'ਆਪ' ਦੇ 2 ਵਿਧਾਇਕਾਂ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਇਲਜ਼ਾਮ, ਭਗਵੰਤ ਮਾਨ ਵੱਲੋਂ ਜਾਂਚ ਦੇ ਹੁਕਮ

By  Jasmeet Singh November 5th 2022 11:26 AM

ਚੰਡੀਗੜ੍ਹ, 5 ਨਵੰਬਰ: ਮੁੱਖ ਮੰਤਰੀ ਭਗਵੰਤ ਮਾਨ ਨੂੰ ਹਲਕਾ ਜਗਰਾਉਂ ਤੋਂ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਅਤੇ ਫ਼ਰੀਦਕੋਟ ਤੋਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਖ਼ਿਲਾਫ਼ ਸ਼ਿਕਾਇਤਾਂ ਮਿਲੀਆਂ ਸਨ। ਰਾਜਕੁਮਾਰ ਦੀ ਤਰਫੋਂ ਇਹ ਸ਼ਿਕਾਇਤ ਮੁੱਖ ਮੰਤਰੀ ਨੂੰ ਲਿਖਤੀ ਰੂਪ ਵਿੱਚ ਭੇਜੀ ਗਈ ਹੈ ਅਤੇ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਆਪਣਾ ਆਧਾਰ ਕਾਰਡ ਨੰਬਰ ਅਤੇ ਮੋਬਾਈਲ ਨੰਬਰ ਵੀ ਦਿੱਤਾ ਹੈ। 

ਸ਼ਿਕਾਇਤ ਵਿੱਚ ਇਲਜ਼ਾਮ ਲਗਾਇਆ ਗਿਆ ਹੈ ਕਿ 'ਆਪ' ਨੇ ਆਪਣੇ ਵਿਧਾਇਕਾਂ ਨੂੰ ਹੁਕਮ ਦਿੱਤਾ ਸੀ ਕਿ ਉਹ ਆਪਣੇ ਨਜ਼ਦੀਕੀਆਂ ਨੂੰ ਆਪਣੇ ਅਹੁਦੇ ਅਤੇ ਅਹੁਦਿਆਂ ਤੋਂ ਦੂਰ ਰੱਖਣ ਪਰ ਹਲਕਾ ਜਗਰਾਉਂ ਦੀ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਨੇ ਆਪਣੇ ਪਤੀ ਸੁਖਵਿੰਦਰ ਸੁੱਖੀ ਨੂੰ ਓ.ਐਸ.ਡੀ ਨਿਯੁਕਤ ਕੀਤਾ ਜੋ ਕਿ ਵਿਧਾਇਕ ਦਾ ਸਾਰਾ ਕੰਮ ਦੇਖ ਰਹੇ ਹਨ। ਇਨ੍ਹਾਂ 'ਤੇ ਹਠੂਰ ਦੀ 2 ਟਰੱਕ ਯੂਨੀਅਨ ਦੀ ਪ੍ਰਧਾਨਗੀ ਦੇ ਮਾਮਲੇ 'ਚ 2 ਲੱਖ ਰੁਪਏ ਦੀ ਰਿਸ਼ਵਤ ਲੈਣ ਦਾ ਇਲਜ਼ਾਮ ਹੈ। ਸ਼ਿਕਾਇਤਕਰਤਾ ਨੇ ਲਿਖਿਆ ਕਿ ਇਸ ਤੋਂ ਇਲਾਵਾ ਮਾਈਨਿੰਗ ਸਬੰਧੀ ਚਰਚਾ ਹੈ ਕਿ ਸਰਬਜੀਤ ਕੌਰ ਮਾਣੂੰਕੇ ਰੇਤ ਵਾਲਿਆਂ ਤੋਂ ਪ੍ਰਤੀ ਮਹੀਨਾ 7 ਲੱਖ ਰੁਪਏ ਵਸੂਲੀ ਕਰ ਰਹੀ ਹੈ। ਜੋ ਤੁਹਾਡੀ ਜਾਂਚ ਵਿੱਚ ਸਾਹਮਣੇ ਆ ਸਕਦਾ ਹੈ। ਸਾਡੇ ਹਲਕੇ ਵਿੱਚ ਅਪਰਾਧੀ ਲੋਕਾਂ ਦੀਆਂ ਸਿਫ਼ਾਰਸ਼ਾਂ ਕਰਦੇ ਹਨ।

ਸ਼ਿਕਾਇਤਕਰਤਾ ਨੇ ਇਲਜ਼ਾਮ ਲਗਾਇਆ ਹੈ ਕਿ ਗੁਰਦਿੱਤ ਸਿੰਘ ਸੇਖੋਂ ਵਿਧਾਇਕ ਫਰੀਦਕੋਟ ਜੋ ਨਸ਼ਾ ਵੇਚਣ ਵਾਲਿਆਂ ਨੂੰ ਪਨਾਹ ਦਿੰਦਾ ਹੈ ਅਤੇ ਪੁਲਿਸ ਤੋਂ ਉਨ੍ਹਾਂ ਨੂੰ ਛੁਡਵਾ ਕੇ ਉਨ੍ਹਾਂ 'ਤੇ ਕੇਸ ਦਰਜ ਨਹੀਂ ਹੋਣ ਦਿੰਦਾ ਅਤੇ ਨਸ਼ਾ ਵੇਚਣ ਵਾਲਿਆ ਵਲੋਂ ਪੁਲਿਸ ਨੂੰ ਪੈਸੇ ਦਵਾ ਕੇ ਪੁਲਿਸ ਦੇ ਖਿਲਾਫ ਖੁਦ ਕਾਰਵਾਈ ਕਰਵਾਉਂਦਾ ਹੈ। ਇਸ ਤਰ੍ਹਾਂ ਉਹ ਪੁਲਿਸ ਵਾਲਿਆਂ ਨੂੰ ਬਲੈਕਮੇਲ ਕਰਦਾ ਹੈ। ਇਸ ਤਰ੍ਹਾਂ ਇਸ ਤੋਂ ਪਹਿਲਾਂ ਵੀ ਜੂਨ 2022 ਵਿਚ ਚਿੱਟਾ ਵੇਚਣ ਵਾਲਿਆ ਦੇ ਕਹਿਣ 'ਤੇ ਵਿਜੀਲੈਂਸ ਨੂੰ ਸਿਫਾਰਿਸ਼ ਕਰਕੇ ਇਕ ਹੌਲਦਾਰ ਖਿਲਾਫ ਝੂਠਾ ਵਿਜੀਲੈਂਸ ਦਾ ਮਾਮਲਾ ਦਰਜ ਕਰਵਾਇਆ ਸੀ। ਦੋ ਦਿਨ ਪਹਿਲਾਂ ਰਿਸ਼ਵਤ ਲੈਂਦਿਆਂ ਫੜਿਆ ਗਿਆ ਫਰੀਦਕੋਟ ਦਾ ਡੀਐਸਪੀ ਹਲਕਾ ਵਿਧਾਇਕ ਗੁਰਦਿੱਤ ਸਿੰਘ ਦਾ ਵੀ ਸ਼ਿਕਾਰ ਹੋ ਗਿਆ ਹੈ। 

ਸ਼ਿਕਾਇਤਕਰਤਾ ਨੇ ਕਿਹਾ ਹੈ ਕਿ ਮੈਨੂੰ ਤੁਹਾਡੇ 'ਤੇ ਭਰੋਸਾ ਹੈ ਅਤੇ ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਸਰਬਜੀਤ ਕੌਰ ਮਾਣੂੰਕੇ ਵਿਧਾਇਕ ਹਲਕਾ ਜਗਰਾਓਂ ਅਤੇ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੀ ਆਪਣੇ ਪੱਧਰ 'ਤੇ ਜਾਂਚ ਕਰਕੇ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇ।

ਸ਼ਿਕਾਇਤ ਮਿਲਣ ਤੋਂ ਬਾਅਦ ਮੁੱਖ ਮੰਤਰੀ ਦਫ਼ਤਰ ਨੇ ਸੰਸਦੀ ਦਫ਼ਤਰ ਦੇ ਵਿਭਾਗ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਨਿਯਮਾਂ ਅਨੁਸਾਰ ਕਾਰਵਾਈ ਕਰਕੇ ਸ਼ਿਕਾਇਤਕਰਤਾ ਨੂੰ ਸੂਚਿਤ ਕੀਤਾ ਜਾਵੇ। ਮੁੱਖ ਮੰਤਰੀ ਦਫ਼ਤਰ ਵੱਲੋਂ ਕਾਰਵਾਈ ਕਰਨ ਦੇ ਫੈਸਲੇ ਦੀ ਕਾਪੀ ਵੀ ਸ਼ਿਕਾਇਤਕਰਤਾ ਨੂੰ ਭੇਜ ਦਿੱਤੀ ਗਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਟਰਾਂਸਪੋਰਟ ਵਿਭਾਗ ਨੂੰ ਵੀ ਇਸ ਮਾਮਲੇ ਵਿੱਚ ਕਾਰਵਾਈ ਕਰਨ ਲਈ ਕਿਹਾ ਗਿਆ ਹੈ ਕਿਉਂਕਿ ਇਸ ਵਿੱਚ ਟਰੱਕ ਯੂਨੀਅਨ ਦਾ ਮਾਮਲਾ ਵੀ ਸਾਹਮਣੇ ਆਇਆ ਹੈ

Related Post