ਅਨੁਪਮ ਖੇਰ ਆਪਣੀ ਅਗਲੀ ਫ਼ਿਲਮ 'ਚ ਸਰਦਾਰ ਜੀ ਦਾ ਕਿਰਦਾਰ ਨਿਭਾ ਜਿੱਤਣਗੇ ਪੰਜਾਬੀਆਂ ਦਾ ਦਿਲ
ਬਾਲੀਵੁੱਡ ਨਿਊਜ਼: ਦਿੱਗਜ ਅਭਿਨੇਤਾ ਅਨੁਪਮ ਖੇਰ ਨੇ ਫਿਲਮ ਇੰਡਸਟਰੀ ਵਿੱਚ ਆਪਣੀ ਦਮਦਾਰ ਅਦਾਕਾਰੀ ਦੇ ਜਿਹੜੇ ਸਬੂਤ ਦਿੱਤੇ ਨੇ ਉਸ ਤੋਂ ਬਾਅਦ ਭਾਰਤ ਵਿੱਚ ਉਨ੍ਹਾਂ ਦਾ ਨਾਮ ਕਿਸੇ ਪਹਿਚਾਣ ਦਾ ਮੁਹਤਾਜ ਨਹੀਂ ਹੈ।
68 ਸਾਲਾ ਅਦਾਕਾਰ ਨੇ ਭਾਰਤੀ ਫਿਲਮ ਇੰਡਸਟਰੀ ਨੂੰ ਹੁਣ ਤਕ ਕਈ ਸ਼ਾਨਦਾਰ ਫਿਲਮਾਂ ਦਿੱਤੀਆਂ ਹਨ। ਜਿਨ੍ਹਾਂ 'ਚ ਉਨ੍ਹਾਂ ਨੇ ਹਮੇਸ਼ਾ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤਿਆ ਹੈ। ਅਨੁਪਮ ਖੇਰ ਨੇ ਹੁਣ ਤੱਕ ਭਾਰਤੀ ਫਿਲਮ ਇੰਡਸਟਰੀ ਨੂੰ 539 ਫਿਲਮਾਂ ਦਿੱਤੀਆਂ ਹਨ ਅਤੇ ਹੁਣ ਉਨ੍ਹਾਂ ਨੇ ਆਪਣੀ 540ਵੀਂ ਫਿਲਮ 'ਕੈਲੋਰੀ' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ।
ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਅਭਿਨੇਤਾ ਨੇ ਖ਼ੁਦ ਫਿਲਮ 'ਚ ਆਪਣਾ ਲੁੱਕ ਵੀ ਸ਼ੇਅਰ ਕੀਤਾ ਹੈ, ਜਿਸ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਅਨੁਪਮ ਖੇਰ ਨੇ ਇੰਸਟਾਗ੍ਰਾਮ 'ਤੇ ਆਉਣ ਵਾਲੀ ਫਿਲਮ 'ਕੈਲੋਰੀ' ਤੋਂ ਆਪਣਾ ਸਰਦਾਰ ਜੀ ਲੁੱਕ ਸ਼ੇਅਰ ਕੀਤਾ ਹੈ।
ਇਸ ਤੋਂ ਇਲਾਵਾ ਉਨ੍ਹਾਂ ਨੇ ਫਿਲਮ ਦੇ ਨਿਰਦੇਸ਼ਕ ਅਤੇ ਨਿਰਮਾਤਾ ਨਾਲ ਵੀ ਤਸਵੀਰ ਸਾਂਝੀ ਕੀਤੀ ਹੈ।
ਆਪਣੇ ਲੁੱਕ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ, ਅਭਿਨੇਤਾ ਨੇ ਕੈਪਸ਼ਨ ਵਿੱਚ ਲਿਖਿਆ, "ਐਲਾਨ: ਇਹ ਸਾਂਝਾ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਮੈਂ ਆਪਣੇ 540ਵੇਂ ਪ੍ਰੋਜੈਕਟ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ! 'ਕੈਲੋਰੀ' ਇੱਕ ਕੈਨੇਡੀਅਨ ਫਿਲਮ ਹੈ ਜੋ ਆਲੋਚਨਾਤਮਕ ਤੌਰ 'ਤੇ ਪ੍ਰਸ਼ੰਸਾਯੋਗ ਕੈਨੇਡੀਅਨ ਨਿਰਦੇਸ਼ਕ ਈਸ਼ਾ ਮਾਰਜਾਰਾ ਦੁਆਰਾ ਨਿਰਦੇਸ਼ਤ ਹੈ ਅਤੇ ਜੋ ਬਲਾਸ ਦੁਆਰਾ ਨਿਰਮਿਤ ਹੈ। ਫਿਲਮ ਦੀ ਸ਼ੂਟਿੰਗ ਅੰਮ੍ਰਿਤਸਰ ਅਤੇ ਮਾਂਟਰੀਅਲ ਵਿੱਚ ਹੋਈ ਹੈ! ਇਸ ਮਨੁੱਖੀ ਦੁਖਾਂਤ ਦੀ ਸਕ੍ਰਿਪਟ ਮੇਰੇ ਦਿਲ ਨੂੰ ਡੂੰਘਾਈ ਨਾਲ ਖਿੱਚ ਗਈ। ਕੁਝ ਕਹਾਣੀਆਂ ਦੱਸਣੀਆਂ ਚਾਹੀਦੀਆਂ ਹਨ!"
'ਕੈਲੋਰੀ' ਦੇ ਅਨੁਪਮ ਖੇਰ ਦੇ ਇਸ ਲੁੱਕ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ ਅਤੇ ਉਹ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ।
ਇਹ ਵੀ ਪੜ੍ਹੋ: ਮਸ਼ਹੂਰ ਗਾਇਕ ਸ਼੍ਰੀ ਬਰਾੜ ਦੀ ਇੰਸਟਾਗ੍ਰਾਮ ਪੋਸਟ ਨੇ ਪ੍ਰਸ਼ੰਸਕਾਂ 'ਚ ਮਚਾਈ ਹਲਚਲ