Amritpal Singh Oath Ceremony Update: ਚਿੱਟੀ ਸ਼ਰਟ, ਕਾਲੀ ਪੈਂਟ ਤੇ ਕੇਸਰੀ ਪੱਗ ਬੰਨ੍ਹ ਸੰਸਦ ਭਵਨ ਪਹੁੰਚੇ ਅੰਮ੍ਰਿਤਪਾਲ ਸਿੰਘ, ਅੱਜ ਹੀ ਜੇਲ੍ਹ ’ਚ ਹੋਵੇਗੀ ਵਾਪਸੀ

ਪੰਜਾਬ ਤੇ ਅਸਮ ਪੁਲਿਸ ਸਖ਼ਤ ਸੁਰੱਖਿਆ ਹੇਠ ਅੰਮ੍ਰਿਤਪਾਲ ਸਿੰਘ ਨੂੰ ਡਿਬਰੂਗੜ੍ਹ ਜੇਲ੍ਹ ਤੋਂ ਦਿੱਲੀ ਲੈ ਕੇ ਆਈ ਹੈ। ਪੜ੍ਹੋ ਪੂਰੀ ਖ਼ਬਰ...

By  Dhalwinder Sandhu July 5th 2024 08:10 AM -- Updated: July 5th 2024 01:06 PM

Amritpal Singh Oath Ceremony Update: ਖਡੂਰ ਸਾਹਿਬ ਤੋਂ ਲੋਕ ਸਭਾ ਚੋਣ ਜਿੱਤਣ ਵਾਲੇ ਅੰਮ੍ਰਿਤਪਾਲ ਸਿੰਘ ਅੱਜ ਸੰਸਦ 'ਚ ਸਹੁੰ ਚੁੱਕਣਗੇ। ਇਸ ਦੇ ਲਈ ਅੰਮ੍ਰਿਤਪਾਲ ਨੂੰ 4 ਦਿਨਾਂ ਦੀ ਪੈਰੋਲ ਮਿਲੀ ਹੈ। ਪੈਰੋਲ ਦੀਆਂ ਸ਼ਰਤਾਂ ਅਨੁਸਾਰ ਅੰਮ੍ਰਿਤਪਾਲ ਸਿੰਘ ਨੂੰ ਦਿੱਲੀ ਵਿੱਚ ਪਰਿਵਾਰ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਗਈ ਹੈ, ਪਰ ਅਜੇ ਤੱਕ ਉਸ ਨੂੰ ਪ੍ਰੋਗਰਾਮ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਹੈ। ਹਾਲਾਂਕਿ ਪਰਿਵਾਰ ਦਿੱਲੀ ਪਹੁੰਚ ਗਿਆ ਹੈ।

ਪਿੰਡ ’ਚ ਖੁਸ਼ੀ ਦੀ ਲਹਿਰ

ਅੰਮ੍ਰਿਤਪਾਲ ਸਿੰਘ ਲੋਕ ਸਭਾ ਸਾਂਸਦ ਵੱਜੋਂ ਸਹੁੰ ਚੁੱਕਣ ਜਾ ਰਹੇ ਹਨ, ਜਿਸ ਕਾਰਨ ਉਹਨਾਂ ਦੇ ਜੱਦੀ ਪਿੰਡ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।


ਅੱਜ ਤੜਕੇ 4 ਵਜੇ ਡਿਬਰੂਗੜ੍ਹ ਤੋਂ ਰਵਾਨਾ ਹੋਈ ਸੀ ਪੁਲਿਸ

ਦੱਸ ਦਈਏ ਕਿ ਸਖ਼ਤ ਸਰੱਖਿਆ ਹੇਠ ਅੰਮ੍ਰਿਤਪਾਲ ਸਿੰਘ ਨੂੰ ਅੱਜ ਤੜਕੇ 4 ਵਜੇ ਡਿਬਰੂਗੜ੍ਹ ਤੋਂ ਪੁਲਿਸ ਲੈ ਕੇ ਰਵਾਨਾ ਹੋ ਗਈ ਹੈ। ਦੱਸ ਦਈਏ ਕਿ ਇਸ ਦੌਰਾਨ ਅੰਮ੍ਰਿਤਪਾਲ ਸਿੰਘ ਨੇ ਸਫੈਦ ਕਮੀਜ਼, ਕਾਲੀ ਪੈਂਟ ਅਤੇ ਸੰਤਰੀ ਰੰਗ ਦੀ ਪੱਗ ਬੰਨ੍ਹੀ ਹੋਈ ਸੀ। ਅੰਮ੍ਰਿਤਪਾਲ ਸਿੰਘ ਤੜਕੇ 3.52 ਵਜੇ ਦੇ ਕਰੀਬ ਡਿਬਰੂਗੜ੍ਹ ਕੇਂਦਰੀ ਜੇਲ੍ਹ ਦੇ ਅੰਦਰ ਪੁਲਿਸ ਦੀ ਗੱਡੀ ਵਿੱਚ ਸਵਾਰ ਹੋਏ ਤੇ 4 ਵਜੇ ਪੁਲਿਸ ਦੀ ਗੱਡੀ ਜੇਲ੍ਹ ਤੋਂ ਬਾਹਰ ਆ ਗਈ। ਇਸ ਤੋਂ ਬਾਅਦ ਪੁਲਿਸ ਅੰਮ੍ਰਿਤਪਾਲ ਸਿੰਘ ਨੂੰ ਸਖ਼ਤ ਸੁਰੱਖਿਆ ਹੇਠ ਅੰਮ੍ਰਿਤਪਾਲ ਸਿੰਘ ਨੂੰ ਮੋਹਨਬਾੜੀ ਹਵਾਈ ਅੱਡੇ ਦੇ ਸਪੈਸ਼ਲ ਏਅਰਫੋਰਸ ਏਰੀਆ ਵਿੱਚ ਲੈ ਕੇ ਗਈ। ਦੱਸ ਦਈਏ ਕਿ ਪੰਜਾਬ ਅਤੇ ਡਿਬਰੂਗੜ੍ਹ ਪੁਲਿਸ ਦੀਆਂ ਅੱਠ ਗੱਡੀਆਂ ਅੰਮ੍ਰਿਤਪਾਲ ਦੀ ਸੁਰੱਖਿਆ ਵਿੱਚ ਤੈਨਾਤ ਕੀਤੀਆਂ ਗਈਆਂ ਹਨ।


ਅੰਮ੍ਰਿਤਪਾਲ ਸਿੰਘ 1 ਸਾਲ 2 ਮਹੀਨੇ 12 ਦਿਨਾਂ ਬਾਅਦ ਸਹੁੰ ਚੁੱਕਣ ਲਈ ਡਿਬਰੂਗੜ੍ਹ ਜੇਲ ਤੋਂ ਬਾਹਰ ਆ ਰਹੇ ਹਨ ਅਤੇ ਇੱਕ ਦਿਨ ਬਾਹਰ ਰਹਿਣ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਜਾਵੇਗਾ। ਅੰਮ੍ਰਿਤਪਾਲ ਸਿੰਘ ਨੂੰ ਕੁਝ ਸ਼ਰਤਾਂ ’ਤੇ ਪੈਰੋਲ ਦਿੱਤੀ ਗਈ ਹੈ। ਆਓ ਤੁਹਾਨੂੰ ਉਨ੍ਹਾਂ ਸ਼ਰਤਾਂ ਬਾਰੇ ਦੱਸਦੇ ਹਾਂ। 

ਇਹ ਹਨ 10 ਸ਼ਰਤਾਂ 

ਪਹਿਲੀ ਸ਼ਰਤ- ਐੱਐੱਸਪੀ, ਅੰਮ੍ਰਿਤਸਰ (ਦਿਹਾਤੀ) ਵੱਲੋਂ ਸੁਝਾਈ ਗਈ ਪੁਲਿਸ ਮੁਲਾਜ਼ਮਾਂ ਦੀ ਨਫਰੀ ਅੰਮ੍ਰਿਤਪਾਲ ਸਿੰਘ ਦੇ ਨਾਲ ਡਿਬਰੂਗੜ੍ਹ ਜੇਲ੍ਹ ਤੋਂ ਅਸਥਾਈ ਤੌਰ 'ਤੇ ਰਿਹਾਅ ਹੋਣ ਤੋਂ ਲੈ ਕੇ ਜੇਲ੍ਹ ਵਾਪਸ ਆਉਣ ਤੱਕ ਨਾਲ ਰਹੇਗੀ। ਇਸ ਦੌਰਾਨ ਡਿਬਰੂਗੜ੍ਹ ਜੇਲ੍ਹ ਦੇ ਕੁਝ ਸੁਰੱਖਿਆ ਮੁਲਾਜ਼ਮ ਵੀ ਉਨ੍ਹਾਂ ਦੇ ਨਾਲ ਰਹਿਣਗੇ।

ਦੂਜੀ ਸ਼ਰਤ- ਅੰਮ੍ਰਿਤਪਾਲ ਸਿੰਘ ਸੰਸਦ ਭਵਨ ਕੰਪਲੈਕਸ ਵਿੱਚ ਮੌਜੂਦਗੀ ਤੱਕ ਉਨ੍ਹਾਂ ਦੇ ਨਾਲ ਓਨੀ ਗਿਣਤੀ ਵਿੱਚ ਹੀ ਸੁਰੱਖਿਆ ਮੁਲਾਜ਼ਮ ਹੋਣਗੇ ਜਿੰਨੀ ਲੋਕ ਸਭਾ ਦੇ ਸਕੱਤਰ ਜਨਰਲ ਵੱਲੋਂ ਆਗਿਆ ਹੋਵੇਗੀ।

ਤੀਜੀ ਸ਼ਰਤ- ਅਸਥਾਈ ਰਿਹਾਈ ਦੇ ਸਮੇਂ ਦੌਰਾਨ ਉਹ ਨਵੀਂ ਦਿੱਲੀ ਤੋਂ ਇਲਾਵਾ ਕਿਸੇ ਹੋਰ ਇਲਾਕੇ ਵਿੱਚ ਦਾਖਲ ਨਹੀਂ ਹੋਣਗੇ।

ਚੌਥੀ ਸ਼ਰਤ- ਅਸਥਾਈ ਰਿਹਾਈ ਦੀ ਮਿਆਦ ਵਿੱਚ ਕੇਂਦਰੀ ਜੇਲ੍ਹ ਡਿਬਰੂਗੜ੍ਹ ਤੋਂ ਨਵੀਂ ਦਿੱਲੀ ਫਿਰ ਵਾਪਸ ਜਾਣ ਤੱਕ ਦਾ ਸਮਾਂ ਸ਼ਾਮਲ ਹੋਵੇਗਾ

ਪੰਜਵੀ ਸ਼ਰਤ- ਜਿਸ ਸਮੇਂ ਤੱਕ ਅੰਮ੍ਰਿਤਪਾਲ ਸਿੰਘ ਨੂੰ ਪਾਰਲੀਮੈਂਟ ਕੰਪਲੈਕਸ ਵਿੱਚ ਰਹਿਣ ਦੀ ਲੋੜ ਨਹੀਂ ਹੋਵੇਗੀ, ਉਸ ਸਮੇਂ ਤੱਕ ਉਨ੍ਹਾਂ ਨੂੰ ਨਵੀਂ ਦਿੱਲੀ ਵਿੱਚ ਅਜਿਹੀ ਥਾਂ 'ਤੇ ਰੱਖਿਆ ਜਾਵੇਗਾ, ਜੋ ਵੱਖ-ਵੱਖ ਸੁਰੱਖਿਆ ਕਾਰਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੀਨੀਅਰ ਪੁਲਿਸ ਕਪਤਾਨ, ਅੰਮ੍ਰਿਤਸਰ (ਦਿਹਾਤੀ) ਦੁਆਰਾ ਢੁਕਵਾਂ ਸਮਝਿਆ ਜਾਵੇਗਾ।

ਛੇਵੀਂ ਸ਼ਰਤ- ਅੰਮ੍ਰਿਤਪਾਲ ਸਿੰਘ ਦੇ ਰਿਸ਼ਤੇਦਾਰ ਉਨ੍ਹਾਂ ਨੂੰ ਨਵੀਂ ਦਿੱਲੀ ਠਹਿਰਨ ਦੇ ਸਮੇਂ ਦੌਰਾਨ ਹੀ ਮਿਲ ਸਕਣਗੇ।

ਸੱਤਵੀਂ ਸ਼ਰਤ- ਅੰਮ੍ਰਿਤਪਾਲ ਸਿੰਘ ਰਾਸ਼ਟਰੀ ਸੁਰੱਖਿਆ ਨੂੰ ਨੁਕਸਾਨ ਪਹੁੰਚਾਉਣ ਵਾਲਾ ਕੋਈ ਵੀ ਕੰਮ ਕਰਨ ਜਾਂ ਕੋਈ ਵੀ ਬਿਆਨ ਦੇਣ ਤੋਂ ਗੁਰੇਜ਼ ਕਰਨ।

ਅੱਠਵੀ ਸ਼ਰਤ- ਅੰਮ੍ਰਿਤਪਾਲ ਸਿੰਘ ਜਾਂ ਉਨ੍ਹਾਂ ਦੇ ਕਿਸੇ ਵੀ ਪਰਿਵਾਰਿਕ ਮੈਂਬਰ/ਰਿਸ਼ਤੇਦਾਰ ਨੂੰ ਉਨ੍ਹਾਂ ਦੇ ਕਿਸੇ ਵੀ ਬਿਆਨ ਦੀ ਵੀਡੀਓਗ੍ਰਾਫੀ ਕਰਨ ਅਤੇ/ਜਾਂ ਅਜਿਹੇ ਕਿਸੇ ਬਿਆਨ ਨੂੰ ਕਿਸੇ ਵੀ ਰੂਪ ਵਿੱਚ ਪ੍ਰਸਾਰਿਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਨੌਂਵੀ ਸ਼ਰਤ- ਅੰਮ੍ਰਿਤਪਾਲ ਸਿੰਘ ਦੀ ਦਿੱਤੀ ਫੇਰੀ ਦਾ ਸਾਰਾ ਖਰਚਾ ਡੀਜੀਪੀ, ਪੰਜਾਬ ਕੋਲ ਉਪਲਬਧ ਵਿਭਾਗੀ ਬਜਟ ਵਿੱਚੋਂ ਵਸੂਲ ਕੀਤਾ ਜਾਵੇਗਾ।

ਦੱਸਵੀਂ ਸ਼ਰਤ- ਐੱਸਐੱਸਪੀ, ਅੰਮ੍ਰਿਤਸਰ (ਦਿਹਾਤੀ) ਅੰਮ੍ਰਿਤਪਾਲ ਸਿੰਘ ਦੀ ਆਰਜ਼ੀ ਰਿਹਾਈ ਦੀਆਂ ਸ਼ਰਤਾਂ ਦੀ ਪਾਲਣਾ ਲਈ ਲੋਕ ਸਭਾ ਦੇ ਸਕੱਤਰ ਜਨਰਲ ਨਾਲ ਤਾਲਮੇਲ ਕਰਨਗੇ।

ਖਡੂਰ ਸਾਹਿਬ ਸੀਟ ਤੋਂ ਚੋਣ ਜਿੱਤੇ ਹਨ ਅੰਮ੍ਰਿਤਪਾਲ ਸਿੰਘ

ਅੰਮ੍ਰਿਤਪਾਲ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਅਤੇ 404430 ਵੋਟਾਂ ਹਾਸਲ ਕੀਤੀਆਂ। ਉਨ੍ਹਾਂ ਨੇ ਕਾਂਗਰਸੀ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਨੂੰ 1,97,120 ਵੋਟਾਂ ਦੇ ਫਰਕ ਨਾਲ ਹਰਾਇਆ ਹੈ।ਅੰਮ੍ਰਿਤਪਾਲ ਨੂੰ ਚੋਣ ਪ੍ਰਚਾਰ ਕਰਨ ਲਈ ਜੇਲ੍ਹ ਤੋਂ ਬਾਹਰ ਆਉਣ ਦੀ ਇਜਾਜ਼ਤ ਨਹੀਂ ਮਿਲੀ, ਫਿਰ ਵੀ ਉਸ ਨੂੰ 4 ਲੱਖ ਤੋਂ ਵੱਧ ਵੋਟਾਂ ਮਿਲੀਆਂ।


ਕਿਉਂ ਹੋਈ ਸੀ ਗ੍ਰਿਫ਼ਤਾਰੀ
ਜਥੇਬੰਦੀ ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਸਰ ਸਿੰਘ ਪਿੰਡ ਜੱਲੂਪੁਰ ਖੇੜਾ ਦੇ ਵਸਨੀਕ ਹਨ। ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ 23 ਫਰਵਰੀ 2023 ਨੂੰ ਅੰਮ੍ਰਿਤਸਰ ਦੇ ਅਜਨਾਲਾ ਥਾਣੇ ਵਿੱਚ ਹਜ਼ਾਰਾਂ ਲੋਕਾਂ ਦੀ ਭੀੜ ਦਾਖਲ ਹੋਈ। ਇਸ ਤੋਂ ਬਾਅਦ ਅੰਮ੍ਰਿਤਸਰ ਸਿੰਘ ਦੇ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਸੀ। 18 ਮਾਰਚ ਨੂੰ ਅੰਮ੍ਰਿਤਪਾਲ ਸਿੰਘ ਲਾਪਤਾ ਹੋ ਗਏ। ਪੁਲਿਸ ਨੇ ਜਾਂਚ ਏਜੰਸੀਆਂ ਨਾਲ ਮਿਲ ਕੇ ਇੱਕ ਮਹੀਨੇ ਤੱਕ ਉਸ ਦੀ ਭਾਲ ਕੀਤੀ। 23 ਅਪ੍ਰੈਲ ਨੂੰ ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਨੂੰ ਮੋਗਾ ਤੋਂ ਗ੍ਰਿਫਤਾਰ ਕੀਤਾ ਸੀ।

ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ ਅੰਮ੍ਰਿਤਪਾਲ ਸਿੰਘ

ਉਦੋਂ ਤੋਂ ਅੰਮ੍ਰਿਤਪਾਲ ਸਿੰਘ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ। ਖਾਲਿਸਤਾਨੀ ਵਿਚਾਰਧਾਰਾ ਦਾ ਸਮਰਥਨ ਕਰਨ ਦੇ ਦੋਸ਼ 'ਚ ਉਸ 'ਤੇ ਰਾਸ਼ਟਰੀ ਸੁਰੱਖਿਆ ਕਾਨੂੰਨ (ਐੱਨ.ਐੱਸ.ਏ.) ਲਗਾਇਆ ਗਿਆ ਹੈ। 

2025 ਤੱਕ ਵਧਾਈ NSA

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਸਰਕਾਰ ਨੇ ਅੰਮ੍ਰਿਤਪਾਲ ਸਿੰਘ ਦੀ ਐੱਨਐੱਸਏ ਦੀ ਮਿਆਦ ਇੱਕ ਸਾਲ ਲਈ 23 ਅਪ੍ਰੈਲ 2025 ਤੱਕ ਵਧਾ ਦਿੱਤੀ ਸੀ।

ਇਹ ਵੀ ਪੜ੍ਹੋ: Amritpal Singh Parole 10 conditions: ਅੰਮ੍ਰਿਤਪਾਲ ਸਿੰਘ ਨੂੰ ਇਨ੍ਹਾਂ 10 ਸ਼ਰਤਾਂ ਹੇਠ ਦਿੱਤੀ ਗਈ ਹੈ ਪੈਰੋਲ, ਪਰਿਵਾਰ ਨਾਲ ਮਿਲਣ ਤੋਂ ਲੈ ਕੇ ਸੁਰੱਖਿਆ ਤੱਕ ਹੈ ਸਭ ਕੁਝ

Related Post