Anmol Gagan Mann : ਜਾਣੋ ਕੌਣ ਹੈ ਮਾਨ ਸਰਕਾਰ ਦੀ ਇਹ ਮੰਤਰੀ, ਗਾਇਕੀ ਤੋਂ ਕਿਵੇਂ ਸਿਆਸਤ 'ਚ ਰੱਖਿਆ ਕਦਮ

Anmol Gagan Mann career : ਮਾਨਸਾ 'ਚ 1990 'ਚ ਜਨਮੀ ਅਨਮੋਲ ਗਗਨ ਮਾਨ ਨੇ ਚੰਡੀਗੜ੍ਹ ਤੋਂ ਸਕੂਲੀ ਪੜ੍ਹਾਈ ਕੀਤੀ ਹੈ। ਫਿਰ ਮਾਡਲਿੰਗ ਤੋਂ ਗਾਇਕੀ 'ਚ ਆਪਣਾ ਕਰੀਅਰ ਬਣਾਇਆ ਅਤੇ ਇਸਤੋਂ ਬਾਅਦ ਸਿਆਸਤ ਵਿੱਚ ਕਦਮ ਰੱਖਿਆ।

By  KRISHAN KUMAR SHARMA June 2nd 2024 04:46 PM -- Updated: June 2nd 2024 04:53 PM

Anmol Gagan Mann Profile : ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦੀ ਮੰਤਰੀ ਅਨਮੋਲ ਗਗਨ ਮਾਨ ਦਾ ਵਿਆਹ 16 ਜੂਨ (Anmol Gagan Mann Wedding) ਨੂੰ ਤੈਅ ਹੋਇਆ ਹੈ। ਜਾਣਕਾਰੀ ਅਨੁਸਾਰ ਉਨ੍ਹਾਂ ਦੇ ਆਨੰਦ ਕਾਰਜ ਜ਼ੀਰਕਪੁਰ ਦੇ ਇੱਕ ਗੁਰੂਘਰ 'ਚ ਸੰਪੰਨ ਹੋਣਗੇ। ਅਨਮੋਲ ਗਗਨ ਮਾਨ, ਪੰਜਾਬ ਸਰਕਾਰ (Punjab Government) ਵਿੱਚ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤੋਂ ਇਲਾਵਾ ਉਨ੍ਹਾਂ ਕੋਲ ਨਿਵੇਸ਼ ਅਤੇ ਤਰੱਕੀ, ਕਿਰਤ ਅਤੇ ਸ਼ਿਕਾਇਤ ਨਿਵਾਰਣ ਮੰਤਰਾਲਾ ਹੈ, ਪਰ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਉਨ੍ਹਾਂ ਨੇ ਇਥੋਂ ਤੱਕ ਦਾ ਸਫਰ ਕਿਵੇਂ ਤੈਅ ਕੀਤਾ ਹੈ। ਤਾਂ ਅੱਜ ਤੁਹਾਨੂੰ ਉਨ੍ਹਾਂ ਦੇ ਗੀਤਕਾਰੀ ਤੋਂ ਸਿਆਸਤ ਵਿੱਚ ਪੈਰ ਰੱਖਣ ਅਤੇ ਮੰਤਰੀ ਅਹੁਦੇ ਤੱਕ ਪਹੁੰਚਣ ਦੇ ਸਫਰ ਤੋਂ ਜਾਣੂੰ ਕਰਵਾਉਂਦੇ ਹਾਂ।

ਗਗਨਦੀਪ ਕੌਰ ਮਾਨ ਹੈ ਪੂਰਾ ਨਾਂ

ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦਾ ਪੂਰਾ ਨਾਂ ਗਗਨਦੀਪ ਕੌਰ ਮਾਨ ਹੈ। ਮਾਨਸਾ 'ਚ 1990 'ਚ ਜਨਮੀ ਅਨਮੋਲ ਗਗਨ ਮਾਨ ਨੇ ਚੰਡੀਗੜ੍ਹ ਤੋਂ ਸਕੂਲੀ ਪੜ੍ਹਾਈ ਕੀਤੀ ਹੈ। ਉਸ ਨੇ ਸੰਗੀਤ ਅਤੇ ਸਾਈਕੋਲੋਜੀ ਵਿੱਚ12ਵੀਂ ਜਮਾਤ ਪਾਸ ਕਰਨ ਤੋਂ ਬਾਅਦ ਮਾਡਲਿੰਗ ਵਿੱਚ ਕਰੀਅਰ ਸ਼ੁਰੂ ਕੀਤਾ। ਇਸ ਦੌਰਾਨ ਉਸ ਨੇ ਇੰਗਲੈਂਡ ਵਿੱਚ ਵਿਸ਼ਵ ਲੋਕ ਨਾਚ ਮੁਕਾਬਲਾ ਵੀ ਜਿੱਤਿਆ। ਉਸਨੇ ਭਾਰਤ ਵਿੱਚ ਕਈ ਰਾਸ਼ਟਰੀ ਅਤੇ ਖੇਤਰੀ ਸੰਗੀਤ ਮੁਕਾਬਲਿਆਂ ਵਿੱਚ ਭਾਗ ਲਿਆ ਹੈ ਅਤੇ ਜਿੱਤਿਆ ਹੈ।

ਆਪਣੇ ਕੈਰੀਅਰ ਦੇ ਸਮੇਂ ਦੌਰਾਨ ਉਸ ਨੇ ਹਮੇਸ਼ਾ ਆਪਣੀਆਂ ਬਹੁਤ ਸਾਰੀਆਂ ਪ੍ਰਤਿਭਾਵਾਂ ਦਾ ਪ੍ਰਦਰਸ਼ਨ ਕੀਤਾ ਹੈ ਕਿਉਂਕਿ ਉਹ ਸਿਰਫ ਇੱਕ ਡਾਂਸਰ ਅਤੇ ਇੱਕ ਗਾਇਕ ਹੀ ਨਹੀਂ ਹੈ, ਬਲਕਿ ਇੱਕ ਵਧੀਆ ਸੰਗੀਤਕਾਰ, ਕਵਿਤਾ-ਲੇਖਕ ਅਤੇ ਗੀਤਕਾਰ ਵੀ ਹੈ। ਇਸੇ ਪ੍ਰਤਿਭਾ ਦੇ ਚਲਦਿਆਂ ਹੀ ਅਨਮੋਲ ਗਗਨ ਨੇ 2013 ਵਿੱਚ ਮਿਸ ਵਰਲਡ ਪੰਜਾਬਣ ਵਿੱਚ ਮਿਸ ਮੋਹਾਲੀ ਪੰਜਾਬਣ ਦਾ ਤਾਜ ਵੀ ਜਿੱਤਿਆ ਸੀ।

ਇਸ ਪਿੱਛੋਂ ਉਸ ਨੇ ਗਾਇਕੀ ਵਿੱਚ ਹੱਥ ਅਜਮਾਇਆ ਅਤੇ 2014 'ਚ ਡੈਬਿਊ ਗੀਤ 'ਰੋਇਲ ਜੱਟੀ' ਗਾਇਆ ਸੀ। ਇਸ ਪਿੱਛੋਂ ਅਨਮੋਲ ਨੇ ਕਈ ਹਿੱਟ ਸਿੰਗਲ ਰਿਲੀਜ਼ ਕੀਤੇ, ਜਿਨ੍ਹਾਂ ਵਿੱਚ "ਕੁੰਡੀ ਮੁੱਛ, ਕਾਲਾ ਸ਼ੇਰ, ਪਤੰਦਰ, ਮਾਂ," ਅਤੇ ਕਈ ਹੋਰ ਸ਼ਾਮਲ ਹਨ, ਜਿਨ੍ਹਾਂ ਨੂੰ YouTube ਚੈਨਲ ਹਰ ਇੱਕ ਗੀਤ ਨੂੰ ਇੱਕ ਮਿਲੀਅਨ ਤੋਂ ਵੱਧ ਹਿੱਟ ਰਹੇ।

ਗਾਇਕੀ ਦੌਰਾਨ ਉਸ ਨੇ ਕਈ ਪੁਰਸਕਾਰ ਵੀ ਜਿੱਤੇ ਹਨ। 2014 ਵਿੱਚ ਵਧੀਆ ਗਾਇਕੀ ਲਈ ਉਸ ਨੂੰ ਸਰਵੋਤਮ ਲੋਕ-ਮੁਖੀ ਗਾਇਕਾ ਦਾ ਐਵਾਰਡ ਵੀ ਮਿਲਿਆ। ਅਗਲੇ ਸਾਲ ਉਸਨੇ ਇੱਕ ਹੋਰ ਹਿੱਟ ਗੀਤ ਸ਼ੌਕੀਨ ਜੱਟ ਲਈ ਉਹੀ ਪੁਰਸਕਾਰ ਜਿੱਤਿਆ।

ਅਨਮੋਲ ਗਗਨ ਮਾਨ ਦੇ ਨਾਂ ਇੱਕ ਕਿਤਾਬ 'ਹਾਉ ਟੂ ਬਿਕਮ ਏ ਰੀਅਲ ਮੈਨ' ਵੀ ਹੈ।

2020 'ਚ ਕੀਤੀ ਸੀ ਆਮ ਆਦਮੀ ਪਾਰਟੀ ਜੁਆਇਨ

ਅਨਮੋਲ ਗਗਨ ਮਾਨ ਗੀਤਕਾਰੀ ਸਫਰ ਤੋਂ ਬਾਅਦ 2020 ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਈ ਸੀ। ਉਪਰੰਤ ਉਸ ਨੇ ਪਾਰਟੀ ਲਈ ਡੱਟ ਕੇ ਧੜਾਧੜ ਪ੍ਰਚਾਰ ਕਰਦਿਆਂ ਕਈ ਗੀਤ ਵਿੱਚ ਪਾਰਟੀ ਲਈ ਗਾਏ, ਜਿਨ੍ਹਾਂ ਵਿੱਚ "ਭਗਤ ਸਿੰਘ, ਕਰਤਾਰ ਸਰਾਭਾ ਸਾਰੇ ਹੀ ਬਨ ਚਲੇ, ਭਾਈ ਹੂੰ ਜਾਗੋ ਅਈਆਂ, ਸਰਕਾਰ ਬਦਲਾਂ ਚਲੀ, ਭਾਈ ਹੂੰ ਜਾਗੋ ਅਈਆਂ"। ਉਨ੍ਹਾਂ ਦੀ ਪਾਰਟੀ ਲਈ ਵਧੀਆ ਕਾਰਗੁਜਾਰੀ ਨੂੰ ਵੇਖਦਿਆਂ ਉਨ੍ਹਾਂ ਨੂੰ ਪਾਰਟੀ ਵੱਲੋਂ ਖਰੜ ਹਲਕੇ ਦਾ ਇੰਚਾਰਜ ਵੀ ਲਾਇਆ ਗਿਆ ਸੀ, ਜਿਸ ਪਿੱਛੋਂ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੂੰ ਖਰੜ ਹਲਕੇ ਤੋਂ ਟਿਕਟ ਕੇ ਕੇ ਨਿਵਾਜਿਆ।


ਚੋਣ ਜਿੱਤਣ ਵਾਲੇ ਨੌਜਵਾਨ ਆਗੂਆਂ 'ਚੋਂ ਹੈ ਇੱਕ

ਇਨ੍ਹਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਹਨੇਰੀ ਦੇ ਚੱਲਦਿਆਂ ਉਨ੍ਹਾਂ ਨੇ ਆਪਣੇ ਵਿਰੋਧੀ ਉਮੀਦਵਾਰ ਰਣਜੀਤ ਸਿੰਘ ਗਿੱਲ ਨੂੰ ਲਗਭਗ 37718 ਵੋਟਾਂ ਦੇ ਫਰਕ ਨਾਲ ਹਰਾਇਆ ਅਤੇ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹੀਆਂ। ਇਸ ਚੋਣ ਵਿੱਚ ਅਨਮੋਲ ਗਗਨ ਨੂੰ 78067 ਵੋਟਾਂ ਮਿਲੀਆਂ ਸਨ। ਇਸ ਦੇ ਨਾਲ ਹੀ ਉਹ ਵਿਧਾਨ ਸਭਾ ਚੋਣ ਜਿੱਤਣ ਵਾਲੇ ਸਭ ਤੋਂ ਨੌਜਵਾਨ ਆਗੂਆਂ ਵਿਚੋਂ ਇੱਕ ਸੀ।

ਜਰਮਨੀ 'ਚ ਅੰਤਰਰਾਸ਼ਟਰੀ ਪੱਧਰ 'ਤੇ ਮਿਲਿਆ ਸੀ ਸਨਮਾਨ

ਅਨਮੋਲ ਗਗਨ ਮਾਨ ਦਾ ਜਰਮਨੀ ਦੀ ਰਾਜਧਾਨੀ ਬਰਲਿਨ ਵਿਖੇ ਹੋਏ ਸੈਰ-ਸਪਾਟਾ ਸਨਅਤ ਨਾਲ ਸਬੰਧਤ ਅੰਤਰਰਾਸ਼ਟਰੀ ਪੱਧਰ ਦੇ ਸਮਾਗਮ ਦੌਰਾਨ ਵਿਸ਼ੇਸ਼ ਸਨਮਾਨ ਵੀ ਹੋਇਆ। ਇਸ ਮੌਕੇ ਉਨ੍ਹਾਂ ਨੂੰ ਸੈਰ-ਸਪਾਟੇ ਦੇ ਖੇਤਰ ਵਿਚ ਸ਼ਲਾਘਾਯੋਗ ਭੂਮਿਕਾ ਨਿਭਾਉਣ ਲਈ ‘ਵੂਮੈਨ ਟੂਰਿਜਮ ਮਨਿਸਟਰ ਆਫ਼ ਯੀਅਰ ਖਿਤਾਬ ਨਾਲ ਨਿਵਾਜਿਆ ਗਿਆ ਸੀ।

Related Post