ਰੋਪੜ ਦੇ ਸਰਕਾਰੀ ਥਰਮਲ ਪਲਾਂਟ ਦਾ ਇਕ ਹੋਰ ਯੂਨਿਟ ਹੋਇਆ ਬੰਦ, ਬਿਜਲੀ ਉਤਪਾਦਨ ਪ੍ਰਭਾਵਿਤ

By  Ravinder Singh February 15th 2023 12:01 PM

ਪਟਿਆਲਾ : ਪੰਜਾਬ ਵਿਚ ਠੰਡ ਦੇ ਸੀਜ਼ਨ ਵਿਚ ਵੀ ਬਿਜਲੀ ਨੇ ਪਾਵਰਕਾਮ ਦੇ ਪਸੀਨੇ ਛੁਡਾਏ ਹੋਏ ਹਨ। ਪੰਜਾਬ ਵਿਚ ਬਿਜਲੀ ਦਾ ਸੰਕਟ ਮੁੜ ਗਹਿਰਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਰੋਪੜ ਦਾ ਸਰਕਾਰੀ ਖੇਤਰ ਦੇ ਥਰਮਲ ਪਲਾਂਟ ਦਾ ਇਕ ਹੋਰ ਯੂਨਿਟ 210W ਬੰਦ ਹੋ ਗਿਆ ਹੈ। ਰੋਪੜ ਦੇ ਸਰਕਾਰੀ ਥਰਮਲ ਪਲਾਂਟ ਦਾ ਮਹਿਜ਼ ਇਕ ਯੂਨਿਟ ਹੀ ਚੱਲ ਰਿਹਾ ਹੈ ਜਦਕਿ 3 ਬੰਦ ਪਏ ਹਨ।


ਪੰਜਾਬ ਦੇ ਕੁਲ 5 ਥਰਮਲ ਪਲਾਂਟਾਂ ਦੇ 15 ਯੂਨਿਟਾਂ ਵਿਚੋਂ 7 ਯੂਨਿਟ ਬੰਦ ਪਏ ਹਨ ਤੇ ਇਥੇ ਬਿਜਲੀ ਦਾ ਉਤਪਾਦਨ ਠੱਪ ਪਿਆ ਹੈ। ਇਸ ਤਰ੍ਹਾਂ ਕੁੱਲ 5680 MW ਇੰਸਟਾਲਡ ਕੈਪਸਿਟੀ ਵਿਚੋਂ ਅੱਧੀ ਤੋਂ ਵੱਧ 2860 MW ਦਾ ਉਤਪਾਦਨ ਠੱਪ ਪਿਆ। ਇਸ ਵੇਲੇ ਪੰਜਾਬ ਵਿਚ 8800 ਮੈਗਾਵਾਟ ਬਿਜਲੀ ਦੀ ਮੰਗ ਹੈ।

ਸੂਤਰਾਂ ਅਨੁਸਾਰ ਬੀਤੇ ਦਿਨ ਪਾਵਰਕਾਮ ਨੇ ਮੰਗਲਵਾਰ 18.34 ਰਕੋੜ ਦੀ ਲਾਗਤ ਨਾਲ ਔਸਤਨ 6.57 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ 27.93 ਮਿਲੀਅਨ ਯੂਨਿਟ ਬਿਜਲੀ ਖ਼ਰੀਦੀ ਹੈ। ਇਸ ਮਹੀਨੇ ਹੁਣ ਤੱਕ ਪਾਵਰਕਾਮ ਨੇ 180.10 ਕਰੋੜ ਦੀ ਲਾਗਤ ਨਾਲ 316.65 ਮਿਲੀਅਨ ਯੂਨਿਟ ਬਿਜਲੀ ਖ਼ਰੀਦੀ ਹੈ, ਜੋ ਕਿ ਔਸਤਨ 5.69 ਰੁਪਏ ਪ੍ਰਤੀ ਯੂਨਿਟ ਮੁੱਲ ਉਤੇ ਮਿਲੀ ਹੈ।

ਕਾਬਿਲੇਗੌਰ ਹੈ ਕਿ ਬੀਤੇ ਦਿਨ ਤੱਕ ਪੰਜਾਬ ਦੇ ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ ਹੋ ਗਏ ਸਨ। ਜਾਣਕਾਰੀ ਅਨੁਸਾਰ ਤਲਵੰਡੀ ਸਾਬੋ ਦੇ 2 ਯੂਨਿਟ (660 MW ਹਰੇਕ) ਤਕਨੀਕੀ ਖਰਾਬੀ ਕਰਕੇ ਬੰਦ ਹੋ ਗਏ ਸਨ। ਇਸ ਤੋਂ ਇਲਾਵਾ ਰਾਜਪੁਰਾ ਥਰਮਲ ਪਲਾਂਟ ਦਾ ਇਕ ਯੂਨਿਟ 700 MW ਦਾ ਓਵਰ ਹਾਲਿੰਗ ਕਰਕੇ ਬੰਦ ਹੋ ਗਿਆ ਸੀ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਫ਼ੈਸਲਾ ਲਿਆ ਵਾਪਸ ; ਮਨੀਸ਼ਾ ਗੁਲਾਟੀ ਬਣੀ ਰਹੇਗੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ

ਰੋਪੜ ਥਰਮਲ ਪਲਾਂਟ ਦੇ 2 ਯੂਨਿਟ ਬੰਦ ਹੋ ਗਏ ਸਨ। ਇਕ ਯੂਨਿਟ ਓਵਰ ਹਾਲਿੰਗ ਕਰਕੇ ਅਤੇ ਦੂਜਾ ਬੋਇਲਰ ਲੀਕੇਜ ਕਰਕੇ ਬੰਦ ਹੋ ਗਿਆ ਸੀ। ਇਸ ਤੋਂ ਇਲਾਵਾ ਲਹਿਰਾ ਮੁਹੱਬਤ ਦਾ ਇਕ ਯੂਨਿਟ (210 MW) ਪਿਛਲੇ ਸਾਲ ਦੀ 13 ਮਈ ਤੋਂ ਬੰਦ ਹਨ। ਅੱਜ ਰੋਪੜ ਦੇ ਸਰਕਾਰੀ ਥਰਮਲ ਪਲਾਂਟ ਦਾ ਇਕ ਯੂਨਿਟ ਬੰਦ ਹੋਣ ਕਾਰਨ ਬਿਜਲੀ ਦਾ ਉਤਪਾਦਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਇਸ ਲਈ ਪਾਵਰਕਾਮ ਮਹਿੰਗੇ ਭਾਅ ਉਤੇ ਕੇਂਦਰੀ ਪੂਲ ਤੋਂ ਬਿਜਲੀ ਖ਼ਰੀਦਣ ਲਈ ਮਜਬੂਰ ਹੈ।

ਰਿਪੋਰਟ-ਗਗਨਦੀਪ ਆਹੂਜਾ

Related Post