World Cup 2023 ਦੌਰਾਨ ਹਵਾ ਪ੍ਰਦੂਸ਼ਣ ਨੇ BCCI ਦੀ ਉਡਾਈ ਨੀਂਦ, ਬੋਰਡ ਨੇ ਮੈਚਾਂ ਦੌਰਾਨ ਪਟਾਕਿਆਂ 'ਤੇ ਲਗਾਈ ਪਾਬੰਦੀ

BCCI Bans Fireworks: ਭਾਰਤੀ ਕ੍ਰਿਕਟ ਟੀਮ ਨੇ ਆਈਸੀਸੀ ਵਨਡੇ ਵਿਸ਼ਵ ਕੱਪ ਵਿੱਚ ਆਪਣਾ ਅਗਲਾ ਮੈਚ ਵੀਰਵਾਰ, 2 ਨਵੰਬਰ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਸ਼੍ਰੀਲੰਕਾ ਵਿਰੁੱਧ ਖੇਡਣਾ ਹੈ।

By  Amritpal Singh November 1st 2023 11:21 AM -- Updated: November 1st 2023 11:32 AM

BCCI Bans Fireworks: ਭਾਰਤੀ ਕ੍ਰਿਕਟ ਟੀਮ ਨੇ ਆਈਸੀਸੀ ਵਨਡੇ ਵਿਸ਼ਵ ਕੱਪ ਵਿੱਚ ਆਪਣਾ ਅਗਲਾ ਮੈਚ ਵੀਰਵਾਰ, 2 ਨਵੰਬਰ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਸ਼੍ਰੀਲੰਕਾ ਵਿਰੁੱਧ ਖੇਡਣਾ ਹੈ। ਭਾਰਤੀ ਟੀਮ ਨੇ ਐਤਵਾਰ ਨੂੰ ਲਖਨਊ 'ਚ ਇੰਗਲੈਂਡ ਨੂੰ ਹਰਾਇਆ ਸੀ ਅਤੇ ਅਗਲੇ ਹੀ ਦਿਨ ਉਹ ਮੁੰਬਈ ਪਹੁੰਚੀ, ਜਿੱਥੇ ਇਨ੍ਹੀਂ ਦਿਨੀਂ ਹਵਾ ਦੀ ਗੁਣਵੱਤਾ ਕਾਫੀ ਖਰਾਬ ਹੈ। ਸਰਦੀਆਂ ਦੇ ਮੌਸਮ ਦੀ ਸ਼ੁਰੂਆਤ 'ਚ ਦੇਸ਼ ਦੇ ਕਈ ਮਹਾਨਗਰਾਂ 'ਚ ਹਵਾ ਪ੍ਰਦੂਸ਼ਣ ਦਾ ਅਸਰ ਸਾਫ ਦਿਖਾਈ ਦੇ ਰਿਹਾ ਹੈ, ਜਿਸ ਦਾ ਅਸਰ ਹੁਣ ਮੁੰਬਈ ਤੱਕ ਵੀ ਪਹੁੰਚ ਗਿਆ ਹੈ।


ਭਾਰਤ ਦੇ ਕਈ ਸ਼ਹਿਰਾਂ ਵਿੱਚ ਜ਼ਹਿਰੀਲੀ ਹਵਾ (AQI) ਚਿੰਤਾ ਦਾ ਕਾਰਨ ਬਣ ਗਈ ਹੈ। ਖਰਾਬ ਹਵਾ ਦੀ ਗੁਣਵੱਤਾ ਨੇ ਹੁਣ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੀ ਨੀਂਦ ਵੀ ਉਡਾ ਦਿੱਤੀ ਹੈ। ਖਰਾਬ ਹਵਾ ਦੀ ਗੁਣਵੱਤਾ ਨੂੰ ਧਿਆਨ ਵਿੱਚ ਰੱਖਦੇ ਹੋਏ, ਬੀਸੀਸੀਆਈ ਨੇ ਮੁੰਬਈ ਅਤੇ ਦਿੱਲੀ ਵਿੱਚ ਹੋਣ ਵਾਲੇ ਮੈਚਾਂ ਵਿੱਚ ਪਟਾਕੇ ਨਾ ਚਲਾਉਣ ਦਾ ਫੈਸਲਾ ਕੀਤਾ ਹੈ। ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਇਹ ਜਾਣਕਾਰੀ ਦਿੱਤੀ।

ਨਿਊਜ਼ ਏਜੰਸੀ ਏਐਨਆਈ ਨੇ ਸ਼ਾਹ ਦੇ ਹਵਾਲੇ ਨਾਲ ਕਿਹਾ, “ਮੈਂ ਇਹ ਮਾਮਲਾ ਰਸਮੀ ਤੌਰ 'ਤੇ ਆਈਸੀਸੀ ਕੋਲ ਉਠਾਇਆ ਹੈ। ਜਿਸ ਤੋਂ ਬਾਅਦ ਫੈਸਲਾ ਲਿਆ ਗਿਆ ਕਿ ਮੁੰਬਈ ਅਤੇ ਦਿੱਲੀ 'ਚ ਹੋਣ ਵਾਲੇ ਮੈਚਾਂ 'ਚ ਪਟਾਕੇ ਨਹੀਂ ਚਲਾਏ ਜਾਣਗੇ ਕਿਉਂਕਿ ਇਸ ਨਾਲ ਪ੍ਰਦੂਸ਼ਣ ਦਾ ਪੱਧਰ ਹੋਰ ਵਧ ਸਕਦਾ ਹੈ। ਬੋਰਡ ਵਾਤਾਵਰਣ ਦੇ ਮੁੱਦਿਆਂ ਨੂੰ ਲੈ ਕੇ ਚਿੰਤਤ ਹੈ ਅਤੇ ਹਮੇਸ਼ਾ ਪ੍ਰਸ਼ੰਸਕਾਂ ਦੀ ਸਿਹਤ ਅਤੇ ਸੁਰੱਖਿਆ ਦਾ ਧਿਆਨ ਰੱਖੇਗਾ।

ਭਾਰਤੀ ਕਪਤਾਨ ਰੋਹਿਤ ਸ਼ਰਮਾ ਵੀ ਮੁੰਬਈ ਦੇ ਹਨ ਪਰ ਜਦੋਂ ਉਨ੍ਹਾਂ ਨੇ ਆਪਣੇ ਸ਼ਹਿਰ ਦੀ ਹਾਲਤ ਵੇਖੀ ਤਾਂ ਉਹ ਵੀ ਹੈਰਾਨ ਰਹਿ ਗਏ। ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਫਲਾਈਟ ਤੋਂ ਲਈ ਗਈ ਇਕ ਤਸਵੀਰ ਪੋਸਟ ਕੀਤੀ ਹੈ ਅਤੇ ਇਸ ਤਸਵੀਰ 'ਤੇ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਹੈ, 'ਮੁੰਬਈ, ਕੀ ਹੋਇਆ?' ਇਸ ਦੇ ਨਾਲ ਹੀ ਰੋਹਿਤ ਨੇ ਦੋ ਇਮੋਜੀ ਵੀ ਪੋਸਟ ਕੀਤੇ ਹਨ, ਜਿਨ੍ਹਾਂ 'ਚ ਇਕ ਇਮੋਜੀ ਮਾਸਕ ਪਾਇਆ ਹੋਇਆ ਹੈ, ਜਦਕਿ ਦੂਜਾ ਨਿਰਾਸ਼ਾ ਜ਼ਾਹਰ ਕਰ ਰਿਹਾ ਹੈ।

ਦਿੱਲੀ-ਮੁੰਬਈ ਦੇ ਲੋਕ ਪ੍ਰਦੂਸ਼ਣ ਦੀ ਮਾਰ ਝੱਲ ਰਹੇ ਹਨ

ਪਿਛਲੇ ਕੁਝ ਹਫ਼ਤਿਆਂ ਤੋਂ ਦਿੱਲੀ ਅਤੇ ਮੁੰਬਈ ਵਿੱਚ ਹਵਾ ਦੀ ਗੁਣਵੱਤਾ ਦਾ ਪੱਧਰ ਚਿੰਤਾਜਨਕ ਬਣਿਆ ਹੋਇਆ ਹੈ। ਸੀਪੀਸੀਬੀ ਮੁਤਾਬਕ ਮੰਗਲਵਾਰ ਸਵੇਰੇ ਮੁੰਬਈ 'ਚ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 161 'ਤੇ ਸੀ, ਜੋ 'ਮੱਧਮ' ਸ਼੍ਰੇਣੀ 'ਚ ਆਉਂਦਾ ਹੈ। ਜੇਕਰ ਦਿੱਲੀ ਦੀ ਗੱਲ ਕਰੀਏ ਤਾਂ ਇੱਥੇ ਹਾਲਤ ਕਾਫੀ ਖਰਾਬ ਹੈ। 1 ਨਵੰਬਰ ਨੂੰ ਆਨੰਦ ਵਿਹਾਰ ਵਿੱਚ AQI 736 ਰਿਕਾਰਡ ਕੀਤਾ ਗਿਆ ਸੀ। ਜੋ ਸਿਹਤ ਲਈ ਬਹੁਤ ਖਤਰਨਾਕ ਹੈ। ਦਿੱਲੀ 'ਚ ਸਰਕਾਰ ਨੇ ਪਟਾਕਿਆਂ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ।


Related Post