ਐਂਬੂਲੈਂਸ ਯੂਨੀਅਨ ਦੀ ਹੜਤਾਲ ਜਾਰੀ, ਪੰਜਾਬ ਸਰਕਾਰ ਦੀ ਕਮੇਟੀ ਤੇ ਯੂਨੀਅਨ ਵਿਚਾਲੇ ਮੀਟਿੰਗ ਅੱਜ

By  Ravinder Singh January 18th 2023 11:14 AM

ਲੁਧਿਆਣਾ : 108 ਐਂਬੂਲੈਂਸ ਯੂਨੀਅਨ ਦੀ ਹੜਤਾਲ ਅੱਜ ਪੰਜਵੇਂ ਦਿਨ ਵੀ ਜਾਰੀ ਹੈ। ਪੂਰੇ ਸੂਬੇ ਦੇ ਐਂਬੂਲੈਂਸ ਮੁਲਾਜ਼ਮ ਲੁਧਿਆਣਾ ਦੇ ਟੋਲ ਪਲਾਜ਼ਾ ਉਤੇ ਆਪਣੀਆਂ ਮੰਗਾਂ ਨੂੰ ਲੈ ਕੇ ਕੜਾਕੇ ਦੀ ਠੰਢ ਵਿਚ ਅੜੇ ਹੋਏ ਹਨ। ਅੱਜ ਐਂਬੂਲੈਂਸ ਡਰਾਈਵਰਾਂ ਦੇ ਨੁਮਾਇੰਦਿਆਂ ਦੀ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਕਮੇਟੀ ਨਾਲ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਅਤੇ ਇਸ ਮਸਲੇ ਦੇ ਹੱਲ ਲਈ ਵਿਚਾਰਾਂ ਹੋਣਗੀਆਂ। ਪੰਜਾਬ ਸਰਕਾਰ ਵੱਲੋਂ ਬਣਾਈ ਗਈ ਕਮੇਟੀ ਵਿਚ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੀ ਸ਼ਾਮਲ ਹੋਣਗੇ।


ਇਹ ਮੀਟਿੰਗ ਚੰਡੀਗੜ੍ਹ ਦੇ ਪੰਜਾਬ ਭਵਨ ਵਿਚ ਦੁਪਹਿਰ 12 ਵਜੇ ਹੋਵੇਗੀ। 108 ਐਂਬੂਲੈਂਸ ਯੂਨੀਅਨ ਵੱਲੋਂ ਤਨਖ਼ਾਹ ਵਿਚ ਵਾਧਾ ਤੇ ਰੈਗੂਲਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਐਂਬੂਲੈਂਸ ਮੁਲਾਜ਼ਮਾਂ ਦੀ ਮੰਗ ਹੈ ਨਿੱਜੀ ਕੰਪਨੀ ਨੂੰ ਬਾਹਰ ਕਰਕੇ ਸਰਕਾਰ ਆਪਣੇ ਅਧੀਨ ਲਵੇ। ਕਾਬਿਲੇਗੌਰ ਹੈ ਕਿ ਐਂਬੂਲੈਂਸ ਦੇ ਮੁਲਾਜ਼ਮਾਂ ਨੂੰ ਭਰਤੀ ਕਰਨ ਦਾ ਕੰਮ ਇਕ ਨਿੱਜੀ ਕੰਪਨੀ ਨੂੰ ਸੌਂਪਿਆ ਗਿਆ ਹੈ। ਇਸ ਲਈ ਮੁਲਾਜ਼ਮਾਂ ਦੀ ਮੰਗ ਹੈ ਕਿ ਪੰਜਾਬ ਸਰਕਾਰ ਨਿੱਜੀ ਕੰਪਨੀ ਨੂੰ ਲਾਂਭੇ ਕਰਕੇ ਸਰਕਾਰ ਕੰਮ ਆਪਣੇ ਅਧੀਨ ਲਵੇ। ਇਸ ਤੋਂ ਇਲਾਵਾ ਮੁਲਾਜ਼ਮਾਂ ਨੂੰ ਪੱਕਾ ਕਰਕੇ ਤਨਖਾਹ ਵਿਚ ਵਾਧਾ ਕੀਤਾ ਜਾਵੇ।

ਇਹ ਵੀ ਪੜ੍ਹੋ : ਸਰਹੱਦ 'ਤੇ ਮੁੜ ਡਰੋਨ ਦੀ ਹਲਚਲ, ਫਾਇਰਿੰਗ ਮਗਰੋਂ ਤਲਾਸ਼ੀ ਮੁਹਿੰਮ ਦੌਰਾਨ ਹਥਿਆਰਾਂ ਦੀ ਖੇਪ ਬਰਾਮਦ

ਲਾਡੋਵਾਲ ਟੋਲ ਪਲਾਜ਼ਾ ਨੇੜੇ ਡਰਾਈਵਰਾਂ ਅਤੇ ਐਮਰਜੈਂਸੀ ਮੈਡੀਕਲ ਟੈਕਨੀਸ਼ੀਅਨਾਂ (ਈਐਮਟੀ) ਨੇ ਚਿਕਿਤਸਾ ਹੈਲਥ ਕੇਅਰ ਲਿਮਟਿਡ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਡਰਾਈਵਰਾਂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਸਬੰਧੀ ਕੋਈ ਠੋਸ ਭਰੋਸਾ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਉਨ੍ਹਾਂ ਦੀ ਹੜਤਾਲ ਜਾਰੀ ਰਹੇਗੀ। ਕਾਬਿਲੇਗੌਰ ਹੈ ਕਿ ਐਂਬੂਲੈਂਸ ਚਾਲਕਾਂ ਦੀ ਹੜਤਾਲ ਕਾਰਨ ਮਰੀਜ਼ ਕਾਫੀ ਪਰੇਸ਼ਾਨ ਨਜ਼ਰ ਆਏ। ਗਰਭਵਤੀ ਔਰਤਾਂ ਅਤੇ ਹੋਰ ਮਰੀਜ਼ਾਂ ਨੂੰ ਸਿਵਲ ਹਸਪਤਾਲ ਪਹੁੰਚਣ ਲਈ ਆਟੋ, ਰਿਕਸ਼ਾ ਅਤੇ ਪ੍ਰਾਈਵੇਟ ਐਂਬੂਲੈਂਸਾਂ ਦਾ ਸਹਾਰਾ ਲੈਣਾ ਪਿਆ।

Related Post