ਇਤਰਾਜ਼ ਤੋਂ ਬਾਅਦ ਚੰਡੀਗੜ੍ਹ SSP ਲਈ ਪੈਨਲ 'ਚ ਸੋਧ, ਅਖਿਲ ਚੌਧਰੀ ਨੂੰ ਹਟਾ ਕੇ ਕੰਵਰਦੀਪ ਕੌਰ ਦਾ ਨਾਮ ਕੀਤਾ ਸ਼ਾਮਿਲ
ਚੰਡੀਗੜ੍ਹ: ਪੰਜਾਬ ਸਰਕਾਰ ਨੇ ਚੰਡੀਗੜ੍ਹ ਵਿੱਚ ਐਸਐਸਪੀ ਦੇ ਅਹੁਦੇ ਲਈ ਅਧਿਕਾਰੀਆਂ ਦੇ ਪੈਨਲ ਵਿੱਚ ਸੋਧ ਕੀਤੀ ਹੈ। ਸੂਤਰਾਂ ਅਨੁਸਾਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਪਹਿਲਾਂ ਭੇਜੇ ਗਏ ਤਿੰਨ ਅਧਿਕਾਰੀਆਂ ਦੇ ਪੈਨਲ ਵਿੱਚ 2012 ਬੈਚ ਦੇ ਅਧਿਕਾਰੀ ਡਾਕਟਰ ਅਖਿਲ ਚੌਧਰੀ ਦੇ ਨਾਂ ’ਤੇ ਇਤਰਾਜ਼ ਜਤਾਇਆ ਸੀ। ਇਸ ਨੂੰ ਹਟਾ ਕੇ ਹੁਣ 2013 ਬੈਚ ਦੀ ਆਈਪੀਐਸ ਕੰਵਰਦੀਪ ਕੌਰ ਦਾ ਨਾਂ ਸ਼ਾਮਿਲ ਕੀਤਾ ਗਿਆ ਹੈ। ਸੋਧਿਆ ਪੈਨਲ ਗ੍ਰਹਿ ਮੰਤਰਾਲੇ ਨੂੰ ਵੀ ਭੇਜਿਆ ਗਿਆ ਹੈ।
ਚੰਡੀਗੜ੍ਹ ਵਿੱਚ ਐਸਐਸਪੀ ਦਾ ਅਹੁਦਾ 2009 ਬੈਚ ਦੇ ਆਈਪੀਐਸ ਅਧਿਕਾਰੀ ਕੁਲਦੀਪ ਸਿੰਘ ਚਾਹਲ ਨੂੰ ਤਿੰਨ ਸਾਲ ਦਾ ਕਾਰਜਕਾਲ ਪੂਰਾ ਹੋਣ ਤੋਂ 10 ਮਹੀਨੇ ਪਹਿਲਾਂ 12 ਦਸੰਬਰ ਨੂੰ ਯੂਟੀ ਪ੍ਰਸ਼ਾਸਕ ਵੱਲੋਂ ਡੈਪੂਟੇਸ਼ਨ ’ਤੇ ਵਾਪਸ ਭੇਜਣ ਤੋਂ ਬਾਅਦ ਖਾਲੀ ਪਿਆ ਹੈ। ਚਾਹਲ ਨੂੰ ਪੰਜਾਬ ਵਾਪਸ ਲਿਆਉਣ ਦੇ ਨਾਲ, ਯੂਟੀ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਨੇ ਪੰਜਾਬ ਸਰਕਾਰ ਨੂੰ ਜਲਦੀ ਤੋਂ ਜਲਦੀ ਆਈਪੀਐਸ ਅਧਿਕਾਰੀਆਂ ਦਾ ਇੱਕ ਪੈਨਲ ਭੇਜਣ ਲਈ ਕਿਹਾ ਸੀ।
ਹੁਣ ਜੇਕਰ ਕੰਵਰਦੀਪ ਕੌਰ ਨੂੰ ਸੋਧੇ ਪੈਨਲ ਵਿੱਚੋਂ ਚੁਣਿਆ ਜਾਂਦਾ ਹੈ ਤਾਂ ਉਹ ਚੰਡੀਗੜ੍ਹ ਵਿੱਚ ਐਸਐਸਪੀ ਵਜੋਂ ਤਾਇਨਾਤ ਹੋਣ ਵਾਲੀ ਦੂਜੀ ਮਹਿਲਾ ਅਧਿਕਾਰੀ ਹੋਵੇਗੀ। ਚੰਡੀਗੜ੍ਹ ਵਿੱਚ 2017 ਤੋਂ 2020 ਤੱਕ 2008 ਬੈਚ ਦੀ ਆਈਪੀਐਸ ਅਧਿਕਾਰੀ ਨੀਲਾਂਬਰੀ ਵਿਜੇ ਜਗਦਲੇ ਨੇ ਐਸਐਸਪੀ ਦਾ ਅਹੁਦਾ ਸੰਭਾਲਿਆ ਹੈ। ਕੰਵਰਦੀਪ ਕੌਰ ਇਸ ਸਮੇਂ ਫਿਰੋਜ਼ਪੁਰ ਵਿੱਚ ਐਸਐਸਪੀ ਵਜੋਂ ਤਾਇਨਾਤ ਹੈ।
ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਪਹਿਲਾਂ ਯੂਟੀ ਪ੍ਰਸ਼ਾਸਨ ਨੂੰ ਜੋ ਪੈਨਲ ਭੇਜਿਆ ਗਿਆ ਸੀ, ਉਸ ਵਿੱਚ 2012 ਬੈਚ ਦੇ ਆਈਪੀਐਸ ਅਧਿਕਾਰੀ ਡਾ. ਅਖਿਲ ਚੌਧਰੀ ਤੋਂ ਇਲਾਵਾ 2013 ਬੈਚ ਦੇ ਭਗੀਰਥ ਸਿੰਘ ਮੀਨਾ ਅਤੇ 2012 ਬੈਚ ਦੇ ਡਾ. ਸੰਦੀਪ ਕੁਮਾਰ ਗਰਗ ਦਾ ਨਾਂ ਸ਼ਾਮਲ ਸੀ। ਯੂਟੀ ਪ੍ਰਸ਼ਾਸਨ ਨੇ ਦਸੰਬਰ 2022 ਨੂੰ ਇਸ ਪੈਨਲ ਨੂੰ ਗ੍ਰਹਿ ਮੰਤਰਾਲੇ ਨੂੰ ਭੇਜਿਆ ਸੀ।
ਗ੍ਰਹਿ ਮੰਤਰਾਲੇ ਨੇ ਡਾ. ਅਖਿਲ ਚੌਧਰੀ ਦੇ ਨਾਂ 'ਤੇ ਇਤਰਾਜ਼ ਕੀਤਾ ਸੀ। ਹਾਲਾਂਕਿ ਗ੍ਰਹਿ ਮੰਤਰਾਲੇ ਨੇ ਇਸ ਦੇ ਇਤਰਾਜ਼ 'ਤੇ ਕੋਈ ਵਿਸਤ੍ਰਿਤ ਜਾਣਕਾਰੀ ਨਹੀਂ ਦਿੱਤੀ। ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਡਾ. ਚੌਧਰੀ ਦਾ ਨਾਂ ਹੁਣ ਹਟਾ ਕੇ ਕੰਵਰਦੀਪ ਕੌਰ ਦਾ ਨਾਂ ਪੈਨਲ 'ਚ ਸ਼ਾਮਿਲ ਕੀਤਾ ਗਿਆ ਹੈ। ਕੰਵਰਦੀਪ ਕੌਰ ਚੰਡੀਗੜ੍ਹ ਅਤੇ ਮੋਹਾਲੀ ਵਿੱਚ ਪੜ੍ਹੀ ਸੀ ਅਤੇ ਪੰਜਾਬ ਇੰਜਨੀਅਰਿੰਗ ਕਾਲਜ ਤੋਂ ਗ੍ਰੈਜੂਏਟ ਹੈ। ਫ਼ਿਰੋਜ਼ਪੁਰ ਤੋਂ ਪਹਿਲਾਂ ਉਹ ਕਪੂਰਥਲਾ ਅਤੇ ਮਲੇਰਕੋਟਲਾ ਦੇ ਐਸਐਸਪੀ ਰਹਿ ਚੁੱਕੇ ਹਨ।