ਸਿੱਖ ਆਬਾਦੀ ਵਾਲੇ ਸਾਰੇ ਰਾਜਾਂ ਚ ਪਾਰਟੀ ਇਕਾਈਆਂ ਸਥਾਪਿਤ ਕਰੇਗਾ ਅਕਾਲੀ ਦਲ: ਸੁਖਬੀਰ ਸਿੰਘ ਬਾਦਲ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਪਾਰਟੀ ਵੱਲੋਂ ਸਿੱਖ ਆਬਾਦੀ ਵਾਲੇ ਸਾਰੇ ਰਾਜਾਂ ਵਿੱਚ ਪਾਰਟੀ ਇਕਾਈਆਂ ਦਾ ਗਠਨ ਕੀਤਾ ਜਾਵੇਗਾ। ਉਨ੍ਹਾਂ ਨੇ ਸ੍ਰੀ ਪਟਨਾ ਸਾਹਿਬ ਤੇ ਮੁੰਬਈ ਦੀ ਸਿੱਖ ਸੰਗਤ ਨਾਲ ਪਾਰਟੀ ਦੀ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੀ ਰਿਹਾਇਸ਼ ’ਤੇ ਹੋਈ ਮੀਟਿੰਗ ਮਗਰੋਂ ਇਹ ਐਲਾਨ ਕੀਤਾ।
ਅਕਾਲੀ ਦਲ ਦੇ ਪ੍ਰਧਾਨ ਨੇ ਐਲਾਨ ਕੀਤਾ ਕਿ 30 ਦਸੰਬਰ ਨੂੰ ਇਸ ਉਦੇਸ਼ ਨਾਲ ਅਕਾਲੀ ਦਲ ਦੀ ਇੱਕ ਕਮੇਟੀ ਸ੍ਰੀ ਪਟਨਾ ਸਾਹਿਬ ਜਾਵੇਗੀ। ਉਨ੍ਹਾਂ ਕਿਹਾ ਕਿ ਕਮੇਟੀ ਨਾ ਸਿਰਫ ਉਥੇ ਸਥਾਨਕ ਸਿੱਖ ਸੰਗਤ ਨਾਲ ਮੀਟਿੰਗਾਂ ਕਰੇਗੀ, ਬਲਕਿ ਇਕਾਈ ਸਥਾਪਿਤ ਕਰਨ ਵਾਸਤੇ ਲੋੜੀਂਦੇ ਸਾਰੇ ਪ੍ਰਬੰਧ ਵੀ ਕਰੇਗੀ। ਉਨ੍ਹਾਂ ਕਿਹਾ ਕਿ ਪਟਨਾ ਸਾਹਿਬ ਤੋਂ ਬਾਅਦ ਕਮੇਟੀ ਹੋਰ ਰਾਜਾਂ ਵਿਚ ਜਾਵੇਗੀ ਜਿਥੋਂ ਮੰਗ ਆ ਰਹੀ ਹੋਵੇਗੀ।
ਮੀਡੀਆ ਦੇ ਸਵਾਲ ਦੇ ਜਵਾਬ ਵਿੱਚ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਿੱਖ ਕੌਮ ਵਿੱਚ ਪੰਥਕ ਏਕਤਾ ਕਰਵਾਉਣ ਦੇ ਹਿੱਸੇ ਵਜੋਂ ਅਜਿਹਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੌਮ ਨੂੰ ਵੱਖ-ਵੱਖ ਚੁਣੌਤੀਆਂ ਦਰਪੇਸ਼ ਹਨ ਤੇ ਇਹ ਤਾਂ ਹੀ ਹੱਲ ਹੋ ਸਕਦੀਆਂ ਹਨ, ਜੇਕਰ ਸਾਰਾ ਪੰਥ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਥੱਲੇ ਇਕਜੁੱਟ ਹੋਵੇ।