ਜੈਪੁਰ ਚ ਅਮਰੀਕਨ ਔਰਤ ਨਾਲ ਵੱਜੀ 6 ਕਰੋੜ ਦੀ ਠੱਗੀ, ਚਾਂਦੀ ਤੇ ਸੋਨੇ ਦੀ ਪਾਲਸ਼ ਕਰਕੇ ਵੇਚੇ ਗਹਿਣੇ
American woman thug in Jaipur : ਔਰਤ ਨੇ ਦੱਸਿਆ ਕਿ ਗਹਿਣੇ ਖਰੀਦਣ ਤੋਂ ਬਾਅਦ ਉਹ ਅਮਰੀਕਾ ਵਾਪਸ ਆ ਗਈ ਸੀ। ਅਪ੍ਰੈਲ ਵਿੱਚ ਜਦੋਂ ਉੱਥੇ ਇੱਕ ਪ੍ਰਦਰਸ਼ਨੀ ਲਗਾਈ ਗਈ ਤਾਂ ਉਸ ਨੇ ਉੱਥੇ ਖਰੀਦੇ ਗਹਿਣੇ ਦਿਖਾਏ। ਉਥੋਂ ਪਤਾ ਲੱਗਾ ਕਿ ਇਹ ਫਰਜ਼ੀ ਸਨ।

US woman thug in Jaipur : ਜੈਪੁਰ ਵਿੱਚ ਇੱਕ ਵਿਦੇਸ਼ੀ ਔਰਤ ਨਾਲ 6 ਕਰੋੜ ਰੁਪਏ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਜਿਊਲਰੀ ਦੁਕਾਨ ਦੇ ਮਾਲਕਾਂ ਵੱਲੋਂ 6 ਕਰੋੜ ਰੁਪਏ ਦੇ ਨਕਲੀ ਗਹਿਣੇ ਵੇਚ ਕੇ ਅਮਰੀਕੀ ਔਰਤ ਨਾਲ ਠੱਗੀ ਮਾਰੀ ਗਈ। ਜੈਪੁਰ ਪੁਲਿਸ ਨੇ ਮਹਿਲਾ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਹੈ। ਅਮਰੀਕੀ ਦੂਤਘਰ ਦੀ ਮਦਦ ਨਾਲ ਵੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਘਟਨਾ ਦੇ ਬਾਅਦ ਤੋਂ ਮੁਲਜ਼ਮ ਦੁਕਾਨਦਾਰ ਅਤੇ ਉਸਦਾ ਲੜਕਾ ਫਰਾਰ ਹੋ ਗਏ ਹਨ। ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਜਾਣਕਾਰੀ ਮੁਤਾਬਕ ਧੋਖਾਧੜੀ ਦਾ ਸ਼ਿਕਾਰ ਹੋਈ ਅਮਰੀਕੀ ਔਰਤ ਦਾ ਨਾਂ ਚੈਰੀਸ਼ ਹੈ। ਸ਼ਿਕਾਇਤ 'ਚ ਉਸ ਨੇ ਦੱਸਿਆ ਕਿ ਜੈਪੁਰ ਦੇ ਮਾਣਕ ਚੌਕ ਥਾਣਾ ਖੇਤਰ ਦੇ ਜੌਹਰੀ ਬਾਜ਼ਾਰ 'ਚ ਸਥਿਤ ਇਕ ਦੁਕਾਨ ਤੋਂ ਖਰੀਦਦਾਰੀ ਕੀਤੀ ਸੀ। ਔਰਤ ਨੇ ਦੱਸਿਆ ਕਿ ਗਹਿਣੇ ਖਰੀਦਣ ਤੋਂ ਬਾਅਦ ਉਹ ਅਮਰੀਕਾ ਵਾਪਸ ਚਲੀ ਗਈ ਸੀ। ਅਪ੍ਰੈਲ ਵਿੱਚ ਜਦੋਂ ਉੱਥੇ ਇੱਕ ਪ੍ਰਦਰਸ਼ਨੀ ਲਗਾਈ ਗਈ ਤਾਂ ਉਸ ਨੇ ਉੱਥੇ ਖਰੀਦੇ ਗਹਿਣੇ ਦਿਖਾਏ, ਜਿਥੋਂ ਪਤਾ ਲੱਗਾ ਕਿ ਇਹ ਫਰਜ਼ੀ ਹਨ।
ਉਪਰੰਤ ਪੀੜਤ ਚੈਰੀਸ਼ ਤੁਰੰਤ ਜੈਪੁਰ ਵਾਪਸ ਆ ਗਈ, ਜਦੋਂ ਉਸ ਨੇ ਦੁਕਾਨ ਦੇ ਮਾਲਕ ਰਾਜਿੰਦਰ ਸੋਨੀ ਅਤੇ ਉਸ ਦੇ ਪੁੱਤਰ ਗੌਰਵ ਨੂੰ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਨੇ ਗਹਿਣੇ ਨਕਲੀ ਹੋਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਔਰਤ ਦੀ ਗੱਲ ਨਹੀਂ ਸੁਣੀ। ਇਸ ਤੋਂ ਪ੍ਰੇਸ਼ਾਨ ਚੈਰੀਸ਼ ਨੇ 18 ਮਈ ਨੂੰ ਮਾਣਕ ਚੌਕ ਥਾਣੇ ਵਿੱਚ ਦੁਕਾਨ ਮਾਲਕਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ। ਦੂਜੇ ਪਾਸੇ ਦੁਕਾਨ ਮਾਲਕਾਂ ਨੇ ਚੈਰੀਸ਼ ਖ਼ਿਲਾਫ਼ ਵੀ ਕੇਸ ਦਰਜ ਕਰਵਾ ਦਿੱਤਾ ਸੀ।
ਇਸ ਤੋਂ ਬਾਅਦ ਚੈਰਿਸ ਨੇ ਦੂਤਾਵਾਸ ਨੂੰ ਮਦਦ ਦੀ ਅਪੀਲ ਕੀਤੀ। ਦੂਤਘਰ ਦੇ ਦਖਲ ਤੋਂ ਬਾਅਦ ਪੁਲਿਸ ਹਰਕਤ 'ਚ ਆਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਦੌਰਾਨ ਸਾਰਾ ਮਾਮਲਾ ਸਾਹਮਣੇ ਆਇਆ ਅਤੇ ਦੁਕਾਨਦਾਰਾਂ ਵੱਲੋਂ ਧੋਖਾਧੜੀ ਦਾ ਖੁਲਾਸਾ ਹੋਇਆ। ਉਪਰੰਤ ਗਹਿਣਿਆਂ ਦੀ ਦੁਕਾਨ ਕਰਨ ਵਾਲੇ ਦੋਵੇਂ ਪਿਓ-ਪੁੱਤ ਫਰਾਰ ਹੋ ਗਏ। ਪੁਲਿਸ ਦੋਵਾਂ ਦੀ ਭਾਲ ਕਰ ਰਹੀ ਹੈ। ਨੰਦ ਕਿਸ਼ੋਰ, ਜਿਸ ਨੇ ਗਹਿਣਿਆਂ ਦੀ ਪ੍ਰਮਾਣਿਕਤਾ ਦਾ ਜਾਅਲੀ ਸਰਟੀਫਿਕੇਟ ਤਿਆਰ ਕੀਤਾ ਸੀ, ਉਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।