Nangal Gas Leak News: ਲੁਧਿਆਣਾ ਤੋਂ ਬਾਅਦ ਨੰਗਲ 'ਚ ਵੀ ਹੋਈ ਗੈਸ ਲੀਕ; ਵਿਦਿਆਰਥੀਆਂ ਸਣੇ ਅਧਿਆਪਕਾਂ ਦੀ ਹਾਲਤ ਖਰਾਬ
ਸ੍ਰੀ ਅਨੰਦਪੁਰ ਸਾਹਿਬ ਦੇ ਸ਼ਹਿਰ ਨੰਗਲ ਦੇ ਸੇਂਟ ਸੋਲਜਰ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕ ਨੂੰ ਉਲਟੀਆਂ ਆਉਣ ਅਤੇ ਸਾਹ ਲੈਣ ਚ ਦਿੱਕਤ ਹੋਣ ਦੀ ਸ਼ਿਕਾਇਤ ਸਾਹਮਣੇ ਆਈ ਹੈ।
Nangal Gas Leak News: ਹੁਣ ਤੱਕ ਲੁਧਿਆਣਾ ਗੈਸ ਲੀਕ ਮਾਮਲਾ ਪੂਰੀ ਤਰ੍ਹਾਂ ਨਾਲ ਸੁਲਝਿਆ ਨਹੀਂ ਸੀ ਕਿ ਪੰਜਾਬ ਚ ਇੱਕ ਹੋਰ ਗੈਸ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਸ਼ਹਿਰ ਨੰਗਲ ਦੇ ਸੇਂਟ ਸੋਲਜਰ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕ ਨੂੰ ਉਲਟੀਆਂ ਆਉਣ ਅਤੇ ਸਾਹ ਲੈਣ ਚ ਦਿੱਕਤ ਹੋਣ ਦੀ ਸ਼ਿਕਾਇਤ ਸਾਹਮਣੇ ਆਈ ਹੈ। ਅਜਿਹਾ ਕਿਸੇ ਗੈਸ ਦੇ ਲੀਕ ਹੋਣ ਕਾਰਨ ਦੱਸਿਆ ਜਾ ਰਿਹਾ ਹੈ।
ਹਸਪਤਾਲ ਭਰਤੀ ਕਰਵਾਏ ਅਧਿਆਪਕ ਤੇ ਵਿਦਿਆਰਥੀ
ਮਿਲੀ ਜਾਣਕਾਰੀ ਮੁਤਾਬਿਕ ਪ੍ਰਭਾਵਿਤ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਨੰਗਲ ਦੇ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਪ੍ਰਸ਼ਾਸਨ ਵੀ ਮੌਕੇ ’ਤੇ ਪਹੁੰਚ ਚੁੱਕਿਆ ਹੈ। ਸਕੂਲ ’ਚ ਛੁੱਟੀ ਕਰ ਦਿੱਤੀ ਗਈ ਹੈ। ਸਥਿਤੀ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਮਾਮਲੇ ਦੀ ਕੀਤੀ ਜਾ ਰਹੀ ਜਾਂਚ
ਕਾਬਿਲੇਗੌਰ ਹੈ ਕਿ ਦੋ ਵੱਡੀਆਂ ਉਦਯੋਗਿਕ ਇਕਾਈਆਂ ਸਕੂਲ ਦੇ ਨਜ਼ਦੀਕ ਹਨ। ਇਹਨਾਂ ਕਿਸੇ ਇੱਕ ਉਦਯੋਗ ਵਿੱਚੋ ਗੈਸ ਹੋਣ ਲੀਕ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਫਿਲਹਾਲ ਜਾਂਚ ਤੋਂ ਬਾਅਦ ਹੀ ਅਸਲ ਗੱਲ ਸਾਹਮਣੇ ਆਵੇਗੀ।
ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ- ਕੈਬਨਿਟ ਮੰਤਰੀ ਬੈਂਸ
ਉੱਥੇ ਹੀ ਦੂਜੇ ਪਾਸੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਮਾਮਲੇ ਸਬੰਧੀ ਚਿੰਤਾ ਜਾਹਿਰ ਕੀਤੀ ਗਈ ਹੈ। ਉਨ੍ਹਾਂ ਟਵੀਟ ਕੀਤਾ ਹੈ ਕਿ ਨੰਗਲ ਵਿੱਚ ਗੈਸ ਲੀਕ ਹੋਣ ਦੀ ਖ਼ਬਰ ਮਿਲੀ ਹੈ। ਸਾਵਧਾਨੀ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਲ੍ਹੇ ਦੀਆਂ ਸਾਰੀਆਂ ਐਂਬੂਲੈਂਸਾਂ ਨੂੰ ਘਟਨਾ ਵਾਲੀ ਥਾਂ ’ਤੇ ਸਟੇਸ਼ਨ ਕਰਵਾਇਆ ਜਾ ਰਿਹਾ ਹੈ। ਮੈਂ ਆਪਣੇ ਸਾਰੇ ਸ਼ਹਿਰ ਵਾਸੀਆਂ ਦੀ ਸਿਹਤ ਦੀ ਕਾਮਨਾ ਕਰਦਾ ਹਾਂ। ਕਿਸੇ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਮੈਂ ਖੁਦ ਵੀ ਜਲਦ ਮੌਕੇ ਤੇ ਪਹੁੰਚ ਰਿਹਾ ਹਾਂ।