ਸ਼ਹੀਦ ਜਵਾਨ ਦੀ ਪਤਨੀ ਵਗਦੇ ਹੰਝੂਆਂ ਨਾਲ ਕਰ ਰਹੀ ਆਪਣੇ ਪਤੀ ਦੀ ਸ਼ਹੀਦੀ ਤੇ ਮਾਣ

By  Shameela Khan September 19th 2023 11:14 AM -- Updated: September 19th 2023 03:18 PM
ਸ਼ਹੀਦ ਜਵਾਨ ਦੀ ਪਤਨੀ ਵਗਦੇ ਹੰਝੂਆਂ ਨਾਲ ਕਰ ਰਹੀ ਆਪਣੇ ਪਤੀ ਦੀ ਸ਼ਹੀਦੀ ਤੇ ਮਾਣ

Anantnag Encounter: ਸਮਾਣਾ ਦੇ ਪਿੰਡ ਬੱਲਮਗੜ੍ਹ ਤੋਂ ਭਾਰਤੀ ਫੌਜ 'ਚ ਤਾਇਨਾਤ ਕਾਂਸਟੇਬਲ ਪ੍ਰਦੀਪ ਸਿੰਘ ਅਨੰਤਨਾਗ ਜ਼ਿਲੇ 'ਚ ਦਹਿਸ਼ਤਗਰਦਾਂ ਨਾਲ ਚੱਲ ਰਹੇ ਮੁਕਾਬਲੇ 'ਚ ਸ਼ਹੀਦ ਹੋ ਗਿਆ। ਦੱਸ ਦਈਏ ਕਿ ਦੱਖਣੀ ਕਸ਼ਮੀਰ ਦੇ ਅਨੰਤਨਾਗ 'ਚ ਗੰਡੁਲ ਦੇ ਜੰਗਲ 'ਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਆਪਰੇਸ਼ਨ ਚੱਲ ਰਿਹਾ ਹੈ।

ਪਤਨੀ ਨੇ ਵਗਦੇ ਅੱਥਰੂਆਂ ਨਾਲ ਆਪਣੇ ਪਤੀ ਦੀ ਕੁਰਬਾਨੀ ਤੇ ਕੀਤਾ ਫ਼ਕਰ ਮਹਿਸੂਸ :

ਸ਼ਹੀਦ ਪ੍ਰਦੀਪ ਦੀ ਪਤਨੀ ਸੀਮਾ ਰਾਣੀ ਨੇ ਦਸਿਆ, " 12 ਮਈ ਨੂੰ ਮੇਰੀ ਇਨ੍ਹਾਂ ਨਾਲ ਫ਼ੋਨ ਤੇ ਆਖ਼ਿਰੀ ਵਾਰ ਗਲ ਹੋਈ ਤਾਂ ਉਸਨੇ ਕਿਹਾ ਕਿ ਮੈਂ ਸਾਬ੍ਹ ਨਾਲ ਇੱਕ ਜ਼ਰੂਰੀ ਮਿਸ਼ਨ ਤੇ ਹਾਂ, ਜਿੱਥੇ ਕਿ ਉਹ ਅਕਸਰ ਜਾਂਦੇ ਰਹਿੰਦੇ ਸਨ, ਜ਼ਿਆਦਾਤਰ ਉਹ ਮੇਜ਼ਰ ਅਸ਼ੀਸ਼ ਦੇ ਨਾਲ ਹੀ ਰਹਿੰਦੇ ਸਨ, ਜਿਨ੍ਹਾਂ ਦੀ ਸ਼ਹੀਦੀ ਦੀ ਕੁੱਝ ਦਿਨ ਪਹਿਲਾਂ ਹੀ ਖ਼ਬਰ ਆਈ ਸੀ। ਮੈਨੂੰ ਆਪਣੇ ਪਤੀ ਦੀ ਇਸ ਸ਼ਹਾਦਤ 'ਤੇ ਮਾਣ ਹੈ, ਜੋ ਕਿ ਉਹ ਪਿੰਡ ਵਾਸੀਆਂ ਨੂੰ ਐਨਾ ਵੱਡਾ ਨਾਮ ਦੇ ਕੇ ਚੱਲਿਆ ਗਿਆ। "

ਪਿੰਡ ਵਾਸੀਆਂ ਨੂੰ ਪੁੱਤਰ ਦੀ ਸ਼ਹੀਦੀ 'ਤੇ ਕੀਤਾ ਮਾਣ:

ਸ਼ਹੀਦ ਜਵਾਨ ਦੇ ਪਿੰਡ ਬੱਲਮਗੜ੍ਹ ਦੇ ਇਸ ਜਵਾਨ ਦੀ ਸ਼ਹੀਦੀ 'ਤੇ ਸਮੂਹ ਦੇਸ਼ ਮਾਣ ਮਹਿਸੂਸ ਕਰ ਰਿਹਾ ਹੈ। ਸ਼ਥਾਨਕ ਨਿਵਾਸੀ ਨੇ ਦੱਸਿਆ ਕਿ ਪ੍ਰਦੀਪ ਸਿੰਘ ਬਹੁਤ ਹੀ ਤੰਗ ਹਲਾਤਾਂ ਵਿੱਚੋਂ ਉੱਠਿਆ ਸੀ ਅਤੇ ਉਸਨੇ ਬਹੁਤ ਮਿਹਨਤ ਕਰਕੇ ਇਹ ਮੁਕਾਮ ਹਾਸਿਲ ਕੀਤਾ ਸੀ। 2015 ਵਿੱਚ ਉਹ ਭਾਰਤੀ ਫ਼ੌਜ ਵਿੱਚ ਸ਼ਾਮਿਲ ਹੋਇਆ ਸੀ। ਅੱਜ ਸਾਨੂੰ ਮਾਣ ਹੈ ਕਿ ਅੱਜ ਉਹ ਦੇਸ਼ ਦੇ ਲਈ ਕੁਰਬਾਨ ਹੋਇਆ ਹੈ ਅਤੇ ਸਾਡੇ ਪਿੰਡ ਦਾ ਨਾਮ ਰੋਸ਼ਨ ਕਰ ਗਿਆ ਹੈ।

ਅਸੀਂ ਸਾਰੇ ਪਿੰਡ ਵਾਸੀ ਸਰਕਾਰਾਂ ਨੂੰ ਮੰਗ ਕਰਦੇ ਹਾਂ ਕਿ ਇਨ੍ਹਾਂ ਦੇ ਪਰਿਵਾਰ ਵਿੱਚੋਂ ਕਿਸੇ ਇੱਕ ਮੈਂਬਰ ਨੂੰ ਸਰਕਾਰੀ ਨੋਕਰੀ ਦਿੱਤੀ ਜਾਵੇ ਤਾਂ ਜੋ ਇਹ ਆਪਣਾ ਘਰ ਚਲਾ ਸਕਣ। ਉਨ੍ਹਾਂ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ ਪ੍ਰਦੀਪ ਸਿੰਘ ਨੂੰ ਉਨ੍ਹਾਂ ਦੀ ਇਸ ਸ਼ਹੀਦੀ ਲਈ ਸ਼ਹੀਦ ਦਾ ਦਰਜਾ ਦਿੱਤਾ ਜਾਵੇ। 

ਸ਼ਹੀਦ ਪ੍ਰਦੀਪ ਸਿੰਘ ਦੇ ਭਰਾ ਕੁਲਦੀਪ ਸਿੰਘ ਨੇ ਦੱਸਿਆ, " ਸਾਡੇ ਹਾਲਾਤ ਬਹੁਤ ਮਾੜੇ ਸਨ। ਸਾਨੂੰ ਇੱਕ ਵਕਤ ਦੀ ਰੋਟੀ ਵੀ ਨਸੀਬ ਨਹੀਂ ਸੀ ਹੁੰਦੀ। ਇਨ੍ਹਾਂ ਹਾਲਾਤਾਂ ਦੇ ਵਿੱਚ ਪ੍ਰਦੀਪ ਆਪਣੀ ਮਿਹਨਤ ਦੇ ਸਦਕਾ ਫ਼ੌਜ ਵਿੱਚ ਸ਼ਾਮਿਲ ਹੋਇਆ ਅਤੇ ਉਨ੍ਹਾਂ ਦੀ ਸ਼ਦਾਦਤ ਸਾਡੇ ਲਈ ਬਹੁਤ ਵੱਡਾ ਮਾਣ ਛੱਡ ਗਈ ਹੈ।"

  • ਦੱਸ ਦਈਏ ਇਸ ਦੌਰਾਨ ਤਲਾਸ਼ੀ ਮੁਹਿੰਮ ਦੌਰਾਨ ਭਾਰਤੀ ਫ਼ੌਜ ਦੇ ਜਵਾਨ ਪ੍ਰਦੀਪ ਸਿੰਘ ਦੀ ਲਾਸ਼ ਬਰਾਮਦ ਹੋਈ ਹੈ। ਪ੍ਰਦੀਪ ਸਿੰਘ 13 ਸਤੰਬਰ ਤੋਂ ਲਾਪਤਾ ਸੀ। ਭਾਰਤੀ ਫ਼ੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਪ੍ਰਦੀਪ ਸਿੰਘ ਦੀ ਲਾਸ਼ 18 ਸਤੰਬਰ ਦੀ ਸ਼ਾਮ 5 ਵਜੇ ਬਰਾਮਦ ਕੀਤੀ ਗਈ ਸੀ।
  • ਜਾਣਕਾਰੀ ਅਨੁਸਾਰ ਪ੍ਰਦੀਪ ਸਿੰਘ ਸਮੇਤ ਕੁੱਲ ਦੋ ਲਾਸ਼ਾਂ ਬਰਾਮਦ ਹੋਈਆਂ ਹਨ। ਸੂਤਰਾਂ ਦਾ ਕਹਿਣਾ ਹੈ ਕਿ ਮੁਕਾਬਲੇ ਦੌਰਾਨ ਫ਼ੌਜ ਦੇ ਦੋ ਜਵਾਨ ਲਾਪਤਾ ਹੋ ਗਏ ਸਨ ਜਿਨ੍ਹਾਂ ਵਿੱਚੋਂ ਇੱਕ ਪ੍ਰਦੀਪ ਸਿੰਘ ਸੀ।
  • ਇਸ ਮੁਕਾਬਲੇ 'ਚ ਹੁਣ ਤੱਕ ਕੁੱਲ 4 ਜਵਾਨ ਸ਼ਹੀਦ ਹੋ ਚੁੱਕੇ ਹਨ। ਇਸ ਤੋਂ ਪਹਿਲਾਂ ਰਾਸ਼ਟਰੀ ਰਾਈਫਲਜ਼ ਦੇ ਕਮਾਂਡਿੰਗ ਅਫ਼ਸਰ ਕਰਨਲ ਮਨਪ੍ਰੀਤ ਸਿੰਘ, ਮੇਜਰ ਆਸ਼ੀਸ਼, ਜੰਮੂ-ਕਸ਼ਮੀਰ ਪੁਲਿਸ ਦੇ ਡੀ.ਐੱਸ.ਪੀ ਹੁਮਾਯੂੰ ਭੱਟ  ਸ਼ਹੀਦ ਹੋ ਚੁੱਕੇ ਹਨ। ਦੱਸ ਦਈਏ ਦੋ ਲਾਸ਼ਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ।
  • ਮੰਨਿਆ ਜਾ ਰਿਹਾ ਹੈ ਕਿ ਲਾਸ਼ਾਂ ਵਿੱਚੋਂ ਇੱਕ ਉਜ਼ੈਰ ਅਹਿਮਦ ਦੀ ਹੋ ਸਕਦੀ ਹੈ। ਸੁਰੱਖਿਆ ਬਲ ਤਲਾਸ਼ੀ ਮੁਹਿੰਮ ਲਈ ਡਰੋਨ ਅਤੇ ਹੈਲੀਕਾਪਟਰਾਂ ਦੀ ਵਰਤੋਂ ਕਰ ਰਹੇ ਹਨ। ਇਹ ਖ਼ਦਸ਼ਾ ਹੈ ਕਿ ਦਹਿਸ਼ਤਗਰਦ ਜੰਗਲ 'ਚ ਲੁਕੇ ਹੋਏ ਹਨ।
  • ਸੂਤਰਾ ਮੁਤਾਬਿਕ ਕਸ਼ਮੀਰ ਘਾਟੀ 'ਚ ਕਰੀਬ 81 ਦਹਿਸ਼ਤਗਰਦ ਸਰਗਰਮ ਹਨ। ਇਸ ਵਿੱਚ ਲਗਭਗ 48 ਪਾਕਿਸਤਾਨੀ ਅਤੇ 33 ਸਥਾਨਕ ਦਹਿਸ਼ਤਗਰਦ ਸ਼ਾਮਲ ਹਨ। ਦੱਖਣੀ ਕਸ਼ਮੀਰ 'ਚ 56 ਦਹਿਸ਼ਤਗਰਦ  ਸਰਗਰਮ ਹਨ। ਜਿਨ੍ਹਾਂ 'ਚੋਂ 28 ਪਾਕਿਸਤਾਨੀ ਹਨ। ਉੱਤਰੀ ਕਸ਼ਮੀਰ ਦੀ ਗੱਲ ਕਰੀਏ ਤਾਂ ਇੱਥੇ ਕਰੀਬ 16 ਦਹਿਸ਼ਤਗਰਦ ਸਰਗਰਮ ਹਨ। ਜਿਨ੍ਹਾਂ 'ਚੋਂ 13 ਪਾਕਿਸਤਾਨੀ ਹਨ। ਮੱਧ ਕਸ਼ਮੀਰ 'ਚ 9 ਦਹਿਸ਼ਤਗਰਦ ਸਰਗਰਮ ਹਨ। ਜਿਨ੍ਹਾਂ 'ਚੋਂ 7 ਪਾਕਿਸਤਾਨੀ ਹਨ।

ਇਹ ਵੀ ਪੜ੍ਹੋ: ਜੰਮੂ ਕਸ਼ਮੀਰ: ਅਨੰਤਨਾਗ 'ਚ ਮੁੱਠਭੇੜ ਦੌਰਾਨ ਭਾਰਤੀ ਫੌਜ ਦੇ 2 ਅਫ਼ਸਰ ਅਤੇ 1 ਪੁਲਿਸ ਅਧਿਕਾਰੀ ਸ਼ਹੀਦ









Related Post