ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਚੋਣਾਂ 'ਚ 'ਆਪ' ਦੀ ਹਾਰ ਮਗਰੋਂ ਪੰਜਾਬ ਵਜ਼ਾਰਤ 'ਚ ਵੱਡੇ ਫੇਰਬਦਲ ਦੀ ਤਿਆਰੀ !
ਚੰਡੀਗੜ੍ਹ : ਪੰਜਾਬ ਵਜ਼ਾਰਤ ਵਿਚ ਵੱਡੇ ਫੇਰਬਦਲ ਦੀ ਤਿਆਰੀ ਚੱਲ ਰਹੀ ਹੈ। ਮੀਡੀਆ ਰਿਪੋਰਟਸ ਅਨੁਸਾਰ ਦੋ ਜਾਂ ਤਿੰਨ ਮੰਤਰੀਆਂ ਦੀ ਪੰਜਾਬ ਕੈਬਨਿਟ ਤੋਂ ਬਾਹਰ ਹੋ ਸਕਦੇ ਹਨ। ਇਸ ਤੋਂ ਇਲਾਵਾ ਕੁਝ ਨਵੇਂ ਚਿਹਰਿਆਂ ਨੂੰ ਮੌਕਾ ਮਿਲ ਸਕਦਾ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਪਾਰਟੀ 'ਚ ਇਹ ਸਾਰਾ ਬਦਲਾਅ ਦਸੰਬਰ ਅਖੀਰ ਤੱਕ ਹੋਣ ਦੀ ਸੰਭਾਵਨਾ ਹੈ। ਇਸ ਸਬੰਧੀ ਆਮ ਆਦਮੀ ਪਾਰਟੀ ਪੰਜਾਬ ਦਾ ਕੋਈ ਮੰਤਰੀ ਜਾਂ ਵਿਧਾਇਕ ਬੋਲਣ ਨੂੰ ਤਿਆਰ ਨਹੀਂ ਹੈ। ਇਨ੍ਹਾਂ ਰਿਪੋਰਟਾਂ ਦੀ ਕਿਸੇ ਨੇ ਅਧਿਕਾਰਕ ਪੁਸ਼ਟੀ ਨਹੀਂ ਕੀਤੀ।
ਉਂਝ ਤਾਂ ਪੰਜਾਬ 'ਚ ਲੰਬੇ ਸਮੇਂ ਤੋਂ ਮੰਤਰੀ ਮੰਡਲ 'ਚ ਫੇਰਬਦਲ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਪਰ ਚਰਚਾ ਮਗਰੋਂ ਇਸ ਨੂੰ ਟਾਲ਼ ਦਿੱਤਾ ਗਿਆ ਸੀ। ਹੁਣ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ਮੰਤਰੀਆਂ ਦੇ ਨਵੇਂ ਚਿਹਰਿਆਂ ਲਈ ਆਪਣੇ ਸਲਾਹਕਾਰਾਂ ਨਾਲ ਗੱਲ ਚੱਲ ਰਹੀ ਹੈ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਸੁਰੱਖਿਆ ਕਰਮੀ ਤੋਂ ਚੱਲੀ ਅਚਾਨਕ ਗੋਲ਼ੀ, ਦੂਜਾ ਮੁਲਾਜ਼ਮ ਹੋਇਆ ਜ਼ਖ਼ਮੀ
ਸੂਤਰਾਂ ਅਨੁਸਾਰ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿਧਾਨ ਸਭਾ ਚੋਣਾਂ ਵਿਚ ਮਿਲੀ ਨਿਰਾਸ਼ਜਨਕ ਹਾਰ ਮਗਰੋਂ ਪੰਜਾਬ ਸਰਕਾਰ ਦੇ ਮੰਤਰੀਆ ਦੀ ਕਾਰਜਸ਼ੈਲੀ ਉਤੇ ਸਵਾਲ ਉਠਣ ਲੱਗੇ ਹਨ। ਕੇਂਦਰੀ ਲੀਡਰਸ਼ਿਪ ਕੁਝ ਮੰਤਰੀਆਂ ਦੇ ਕੰਮ ਤੋਂ ਬੇਹੱਦ ਨਾਰਾਜ਼ ਚੱਲ ਰਹੀ ਹੈ। ਇਸ ਕਾਰਨ ਕੁਝ ਚੰਗਾ ਕੰਮ ਕਰਨ ਵਾਲੇ ਵਿਧਾਇਕਾਂ ਨੂੰ ਕੈਬਨਿਟ ਵਿਚ ਲਿਆਉਣ ਦੀ ਤਿਆਰੀ ਚੱਲ ਰਹੀ ਹੈ। ਇਸ ਤੋਂ ਇਲਾਵਾ ਮੰਤਰੀਆਂ ਦੇ ਵਿਭਾਗਾਂ ਵਿਚ ਵੀ ਫੇਰਬਦਲ ਦੀ ਸੰਭਾਵਨਾ ਦੱਸੀ ਜਾ ਰਹੀ ਹੈ।
ਰਿਪੋਰਟ-ਰਵਿੰਦਰ ਮੀਤ