Success story : ਅਰੁਣ ਕੁਮਾਰ ਰਾਣਾ ਨੇ ਮਾਪਿਆਂ ਅਤੇ ਪਿੰਡ ਆਸਫਪੁਰ ਦਾ ਨਾਮ ਕੀਤਾ ਰੌਸ਼ਨ, ਭਾਰਤੀ ਫੌਜ 'ਚ ਚੁਣਿਆ ਲੈਫਟੀਨੈਂਟ

Success story of Lieutenant Arun Kumar Rana : ਅਰੁਣ ਕੁਮਾਰ ਨੇ ਕਿਹਾ ਕਿ ਇਹ ਉਸ ਲਈ, ਉਸ ਦੀ ਮਾਤਾ ਅਤੇ ਉਸ ਦੇ ਪਿੰਡ ਲਈ ਬਹੁਤ ਹੀ ਮਾਣ ਵਾਲਾ ਪਲ ਹੈ ਕਿ ਭਾਰਤੀ ਫੌਜ ਵਿੱਚ ਅਫਸਰ ਵੱਜੋਂ ਚੁਣਿਆ ਗਿਆ ਹੈ।

By  KRISHAN KUMAR SHARMA September 12th 2024 04:06 PM -- Updated: September 12th 2024 04:17 PM

Hoshiarpur News : ਹੁਸ਼ਿਆਰਪੁਰ ਅਧੀਨ ਦਸੂਹਾ ਦੇ ਪਿੰਡ ਆਸਫਪੁਰ ਦੇ ਰਹਿਣ ਵਾਲੇ ਨੌਜਵਾਨ ਅਰੁਣ ਕੁਮਾਰ ਰਾਣਾ ਨੇ ਭਾਰਤੀ ਫੌਜ ਵਿੱਚ ਲੈਫਟੀਨੈਂਟ ਬਣ ਕੇ ਆਪਣੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ। ਨੌਜਵਾਨ ਅਰੁਣ ਕੁਮਾਰ ਦੀ ਇਸ ਪ੍ਰਾਪਤੀ 'ਤੇ ਇਲਾਕੇ ਦੇ ਛੋਟੇ ਜਿਹੇ ਪਿੰਡ ਆਸਫਪੁਰ 'ਚ ਖੁਸ਼ੀ ਦੀ ਲਹਿਰ ਹੈ। ਅਰੁਣ ਨੂੰ ਵਧਾਈ ਦੇਣ ਲਈ ਲੋਕਾਂ ਵੱਲੋਂ ਉਸ ਦੇ ਘਰ ਤਾਂਤਾ ਲਾਇਆ ਹੋਇਆ ਹੈ।

ਅਰੁਣ ਦੇਰ ਰਾਤ ਆਪਣੇ ਜੱਦੀ ਪਿੰਡ ਪਹੁੰਚਿਆ, ਜਿਥੇ ਉਸ ਦਾ ਪਹਿਲਾਂ ਤੋਂ ਹੀ ਤਿਆਰ ਖੜੀ ਉਸ ਦੀ ਮਾਤਾ ਸਮੇਤ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨੇ ਢੋਲ-ਢਮੱਕਿਆਂ ਨਾਲ ਗੱਜ-ਵੱਜ ਕੇ ਉਸ ਦਾ ਸਵਾਗਤ ਕੀਤਾ ਅਤੇ ਹਾਰ ਪਹਿਨਾਏ ਤੇ ਤਸਵੀਰਾਂ ਖਿਚਵਾਈਆਂ ਗਈਆਂ।

ਇਸ ਮੌਕੇ ਅਰੁਣ ਕੁਮਾਰ ਦੀ ਮਾਤਾ ਦੀ ਖੁਸ਼ੀ ਆਪ-ਮੁਹਾਰੇ ਹੀ ਵੇਖੀ ਜਾ ਸਕਦੀ ਸੀ, ਜਿਨ੍ਹਾਂ ਦੇ ਪਤੀ ਦੀ ਬੇਟੇ ਅਰੁਣ ਦੇ ਬਚਪਨ ਵਿੱਚ ਹੀ ਮੌਤ ਹੋ ਗਈ ਸੀ। ਦੱਸ ਦਈਏ ਕਿ ਅਰੁਣ ਦੀ ਮਾਂ ਵੀ ਸੀਆਰਪੀ ਵਿੱਚ ਸਬ-ਇੰਸਪੈਕਟਰ ਵਜੋਂ ਸੇਵਾ ਨਿਭਾਅ ਰਹੀ ਹੈ। ਅਰੁਣ ਦੀ ਮਾਂ ਨੇ ਦੱਸਿਆ ਕਿ ਅਰੁਣ 4 ਸਾਲ ਦਾ ਸੀ, ਜਦੋਂ ਉਸਦੇ ਪਿਤਾ ਦੀ ਮੌਤ ਹੋ ਗਈ। ਉਹ ਸੀ.ਆਰ.ਪੀ.ਐਫ. ਪਿਤਾ ਦੀ ਮੌਤ ਤੋਂ ਬਾਅਦ ਅਰੁਣ ਦੀ ਮਾਂ ਨੂੰ ਸੀਆਰਪੀਐਫ ਵਿੱਚ ਨੌਕਰੀ ਮਿਲ ਗਈ ਸੀ।

ਇਸ ਮੌਕੇ ਅਰੁਣ ਕੁਮਾਰ ਨੇ ਕਿਹਾ ਕਿ ਇਹ ਉਸ ਲਈ, ਉਸ ਦੀ ਮਾਤਾ ਅਤੇ ਉਸ ਦੇ ਪਿੰਡ ਲਈ ਬਹੁਤ ਹੀ ਮਾਣ ਵਾਲਾ ਪਲ ਹੈ ਕਿ ਭਾਰਤੀ ਫੌਜ ਵਿੱਚ ਅਫਸਰ ਵੱਜੋਂ ਚੁਣਿਆ ਗਿਆ ਹੈ। ਉਸ ਨੇ ਦੱਸਿਆ ਕਿ ਫੌਜ 'ਚ ਉਸ ਦੀ ਭਰਤੀ 2 ਅਕਤੂਬਰ 2023 ਨੂੰ ਹੋਈ ਸੀ, ਉਪਰੰਤ ਇੱਕ ਸਾਲ ਦੀ ਟ੍ਰੇਨਿੰਗ ਪਿੱਛੋਂ 7 ਸਤੰਬਰ 2024 ਨੂੰ ਉਸ ਨੂੰ ਲੈਫਟੀਨੈਂਟ ਦਾ ਅਹੁਦਾ ਪ੍ਰਾਪਤ ਹੋਇਆ ਹੈ। ਉਸ ਨੇ ਕਿਹਾ ਕਿ ਇਸ ਪ੍ਰਾਪਤੀ ਵਿੱਚ ਉਸ ਦੀ ਮਾਤਾ ਤੋਂ ਲੈ ਕੇ ਚਾਚੇ-ਤਾਇਆਂ ਸਮੇਤ ਸਾਰੇ ਰਿਸ਼ਤੇਦਾਰਾਂ ਨੇ ਉਸ ਦਾ ਵੱਧ ਚੜ੍ਹ ਕੇ ਸਾਥ ਦਿੱਤਾ ਹੈ। ਨਾਲ ਹੀ ਉਸ ਦੇ ਦੋਸਤਾਂ ਦਾ ਵੀ ਬਹੁਤ ਸਾਥ ਰਿਹਾ, ਜਿਨ੍ਹਾਂ ਤੋਂ ਉਸ ਨੇ ਬਹੁਤ ਕੁੱਝ ਸਿੱਖਿਆ ਹੈ।

ਅਰੁਣ ਰਾਣਾ ਨੇ ਨੌਜਵਾਨਾਂ ਨੂੰ ਦਿੱਤਾ ਸੰਦੇਸ਼

ਲੈਫਟੀਨੈਂਟ ਅਰੁਣ ਕੁਮਾਰ ਰਾਣਾ ਨੇ ਦੇਸ਼ ਭਰ ਦੇ ਨੌਜਵਾਨਾਂ ਨੂੰ ਸੰਦੇਸ਼ ਦਿੱਤਾ ਹੈ ਕਿ ਉਹ ਆਪਣੀ ਊਰਜਾ ਨੂੰ ਸਹੀ ਦਿਸ਼ਾ ਵਿੱਚ ਵਰਤਣ ਅਤੇ ਇੱਕ ਚੰਗੇ ਦੇਸ਼ ਦੀ ਨੀਂਹ ਰੱਖਣ ਵਿੱਚ ਆਪਣਾ ਯੋਗਦਾਨ ਪਾਉਣ। ਉਸ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਣ ਅਤੇ ਆਪਣੇ ਟੀਚੇ ਲਈ ਤਨਦੇਹੀ ਨਾਲ ਕੰਮ ਕਰਨ ਲਈ ਕਿਹਾ, ਕਿਉਂਕਿ ਤਨਦੇਹੀ ਨਾਲ ਕੰਮ ਕਰਨ ਨਾਲ ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ।

Related Post