ਸਟਿੰਗ ਵਿਵਾਦ ਮਗਰੋਂ ਬੀਸੀਸੀਆਈ ਦੇ ਚੀਫ ਸਿਲੈਕਟਰ ਚੇਤਨ ਸ਼ਰਮਾ ਨੇ ਦਿੱਤਾ ਅਸਤੀਫ਼ਾ
ਨਵੀਂ ਦਿੱਲੀ : ਸਟਿੰਗ ਆਪ੍ਰੇਸ਼ਨ 'ਚ ਟੀਮ ਇੰਡੀਆ ਦੇ ਖਿਡਾਰੀਆਂ ਨੂੰ ਲੈ ਕੇ ਕਈ ਖ਼ੁਲਾਸੇ ਕਰਨ ਵਾਲੇ BCCI ਦੇ ਮੁੱਖ ਚੋਣਕਾਰ ਚੇਤਨ ਸ਼ਰਮਾ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਇਹ ਅਸਤੀਫ਼ਾ ਬੋਰਡ ਸਕੱਤਰ ਜੈ ਸ਼ਾਹ ਨੂੰ ਭੇਜ ਦਿੱਤਾ ਹੈ। ਖ਼ਬਰਾਂ ਦੀ ਮੰਨੀਏ ਤਾਂ ਜੈ ਸ਼ਾਹ ਨੇ ਚੇਤਨ ਸ਼ਰਮਾ ਦਾ ਅਸਤੀਫ਼ਾ ਸਵੀਕਾਰ ਵੀ ਕਰ ਲਿਆ ਹੈ।
ਸਟਿੰਗ ਆਪ੍ਰੇਸ਼ਨ 'ਚ ਚੇਤਨ ਸ਼ਰਮਾ ਨੂੰ ਵਿਰਾਟ ਕੋਹਲੀ ਤੇ ਜਸਪ੍ਰੀਤ ਬੁਮਰਾਹ ਵਰਗੇ ਖਿਡਾਰੀਆਂ ਨੂੰ ਹਮਲਾਵਰ ਦਿਖਾਇਆ ਗਿਆ ਹੈ। ਉਸ ਨੇ ਕੋਚ ਰਾਹੁਲ ਦ੍ਰਾਵਿੜ ਤੇ ਵਿਰਾਟ ਕੋਹਲੀ ਨਾਲ ਹੋਈ ਗੱਲਬਾਤ ਦਾ ਵੀ ਕਥਿਤ ਤੌਰ 'ਤੇ ਖੁਲਾਸਾ ਕੀਤਾ ਹੈ। ਸ਼ਰਮਾ ਨੇ ਦੋਸ਼ ਲਾਇਆ ਕਿ 80 ਤੋਂ 85 ਫੀਸਦੀ ਫਿੱਟ ਹੋਣ ਦੇ ਬਾਵਜੂਦ ਖਿਡਾਰੀ ਮੁਕਾਬਲੇ ਵਾਲੀ ਕ੍ਰਿਕਟ 'ਚ ਤੇਜ਼ੀ ਨਾਲ ਵਾਪਸੀ ਕਰਨ ਲਈ ਟੀਕੇ ਲਗਾਉਂਦੇ ਹਨ।
ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਨੇ ਇਹ ਵੀ ਦੋਸ਼ ਲਾਇਆ ਕਿ ਸਤੰਬਰ 'ਚ ਆਸਟ੍ਰੇਲੀਆ ਖਿਲਾਫ਼ ਟੀ-20 ਸੀਰੀਜ਼ ਲਈ ਬੁਮਰਾਹ ਦੀ ਵਾਪਸੀ ਨੂੰ ਲੈ ਕੇ ਉਨ੍ਹਾਂ ਤੇ ਟੀਮ ਪ੍ਰਬੰਧਨ ਵਿਚਾਲੇ ਮਤਭੇਦ ਸਨ। ਬੁਮਰਾਹ ਫਿਲਹਾਲ ਟੀਮ ਤੋਂ ਬਾਹਰ ਹੈ ਤੇ ਆਸਟ੍ਰੇਲੀਆ ਖਿਲਾਫ਼ ਚਾਰ ਟੈਸਟ ਮੈਚਾਂ ਦੀ ਬਾਰਡਰ-ਗਾਵਸਕਰ ਟਰਾਫੀ ਅਤੇ ਇਸ ਤੋਂ ਬਾਅਦ ਤਿੰਨ ਮੈਚਾਂ ਦੀ ਵਨਡੇ ਸੀਰੀਜ਼ 'ਚ ਸ਼ਾਮਲ ਹੋਣ ਦੀ ਸੰਭਾਵਨਾ ਨਹੀਂ ਹੈ।
ਇਹ ਵੀ ਪੜ੍ਹੋ : ਦਿੱਲੀ-ਐਨਸੀਆਰ 'ਚ ਸਵੇਰੇ ਛਾਈ ਹਲਕੀ ਧੁੰਦ, ਕੁਝ ਸੂਬਿਆਂ 'ਚ ਮੀਂਹ ਦੀ ਚਿਤਾਵਨੀ, ਜਾਣੋ ਕਿਸ ਤਰ੍ਹਾਂ ਦਾ ਰਹੇਗਾ ਮੌਸਮ
ਸ਼ਰਮਾ ਨੇ ਇਹ ਵੀ ਦੋਸ਼ ਲਾਇਆ ਕਿ ਸਾਬਕਾ ਕਪਤਾਨ ਵਿਰਾਟ ਕੋਹਲੀ ਤੇ ਬੀਸੀਸੀਆਈ ਦੇ ਸਾਬਕਾ ਪ੍ਰਧਾਨ ਸੌਰਵ ਗਾਂਗੁਲੀ ਵਿਚਾਲੇ ਈਗੋ ਦੀ ਲੜਾਈ ਸੀ। ਬੀਸੀਸੀਆਈ ਨੇ ਹਾਲ ਹੀ 'ਚ ਚੇਤਨ ਨੂੰ ਦੂਜੀ ਵਾਰ ਚੋਣ ਕਮੇਟੀ ਦਾ ਚੇਅਰਮੈਨ ਬਣਾਇਆ ਹੈ। ਇਸ ਤੋਂ ਪਹਿਲਾਂ ਆਸਟ੍ਰੇਲੀਆ 'ਚ ਖੇਡੇ ਗਏ ਟੀ-20 ਵਿਸ਼ਵ ਕੱਪ 'ਚ ਭਾਰਤੀ ਟੀਮ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਉਸ ਨੂੰ ਹਟਾ ਦਿੱਤਾ ਗਿਆ ਸੀ।