ਸਿੱਖ ਆਗੂ ਭਾਈ ਟਿਮਾ ਦੇ ਗ੍ਰਿਫਤਾਰੀ ਵਾਰੰਟ ਜਾਰੀ ਕਰਨਾ ਸਰਕਾਰ ਦੀ ਧੱਕੇਸ਼ਾਹੀ : ਗਿਆਨੀ ਰਘਬੀਰ ਸਿੰਘ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਰਾਜਸਥਾਨ ਦੇ ਸਿੱਖ ਆਗੂ ਭਾਈ ਤੇਜਿੰਦਰ ਪਾਲ ਸਿੰਘ ਟਿਮਾ ਖ਼ਿਲਾਫ਼ ਪੁਲਿਸ ਵਲੋਂ ਦੇਸ਼ਧ੍ਰੋਹ ਦਾ ਮੁਕੱਦਮਾ ਦਰਜ ਕਰਕੇ ਗ੍ਰਿਫਤਾਰੀ ਵਾਰੰਟ ਜਾਰੀ ਕਰਨ ਦੀ ਸਖਤ ਨਿਖੇਧੀ ਕੀਤੀ ਹੈ।
ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਰਾਜਸਥਾਨ ਦੇ ਸਿੱਖ ਆਗੂ ਭਾਈ ਤੇਜਿੰਦਰ ਪਾਲ ਸਿੰਘ ਟਿਮਾ ਖ਼ਿਲਾਫ਼ ਪੁਲਿਸ ਵਲੋਂ ਦੇਸ਼ਧ੍ਰੋਹ ਦਾ ਮੁਕੱਦਮਾ ਦਰਜ ਕਰਕੇ ਗ੍ਰਿਫਤਾਰੀ ਵਾਰੰਟ ਜਾਰੀ ਕਰਨ ਦੀ ਸਖਤ ਨਿਖੇਧੀ ਕੀਤੀ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਜਾਰੀ ਲਿਖਤੀ ਬਿਆਨ ਵਿਚ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਭਾਈ ਟਿਮਾ ਨੇ ਦੇਸ਼ਧ੍ਰੋਹ ਵਾਲਾ ਕੋਈ ਕੰਮ ਨਹੀਂ ਸੀ ਕੀਤਾ, ਪਰ ਰਾਜਸਥਾਨ ਸਰਕਾਰ ਨੇ ਵਿਚਾਰਾਂ ਦੇ ਪ੍ਰਗਟਾਵੇ ਦੀ ਸੰਵਿਧਾਨਿਕ ਆਜ਼ਾਦੀ ਦਾ ਗਲਾ ਘੁੱਟਦਿਆਂ ਭਾਈ ਟਿਮਾ ਖ਼ਿਲਾਫ਼ ਪਹਿਲਾਂ ਤਾਂ ਝੂਠਾ ਦੇਸ਼ਧ੍ਰੋਹ ਦਾ ਮੁਕੱਦਮਾ ਦਰਜ ਕਰਕੇ ਘੱਟ-ਗਿਣਤੀਆਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਉਣ ਦੀ ਕੋਸ਼ਿਸ਼ ਕੀਤੀ ਅਤੇ ਭਾਈ ਟਿਮਾ ਨੂੰ ਉੱਚ ਅਦਾਲਤ ਵਲੋਂ ਅਗਾਊਂ ਜ਼ਮਾਨਤ ਮਿਲੀ ਹੋਣ ਦੇ ਬਾਵਜੂਦ ਗ੍ਰਿਫਤਾਰੀ ਵਾਰੰਟ ਜਾਰੀ ਕਰਕੇ ਧੱਕੇਸ਼ਾਹੀ ਕੀਤੀ ਜਾ ਰਹੀ ਹੈ।
ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਦੇਸ਼ ਵਿਚ ਕਿਤੇ ਵੀ ਕਿਸੇ ਸਿੱਖ ਨਾਲ ਧੱਕੇਸ਼ਾਹੀ ਦੇ ਵਿਰੁੱਧ ਸਾਰੀ ਸਿੱਖ ਕੌਮ ਇਕਜੁਟ ਹੋ ਕੇ ਹਮੇਸ਼ਾ ਵਿਰੋਧ ਕਰਦੀ ਰਹੇਗੀ। ਉਨ੍ਹਾਂ ਸਰਕਾਰ ਨੂੰ ਹਠ ਧਰਮ ਤਿਆਗ ਕੇ ਰਾਜ ਧਰਮ ਨਿਭਾਉਂਦਿਆਂ ਘੱਟ-ਗਿਣਤੀਆਂ ਪ੍ਰਤੀ ਨਿਆਂਪੂਰਨ ਰਵੱਈਆ ਅਪਨਾਉਣ ਦੀ ਵੀ ਨਸੀਹਤ ਦਿੱਤੀ। ਉਨ੍ਹਾਂ ਨਾਲ ਹੀ ਸ਼੍ਰੋਮਣੀ ਕਮੇਟੀ ਨੂੰ ਵੀ ਆਦੇਸ਼ ਕੀਤਾ ਹੈ ਕਿ ਉਹ ਭਾਈ ਟਿਮਾ ਦੇ ਨਾਲ ਰਾਜਸਥਾਨ ਸਰਕਾਰ ਵਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਖ਼ਿਲਾਫ਼ ਬਣਦੀ ਕਾਨੂੰਨੀ ਚਾਰਾਜੋਈ ਕਰੇ।