ਖਾਦ-ਬੀਜ ਦੇ ਨਮੂਨੇ ਲੈਣ ਗਏ ਖੇਤੀਬਾੜੀ ਅਧਿਕਾਰੀ ਦੀ ਬੇਹਰਿਹਮੀ ਨਾਲ ਕੁੱਟਮਾਰ
ਬਠਿੰਡਾ, 12 ਨਵੰਬਰ: ਦੁਕਾਨਾਂ 'ਤੇ ਖਾਦ ਦੇ ਸੈਂਪਲ ਲੈਣ ਗਏ ਬਲਾਕ ਖੇਤੀਬਾੜੀ ਅਫਸਰ 'ਤੇ ਕੁਝ ਅਣਪਛਾਤੇ ਲੋਕਾਂ ਨੇ ਹਮਲਾ ਕਰ ਦਿੱਤਾ। ਇਸ ਘਟਨਾ ਵਿੱਚ ਡਾ. ਧਰਮਿੰਦਰਜੀਤ ਸਿੰਘ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਪੰਜਾਬ ਸਰਕਾਰ ਦੇ ਹੁਕਮਾਂ ਤੋਂ ਬਾਅਦ ਖੇਤੀਬਾੜੀ ਵਿਭਾਗ ਦੀਆਂ ਵੱਖ-ਵੱਖ ਟੀਮਾਂ ਖਾਦਾਂ ਅਤੇ ਕੀਟਨਾਸ਼ਕਾਂ ਦੇ ਸੈਂਪਲ ਲੈ ਰਹੀਆਂ ਹਨ। ਡਾ. ਧਰਮਿੰਦਰਜੀਤ ਸਿੰਘ ਬਲਾਕ ਖੇਤੀਬਾੜੀ ਅਫ਼ਸਰ ਰਾਮਪੁਰਾ ਫੂਲ ਦੀ ਡਿਊਟੀ ਬਠਿੰਡਾ ਸ਼ਹਿਰ ਵਿੱਚ ਖਾਦ ਦੇ ਸੈਂਪਲ ਭਰਨ ਅਤੇ ਟੈਸਟ ਕਰਨ ਵਿੱਚ ਲੱਗੀ ਹੋਈ ਹੈ। ਉਹ ਆਪਣੇ ਚਾਰ ਹੋਰ ਸਾਥੀਆਂ ਨਾਲ ਸ਼ਹਿਰ ਵਿੱਚ ਰੌਕੀ ਪੈਸਟੀਸਾਈਡਜ਼ ਦੀ ਦੁਕਾਨ ਦਾ ਜਾਇਜ਼ਾ ਲੈਣ ਗਏ ਸਨ।
ਦੁਕਾਨ ਦਾ ਨਿਰੀਖਣ ਕਰਦੇ ਹੋਏ ਡਾਕਟਰ ਧਰਮਿੰਦਰਜੀਤ ਸਿੰਘ ਨੂੰ ਕਿਸੇ ਦਾ ਫੋਨ ਆਇਆ। ਜਿਸ ਕਾਰਨ ਉਹ ਦੁਕਾਨ ਤੋਂ ਬਾਹਰ ਚਲੇ ਆਏ। ਇਸ ਦੌਰਾਨ ਪਿੱਛੇ ਤੋਂ ਆਏ ਕਰੀਬ 10-12 ਵਿਅਕਤੀਆਂ ਨੇ ਧਰਮਿੰਦਰਜੀਤ ਸਿੰਘ 'ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਬਲਾਕ ਖੇਤੀਬਾੜੀ ਅਫ਼ਸਰ ਦੇ ਸਿਰ 'ਤੇ ਕਿਸੇ ਚੀਜ਼ ਨਾਲ ਵਾਰ ਕੀਤਾ। ਉਨ੍ਹਾਂ ਦੇ ਸਿਰ ਅਤੇ ਅੱਖਾਂ 'ਤੇ ਸੱਟਾਂ ਲੱਗੀਆਂ ਹਨ।
ਘਟਨਾ ਦੀ ਸੂਚਨਾ ਮਿਲਦੇ ਹੀ ਵੱਡੀ ਗਿਣਤੀ 'ਚ ਮੁਲਾਜ਼ਮ ਸਿਵਲ ਹਸਪਤਾਲ ਵਿਖੇ ਇਕੱਠੇ ਹੋ ਗਏ ਅਤੇ ਘਟਨਾ ਦੀ ਜ਼ੋਰਦਾਰ ਨਿਖੇਧੀ ਕੀਤੀ। ਬਲਾਕ ਅਧਿਕਾਰੀ ਦੇ ਸਿਰ ਅਤੇ ਅੱਖ 'ਤੇ ਸੱਟਾਂ ਲੱਗੀਆਂ ਹਨ। ਘਟਨਾ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਦੇ ਦਿੱਤੀ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਘਟਨਾ ਵਾਲੀ ਥਾਂ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।