Amritsar Firing : NRI 'ਤੇ ਚਲਾਈਆਂ ਤਾਬੜਤੋੜ ਗੋਲੀਆਂ, ਬੱਚੇ ਹੱਥ ਜੋੜ ਮੰਗਦੇ ਰਹੇ ਰਹਿਮ ਦੀ ਭੀਖ

ਅੰਮ੍ਰਿਤਸਰ ਵਿੱਚ ਇੱਕ ਐਨਆਰਆਈ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਫਿਲਹਾਲ ਪੀੜਤ ਜ਼ਖਮੀ ਹੈ ਅਤੇ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪੜ੍ਹੋ ਪੂਰੀ ਖਬਰ...

By  Dhalwinder Sandhu August 24th 2024 11:03 AM -- Updated: August 24th 2024 01:29 PM

Amritsar Firing : ਗੁਰੂ ਨਗਰੀ ਅੰਮ੍ਰਿਤਸਰ ਵਿੱਚੋਂ ਤੜਕਸਾਰ ਘਰ ਅੰਦਰ ਵੜ ਕੇ ਇੱਕ ਐਨਆਰਆਈ ਉੱਤੇ ਤਾਬੜਤੋੜ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਾਅਸਰ ਸਵੇਰੇ 7.30 ਵਜੇ ਦੇ ਕਰੀਬ 2 ਨੌਜਵਾਨ ਅੰਮ੍ਰਿਤਸਰ ਦੇ ਦਬੁਰਜੀ ਦੇ ਇੱਕ ਘਰ ਵਿੱਚ ਦਾਖਲ ਹੋਏ ਅਤੇ ਪਰਿਵਾਰ ਦੇ ਸਾਹਮਣੇ ਗੋਲੀਆਂ ਚਲਾ ਦਿੱਤੀਆਂ। ਫਿਲਹਾਲ ਐਨਆਰਆਈ ਜ਼ਖਮੀ ਹੈ ਅਤੇ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜ਼ਖ਼ਮੀ ਦੀ ਪਛਾਣ ਸੁਖਚੈਨ ਸਿੰਘ ਵਜੋਂ ਹੋਈ ਹੈ। ਉਹ ਅਮਰੀਕਾ ਵਿੱਚ ਰਹਿੰਦਾ ਸੀ।

ਮੋਟਰਸਾਈਕਲ ਉੱਤੇ ਆਏ ਸਨ 2 ਮੁਲਜ਼ਮ

ਏਡੀਸੀਪੀ ਹਰਪਾਲ ਸਿੰਘ ਨੇ ਦੱਸਿਆ ਕਿ ਇਹ ਘਟਨਾ ਸਵੇਰੇ ਸਾਢੇ ਸੱਤ ਵਜੇ ਦੇ ਕਰੀਬ ਵਾਪਰੀ। ਪੀੜਤ ਸੁਖਚੈਨ ਸਿੰਘ ਆਪਣੇ ਘਰ ਵਿੱਚ ਜਿੰਮ ਜਾਣ ਦੀ ਤਿਆਰੀ ਕਰ ਰਿਹਾ ਸੀ ਤੇ ਉਦੋਂ 2 ਨੌਜਵਾਨ ਮੋਟਰਸਾਈਕਲ 'ਤੇ ਆਏ ਅਤੇ ਘਰ ਅੰਦਰ ਵੜ ਗਏ। ਜਿਵੇਂ ਹੀ ਮੁਲਜ਼ਮ ਘਰ ਦੇ ਅੰਦਰ ਵੜੇ ਤਾਂ ਉਹਨਾਂ ਨੇ ਸੁਖਚੈਨ ਤੋਂ ਮਰਸਡੀਜ਼ ਕਾਰ ਦੇ ਕਾਗਜ਼ਾਤ ਦਿਖਾਉਣ ਦੀ ਮੰਗ ਕੀਤੀ। ਜਦੋਂ ਸੁਖਚੈਨ ਨੇ ਇਸ ਦਾ ਵਿਰੋਧ ਕੀਤਾ ਤਾਂ ਮੁਲਜ਼ਮ ਹਥਿਆਰ ਦਿਖਾ ਕੇ ਸੁਖਚੈਨ ਸਿੰਘ ਨੂੰ ਅੰਦਰ ਲੈ ਗਏ।


ਮੁਲਜ਼ਮ ਨੇ ਪਿਸਤੌਲ ਨਾਲ ਤਿੰਨ ਗੋਲੀਆਂ ਚਲਾਈਆਂ। ਜਿਸ ਵਿੱਚੋਂ 2 ਗੋਲੀਆਂ ਸੁਖਚੈਨ ਸਿੰਘ ਨੂੰ ਲੱਗੀਆਂ। ਮੁਲਜ਼ਮ ਸੁਖਚੈਨ ’ਤੇ ਹੋਰ ਗੋਲੀਆਂ ਚਲਾਉਣਾ ਚਾਹੁੰਦੇ ਸਨ, ਪਰ ਉਨ੍ਹਾਂ ਦਾ ਹਥਿਆਰ ਫਟ ਗਿਆ। ਘਟਨਾ ਘਰ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ। ਮੌਕੇ 'ਤੇ ਪਹੁੰਚੀ ਪੁਲਿਸ ਨੇ ਸੀਸੀਟੀਵੀ ਕੈਮਰੇ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।  

ਜ਼ਖ਼ਮੀ ਸੁਖਚੈਨ ਸਿੰਘ ਹਸਪਤਾਲ ਵਿੱਚ ਭਰਤੀ

ਪੀੜਤ ਪਰਿਵਾਰ ਸੁਖਚੈਨ ਨੂੰ ਤੁਰੰਤ ਹਸਪਤਾਲ ਲੈ ਆਏ। ਫਿਲਹਾਲ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸੁਖਚੈਨ ਦੀ ਪਤਨੀ ਨੇ ਦੱਸਿਆ ਕਿ ਉਹ ਉਸ ਦੀ ਦੂਜੀ ਪਤਨੀ ਹੈ ਅਤੇ ਉਸ ਦੀ ਪਹਿਲੀ ਪਤਨੀ ਨੇ ਖੁਦਕੁਸ਼ੀ ਕਰ ਲਈ ਹੈ। 


ਸੁਖਚੈਨ ਇੱਕ ਮਹੀਨਾ ਪਹਿਲਾਂ ਹੀ ਵਾਪਸ ਆਇਆ ਹੈ ਪੰਜਾਬ

ਦੱਸ ਦਈਏ ਕਿ ਸੁਖਚੈਨ ਅਮਰੀਕਾ ਰਹਿੰਦਾ ਸੀ। ਅਮਰੀਕਾ ਵਿੱਚ ਉਸਦਾ ਇੱਕ ਭਰਾ ਹੈ। ਪਰ ਪਤਨੀ ਦੀ ਖੁਦਕੁਸ਼ੀ ਤੋਂ ਬਾਅਦ ਉਹ ਬੱਚਿਆਂ ਦੀ ਦੇਖਭਾਲ ਲਈ ਲਗਭਗ ਇੱਕ ਸਾਲ ਤੋਂ ਭਾਰਤ ਵਿੱਚ ਰਹਿ ਰਿਹਾ ਸੀ। ਇਸ ਦੌਰਾਨ ਉਹ ਕੰਮ ਲਈ ਕਈ ਵਾਰ ਅਮਰੀਕਾ ਗਿਆ। 

ਪਹਿਲੀ ਪਤਨੀ ਨੇ ਕੀਤੀ ਖੁਦਕੁਸ਼ੀ

ਪਰਿਵਾਰਕ ਮੈਂਬਰ ਪਰਮਜੀਤ ਸਿੰਘ ਨੇ ਦੱਸਿਆ ਕਿ ਸੁਖਚੈਨ ਦਾ ਆਪਣੀ ਪਹਿਲੀ ਪਤਨੀ ਦੇ ਪਰਿਵਾਰ ਨਾਲ ਝਗੜਾ ਚੱਲ ਰਿਹਾ ਸੀ। ਉਸ ਦੀ ਪਹਿਲੀ ਪਤਨੀ ਨੇ ਖੁਦਕੁਸ਼ੀ ਕਰ ਲਈ ਸੀ। ਇਸ ਤੋਂ ਬਾਅਦ ਮ੍ਰਿਤਕ ਦੀ ਪਤਨੀ ਦੇ ਮਾਮੇ ਵੱਲੋਂ ਐਫਆਈਆਰ ਵੀ ਦਰਜ ਕਰਵਾਈ ਗਈ ਅਤੇ ਮਾਮਲਾ ਅਦਾਲਤ ਵਿੱਚ ਚਲਾ ਗਿਆ। ਉਨ੍ਹਾਂ ਦੇ ਦੋ ਬੱਚੇ ਹਨ, ਜੋ ਸੁਖਚੈਨ ਨਾਲ ਰਹਿ ਰਹੇ ਹਨ। ਉਸ ਨੇ ਦੱਸਿਆ ਕਿ ਕਰੀਬ 5 ਮਹੀਨੇ ਪਹਿਲਾਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ।


ਅਕਾਲੀ ਦਲ ਨੇ ਘੇਰਿਆ

ਮਾਮਲੇ ਸਬੰਧੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਾਨ ਸਰਕਾਰ ਉੱਤੇ ਨਿਸ਼ਾਨਾਂ ਸਾਧਦੇ ਹੋਏ ਲਿਖਿਆ ਕਿ ‘ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਿਲਕੁਲ ਵਿਗੜ ਚੁੱਕੀ ਹੈ, ਪੰਜਾਬ ਦੇ ਅੱਜ ਦੇ ਹਾਲਾਤ ਦੇਖ ਬਹੁਤ ਦੁੱਖੀ ਹਾਂ, ਅੱਜ ਸਵੇਰੇ ਦੁਬੁਰਜੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ NRI ਵੀਰ ਸੁਖਚੈਨ ਸਿੰਘ ਦੇ ਘਰ ਵੜ ਕੇ ਬਦਮਾਸ਼ਾਂ ਨੇ ਸ਼ਰੇਆਮ ਗੋਲੀਆਂ ਚਲਾ ਦਿੱਤੀਆਂ। ਮਾਤਾ ਜੀ ਆਪਣੇ ਪੁੱਤ ਅਤੇ ਮਾਸੂਮ ਬੱਚਾ ਆਪਣੇ ਪਿਤਾ ਨੂੰ ਬਚਾਉਣ ਲਈ ਹੱਥ ਜੋੜ ਰਹੇ ਹਨ ਪਰ ਨਿਰਦਈ ਬਦਮਾਸ਼ਾਂ ਨੇ ਇੱਕ ਨਹੀਂ ਸੁਣੀ। ਮੁੱਖ ਮੰਤਰੀ ਭਗਵੰਤ ਮਾਨ ਤੁਹਾਡੇ ਰਾਜ ਵਿੱਚ ਅਜਿਹੀਆਂ ਘਟਨਾਵਾਂ ਹਰ ਦਿਨ ਹੋ ਰਹੀਆਂ ਹਨ,ਪੰਜਾਬੀ ਆਪਣੇ ਘਰ ਵਿੱਚ ਵੀ ਸੁਰੱਖਿਅਤ ਨਹੀਂ ਰਹੇ , ਮੈਂ ਸਮਝਦਾ ਹਾਂ ਕਿ ਤੁਹਾਨੂੰ ਨੈਤਿਕਤਾ ਦੇ ਆਧਾਰ 'ਤੇ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ... ਬੁਰੀ ਤਰ੍ਹਾਂ ਜਖਮੀ ਜੇਰੇ ਇਲਾਜ ਸੁਖਚੈਨ ਸਿੰਘ ਦੀ ਸਿਹਤਯਾਬੀ ਦੀ ਅਰਦਾਸ ਕਰਦਾ ਹਾਂ।’

ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੀ ਮਾਨ ਸਰਕਾਰ ’ਤੇ ਨਿਸ਼ਾਨਾਂ ਸਾਧਦੇ ਹੋਏ ਕਿਹਾ ਕਿ ‘ਮੁੱਖ ਮੰਤਰੀ ਭਗਵੰਤ ਮਾਨ ਤੁਸੀਂ ਅਤੇ ਤੁਹਾਡਾ ਪਰਿਵਾਰ ਤਾਂ ਬੁਲਟ ਪਰੂਫ ਗੱਡੀਆਂ, ਚੈਬਰ ਅਤੇ ਸੈਕੜੇ ਪੁਲਸ ਮੁਲਾਜਮ ਲੈ ਕੇ ਚੱਲਦੇ ਹੋ ਪਰ ਪੰਜਾਬੀਆਂ ਦੀ ਸੁਰੱਖਿਆ ਕੌਣ ਕਰੇਗਾ ? ਅੱਜ ਦੁਬੁਰਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਖੇ NRI ਸੁਖਚੈਨ ਸਿੰਘ 'ਤੇ ਘਰ ਵੜਕੇ ਕੀਤੇ ਜਾਨਲੇਵਾ ਹਮਲੇ ਨੇ ਸਾਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ, ਹਰ ਪੰਜਾਬੀ ਸਹਿਮ ਵਿੱਚ ਹੈ ਕਿ ਆਖਿਰ ਪੰਜਾਬ 'ਚ ਅਮਨ ਕਾਨੂੰਨ ਹੈ ਕਿੱਥੇ ? ਫਿਰੋਤੀਆਂ, ਜੇਲ੍ਹਾਂ 'ਚ ਗੈਂਗਸਟਰਾਂ ਦੀ ਇੰਟਰਵਿਊ, ਧਮਕੀਆਂ, ਲੱਟਾ ਖੋਹਾਂ ਅਤੇ ਕਤਲ ਪੰਜਾਬ ਵਿੱਚ ਆਮ ਗੱਲ ਹੋ ਗਈ ਹੈ।’

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਨੂੰ ਘੇਰਦੇ ਹੋਏ ਲਿਖਿਆ ਕਿ ‘ਸੁਖਚੈਨ ਸਿੰਘ ਪਿੰਡ ਦੋਬਰਜੀ ( ਅਮ੍ਰਿੰਤਸਰ ) ਜੋ NRI ਹੈ ਇੱਕ ਮਹੀਨਾ ਪਹਿਲਾਂ ਹੀ ਆਇਆ ਹੈ। ਅੱਜ ਸਵੇਰੇ ਸ਼ਰੇਆਮ ਘਰ ਆ ਕਿ ਬੱਚਿਆਂ ਦੇ ਸਾਹਮਣੇ NRI ਸੁਖਚੈਨ ਦੇ ਗੋਲੀਆਂ ਮਾਰੀਆਂ ਜੋ ਜੇਰੇ ਇਲਾਜ ਹੈ ! ਮੁੱਖ ਮੰਤਰੀ ਭਗਵੰਤ ਮਾਨ ਕਿਧਰ ਜਾ ਰਿਹਾ ਪੰਜਾਬ ? ਪੰਜਾਬ ਦੀ ਕਾਨੂੰਨ ਅਵਸਥਾ ? ਤੁਸੀਂ ਤਾਂ ਬੂਲਟ ਪਰੂਫ , ਚੈਂਬਰ , ਗੱਡੀਆਂ ਵਿੱਚ ਘੁੰਮ ਲਓਗੇ ਪੰਜਾਬੀ ਕੀ ਕਰਨ ? ਹਰ ਰੋਜ ਫਰੌਤੀਆਂ ਤੋਂ ਤੰਗ ਪੰਜਾਬੀ, ਆਏ ਦਿਨ ਦਿਹਾੜੇ ਕਤਲ, ਲੁੱਟਾਂ ਖੋਹਾਂ , ਮੁੱਖ ਮੰਤਰੀ ਸਾਬ ਸ਼ਰਾਬਾਂ ਪੀ ਰਹੇ ਨੇ, ਮਸਤੀਆਂ ਕਰ ਰਹੇ ਨੇ ਅਤੇ ਪੰਜਾਬ ਲਾਲ ਹੋ ਰਿਹਾ ਹੈ। ਸਿੱਧੂ ਮੂਸੇਵਾਲੇ ਦਾ ਕਤਲ ! ਪੰਜਾਬ ਦੇ ਥਾਣਿਆਂ ਵਿੱਚ ਗੈਂਗਸਟਰ ਲਾਰੈਂਸ ਦੀਆਂ ਇੰਟਰਵਿਊ।’

ਇਹ ਵੀ ਪੜ੍ਹੋ : Film Emergency 'ਤੇ ਭਖਿਆ ਵਿਵਾਦ, SGPC ਨੇ ਫ਼ਿਲਮ ਨਿਰਮਾਤਾ ਨੂੰ ਭੇਜਿਆ ਨੋਟਿਸ

Related Post