੀ ਫ਼ੌਜਾਂ ਵਿਚਾਲੇ ਹੋਈ ਝੜਪ ਦੌਰਾਨ ਦੋਵਾਂ ਪਾਸਿਆਂ ਦੇ ਕਈ ਸੈਨਿਕਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ।  ਮਿਲੀ ਜਾਣਕਾਰੀ  ਮੁਤਾਬਕ ਇਹ ਘਟਨਾ 9 ਦਸੰਬਰ ਦੀ ਦੱਸੀ ਜਾ ਰਹੀ ਹੈ।  

ਫੌਜ ਦੇ ਸੂਤਰਾਂ ਮੁਤਾਬਕ  ਭਾਰਤੀ ਫੌਜ ਦੇ ਘੱਟੋ-ਘੱਟ 20 ਜਵਾਨ ਜ਼ਖਮੀ ਹੋਏ ਹਨ। ਇਸ ਦੇ ਨਾਲ ਹੀ ਚੀਨੀ ਫੌਜ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਸੂਤਰਾਂ ਮੁਤਾਬਕ ਘਟਨਾ ਦੇ ਸਮੇਂ ਦੂਜੇ ਪਾਸੇ ਕਰੀਬ 600 ਚੀਨੀ ਫੌਜੀ ਮੌਜੂਦ ਸਨ।

ਸਥਾਨਕ ਸੂਤਰਾਂ ਦੇ ਅਨੁਸਾਰ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਦੇ ਫੌਜੀਆ ਵੱਲੋਂ ਐਲਏਸੀ ਦਾ ਨਿਰਮਾਣ ਕੀਤਾ ਜਾ ਰਿਹਾ ਸੀ ਪਰ ਜਦੋਂ ਭਾਰਤੀ ਫੌਜ ਦੇ ਜਵਾਨਾਂ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਵਰਜਿਆ ਅਤੇ ਸਖ਼ਤੀ ਨਾਲ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ। ਇਸ ਤੋਂ ਬਾਅਦ ਹੋਈ ਝੜਪ ਵਿੱਚ ਦੋਵਾਂ ਪਾਸਿਆਂ ਦੇ ਜਵਾਨਾਂ ਨੂੰ ਸੱਟਾਂ ਲੱਗੀਆਂ। ਝੜਪ ਤੋਂ ਤੁਰੰਤ ਬਾਅਦ ਦੋਵੇਂ ਧਿਰਾਂ ਆਪੋ-ਆਪਣੇ ਇਲਾਕਿਆਂ ਨੂੰ ਪਰਤ ਗਈਆਂ।

ਦੱਸ ਦੇਈਏ ਕਿ 1 ਮਈ 2020 ਨੂੰ ਪੂਰਬੀ ਲੱਦਾਖ ਵਿੱਚ ਪੈਂਗੋਂਗ ਤਸੋ ਝੀਲ ਦੇ ਉੱਤਰੀ ਕੰਢੇ 'ਤੇ ਦੋਵਾਂ ਦੇਸ਼ਾਂ ਦੇ ਸੈਨਿਕਾਂ ਵਿਚਕਾਰ ਝੜਪ ਹੋਈ ਸੀ। ਇਸ ਝੜਪ ਵਿੱਚ ਦੋਵਾਂ ਪਾਸਿਆਂ ਦੇ ਕਈ ਜਵਾਨ ਜ਼ਖ਼ਮੀ ਹੋ ਗਏ। ਇੱਥੋਂ ਤਣਾਅ ਦੀ ਸਥਿਤੀ ਵਧ ਗਈ। 

ਅਕਤੂਬਰ 2021 ਵਿੱਚ ਵੀ ਤਣਾਅ 

15 ਜੂਨ, 2020 ਨੂੰ ਪੂਰਬੀ ਲੱਦਾਖ ਵਿੱਚ ਗਲਵਾਨ ਝੜਪ ਤੋਂ ਬਾਅਦ ਦੋਵਾਂ ਫੌਜਾਂ ਦਰਮਿਆਨ ਹਿੰਸਕ ਝੜਪ ਦੀ ਇਹ ਪਹਿਲੀ ਘਟਨਾ ਹੈ। ਅਕਤੂਬਰ 2021 'ਚ ਇਸ ਜਗ੍ਹਾ 'ਤੇ ਦੋਵੇਂ ਫੌਜਾਂ ਆਹਮੋ-ਸਾਹਮਣੇ ਆ ਗਈਆਂ ਸਨ। ਉਦੋਂ ਭਾਰਤੀ ਫੌਜ ਨੇ ਕਈ ਚੀਨੀ ਸੈਨਿਕਾਂ ਨੂੰ ਘੰਟਿਆਂ ਤੱਕ ਬੰਧਕ ਬਣਾ ਕੇ ਰੱਖਿਆ ਸੀ। ਗੱਲਬਾਤ ਤੋਂ ਬਾਅਦ ਉਸ ਨੂੰ ਰਿਹਾਅ ਕਰ ਦਿੱਤਾ ਗਿਆ।

1962 ਤੋਂ ਵਿਵਾਦ

ਭਾਰਤ ਅਤੇ ਚੀਨ ਦੀ ਲਗਭਗ 3,440 ਕਿਲੋਮੀਟਰ ਦੀ ਸਰਹੱਦ ਸਾਂਝੀ ਹੈ। ਇਸ ਦੇ ਜ਼ਿਆਦਾਤਰ ਹਿੱਸੇ 1962 ਦੀ ਜੰਗ ਤੋਂ ਬਾਅਦ ਵਿਵਾਦਤ ਹਨ। ਹੁਣ ਤੱਕ ਹੋਈਆਂ ਬੈਠਕਾਂ 'ਚ ਦੋਵੇਂ ਦੇਸ਼ ਸਥਿਤੀ 'ਤੇ ਕਾਬੂ ਪਾਉਣ, ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣ ਲਈ ਕੋਈ ਹੱਲ ਲੱਭਣ 'ਤੇ ਸਹਿਮਤ ਹੋਏ ਹਨ। 

Related Post