ਸੀਮਾ ਹੈਦਰ ਤੋਂ ਬਾਆਦ ਹੁਣ ਆਪਣੇ ਫੇਸਬੁੱਕ ਪ੍ਰੇਮੀ ਲਈ ਪਾਕਿਸਤਾਨ ਪਹੁੰਚੀ ਭਾਰਤ ਦੀ ਅੰਜੂ
Anju Reaches Pakistan: ਫੇਸਬੁੱਕ 'ਤੇ ਦੋਸਤੀ ਅਤੇ ਫਿਰ ਵਟਸਐਪ ਚੈਟ ਤੋਂ ਬਾਅਦ ਅੰਜੂ ਅਤੇ ਨਸਰੁੱਲਾ ਦਾ ਪਿਆਰ ਫੁੱਲਿਆ। ਇਸ ਪਿਆਰ ਲਈ ਅੰਜੂ ਆਪਣੇ ਪਤੀ ਅਤੇ ਬੱਚਿਆਂ ਨੂੰ ਰਾਜਸਥਾਨ ਛੱਡ ਕੇ ਹੁਣ ਪਾਕਿਸਤਾਨ ਪਹੁੰਚ ਗਈ ਹੈ। ਉਸ ਦਾ ਕਹਿਣਾ ਹੈ ਕਿ ਹੁਣ ਉਹ ਭਾਰਤ ਵਾਪਸ ਨਹੀਂ ਆਉਣਾ ਚਾਹੁੰਦੀ ਅਤੇ ਆਪਣੇ ਪ੍ਰੇਮੀ ਨਾਲ ਹੀ ਰਹੇਗੀ।
ਇਸ ਘਟਨਾ 'ਤੇ ਪਹਿਲੀ ਵਾਰ ਉਸ ਦੇ ਪਤੀ ਅਰਵਿੰਦ ਕੁਮਾਰ ਦੀ ਪ੍ਰਤੀਕਿਰਿਆ ਆਈ ਹੈ। ਅਰਵਿੰਦ ਦਾ ਕਹਿਣਾ ਹੈ ਕਿ ਉਹ ਮੈਨੂੰ ਜੈਪੁਰ 'ਚ ਇਕ ਦੋਸਤ ਦੇ ਘਰ ਜਾਣ ਲਈ ਕਹਿ ਕੇ ਪਾਕਿਸਤਾਨ ਚਲੀ ਗਈ। ਮੈਨੂੰ ਲਾਹੌਰ ਤੋਂ ਇੱਕ ਫੋਨ ਆਇਆ ਜਿਸ ਵਿੱਚ ਉਸ ਨੇ ਦੱਸਿਆ ਕਿ ਹੁਣ ਉਹ ਪਾਕਿਸਤਾਨ ਵਿੱਚ ਹੈ। ਅਰਵਿੰਦ ਹੀ ਨਹੀਂ ਉਨ੍ਹਾਂ ਦੇ ਬੱਚੇ ਅਤੇ ਹੋਰ ਪਰਿਵਾਰਕ ਮੈਂਬਰ ਵੀ ਹੈਰਾਨ ਹਨ ਕਿ ਅੰਜੂ ਨੇ ਇੰਨਾ ਵੱਡਾ ਕਦਮ ਕਿਵੇਂ ਅਤੇ ਕਿਉਂ ਚੁੱਕ ਲਿਆ।
ਆਪਣੇ ਪਤੀ ਨੂੰ ਇਸ ਬਾਰੇ ਪਤਾ ਨਹੀਂ ਲੱਗਣ ਦਿੱਤਾ
ਸੀਮਾ ਹੈਦਰ ਵਾਂਗ ਅੰਜੂ ਵੀ ਸਰਹੱਦ ਪਾਰ ਕਰ ਚੁੱਕੀ ਹੈ। ਉਸ ਦੇ ਪਤੀ ਅਰਵਿੰਦ ਕੁਮਾਰ ਨੇ ਕਿਹਾ, "ਉਸ ਨੇ ਮੈਨੂੰ ਦੱਸਿਆ ਕਿ ਉਹ ਆਪਣੇ ਇੱਕ ਦੋਸਤ ਨੂੰ ਮਿਲਣ ਜੈਪੁਰ ਜਾ ਰਹੀ ਹੈ ਅਤੇ 2-3 ਦਿਨਾਂ ਵਿੱਚ ਵਾਪਸ ਆ ਜਾਵੇਗੀ। ਬੀਤੀ ਰਾਤ ਇੱਥੇ ਵਾਪਸ ਆਉਣ ਦੀ ਬਜਾਏ ਮੈਨੂੰ ਉਸ ਦੀ ਕਾਲ ਆਈ ਕਿ ਉਹ ਲਾਹੌਰ ਵਿੱਚ ਹੈ ਅਤੇ ਹੁਣ ਨਹੀਂ ਆਉਣਾ ਚਾਹੁੰਦੀ। ਉਸਨੇ ਮੇਰੇ ਨਾਲ ਧੋਖਾ ਕੀਤਾ ਹੈ ਅਤੇ ਮੈਂ ਇਸ ਬਾਰੇ ਉਸਦੇ ਪਰਿਵਾਰ ਨਾਲ ਗੱਲ ਕਰਾਂਗਾ ਅਤੇ ਅਸੀਂ ਫੈਸਲਾ ਕਰਾਂਗੇ ਕਿ ਅੱਗੇ ਰਹਿਣਾ ਹੈ ਜਾਂ ਨਹੀਂ। ਮੈਂ ਭਾਰਤ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਉਸ ਨੂੰ ਵਾਪਸ ਆਉਣ ਦੀ ਇਜਾਜ਼ਤ ਦਿੱਤੀ ਜਾਵੇ ਕਿਉਂਕਿ ਉਹ ਸਾਰੇ ਦਸਤਾਵੇਜ਼ ਲੈ ਕੇ ਗਈ ਹੈ।"
ਭਿਵਾੜੀ ਪੁਲਿਸ ਦਾ ਕਹਿਣਾ ਹੈ ਕਿ ਹੁਣ ਤੱਕ ਜੋ ਵੇਰਵੇ ਸਾਹਮਣੇ ਆਏ ਹਨ, ਉਸ ਤੋਂ ਪਤਾ ਲੱਗਾ ਹੈ ਕਿ ਅੰਜੂ ਦੀ ਫੇਸਬੁੱਕ 'ਤੇ ਪਾਕਿਸਤਾਨ ਦੇ ਰਹਿਣ ਵਾਲੇ ਨਸਰੂੱਲਾ ਨਾਂ ਦੇ ਵਿਅਕਤੀ ਨਾਲ ਦੋਸਤੀ ਹੋਈ ਸੀ। ਦੋਵੇਂ ਪਿਛਲੇ 2-3 ਸਾਲਾਂ ਤੋਂ ਸੰਪਰਕ ਵਿਚ ਸਨ ਅਤੇ ਫੇਸਬੁੱਕ ਅਤੇ ਵਟਸਐਪ 'ਤੇ ਰੋਜ਼ਾਨਾ ਕਾਫੀ ਗੱਲਬਾਤ ਕਰਦੇ ਸਨ। ਅੰਜੂ ਦੇ ਪਤੀ ਅਤੇ ਪਰਿਵਾਰਕ ਮੈਂਬਰ ਵੀ ਉਸ ਦੀ ਇਸ ਹਰਕਤ ਤੋਂ ਹੈਰਾਨ ਹਨ। ਪਤੀ ਅਰਵਿੰਦ ਦਾ ਕਹਿਣਾ ਹੈ ਕਿ ਇਹ ਪਹਿਲੀ ਵਾਰ ਹੈ ਜਦੋਂ ਉਹ ਬਿਨਾਂ ਦੱਸੇ ਕਿਤੇ ਗਈ ਹੈ। ਉਸਨੇ ਅਜਿਹਾ ਕਦੇ ਨਹੀਂ ਕੀਤਾ ਸੀ।
ਅੰਜੂ ਦੇ ਵੀਜ਼ੇ 'ਤੇ ਉਠਾਏ ਜਾ ਰਹੇ ਸਵਾਲ
ਅੰਜੂ ਦੇ ਪਾਕਿਸਤਾਨ ਦੇ ਵੀਜ਼ੇ ਦੇ ਵੇਰਵੇ ਵੀ ਸਾਹਮਣੇ ਆਏ ਹਨ, ਅੰਜੂ ਦੇ ਪਾਕਿਸਤਾਨ ਦੌਰੇ ਲਈ ਪਾਕਿਸਤਾਨ ਵੱਲੋਂ 4 ਮਈ ਨੂੰ ਵੀਜ਼ਾ ਜਾਰੀ ਕੀਤਾ ਗਿਆ ਸੀ। ਇਸ ਵੀਜ਼ੇ ਦੀ ਵੈਧਤਾ 90 ਦਿਨਾਂ ਲਈ ਹੈ। ਕੌਮੀ ਖ਼ਬਰਾਂ ਮੁਤਾਬਕ ਅੰਜੂ ਪਾਕਿਸਤਾਨ ਦਾ ਵੀਜ਼ਾ ਲੈਣ ਲਈ ਕਈ ਵਾਰ ਦਿੱਲੀ ਸਥਿਤ ਪਾਕਿਸਤਾਨੀ ਹਾਈ ਕਮਿਸ਼ਨ 'ਚ ਆਈ ਸੀ। ਪਾਕਿਸਤਾਨ ਦੇ ਹਾਈ ਕਮਿਸ਼ਨ ਦੇ ਅਧਿਕਾਰੀਆਂ ਨੂੰ ਉਸ ਦੇ ਦੌਰੇ ਦਾ ਮਕਸਦ ਪਤਾ ਸੀ। ਇਸ ਦੇ ਬਾਵਜੂਦ ਉਸ ਨੂੰ ਬਹੁਤ ਹੀ ਗੁਪਤ ਤਰੀਕੇ ਨਾਲ ਵੀਜ਼ਾ ਦਿੱਤਾ ਗਿਆ।
ਦੱਸਿਆ ਜਾ ਰਿਹਾ ਹੈ ਕਿ ਅੰਜੂ ਨੂੰ ਫੇਸਬੁੱਕ 'ਤੇ ਦੋਸਤੀ ਕਰਨ ਅਤੇ ਉਸ ਦੇ ਪ੍ਰੇਮੀ ਨਸਰੁੱਲਾ ਨੂੰ ਮਿਲਣ ਲਈ ਵੀਜ਼ਾ ਦੇਣ ਲਈ ਇਸਲਾਮਾਬਾਦ ਸਥਿਤ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ 'ਚ ਕਾਫੀ ਲਾਬਿੰਗ ਕੀਤੀ ਗਈ ਸੀ। ਜਾਣਕਾਰੀ ਮੁਤਾਬਕ ਅੰਜੂ ਇਸ ਸਮੇਂ ਨਸਰੁੱਲਾ ਦੇ ਘਰ ਹੈ ਅਤੇ ਉਸ ਨੂੰ ਮੀਡੀਆ ਨਾਲ ਗੱਲ ਕਰਨ ਤੋਂ ਮਨ੍ਹਾ ਕਰ ਦਿੱਤਾ ਗਿਆ ਹੈ। ਸੀਮਾ ਹੈਦਰ ਵਾਂਗ ਅੰਜੂ ਵੀ ਆਪਣੇ ਪ੍ਰੇਮੀ ਲਈ ਸਰਹੱਦ ਪਾਰ ਕਰ ਚੁੱਕੀ ਹੈ। ਹਾਲਾਂਕਿ ਅੰਜੂ ਆਪਣੇ ਬੱਚਿਆਂ ਨੂੰ ਭਾਰਤ ਛੱਡ ਗਈ ਹੈ ਅਤੇ ਫਿਲਹਾਲ ਪਾਕਿਸਤਾਨੀ ਜਾਂਚ ਏਜੰਸੀਆਂ ਉਸ ਤੋਂ ਪੁੱਛਗਿੱਛ ਕਰ ਰਹੀਆਂ ਹਨ।
ਇਹ ਵੀ ਪੜ੍ਹੋ: ਪਿਆਰ ਦਾ ਜ਼ਹਿਰੀਲਾ ਅੰਤ: ਸੱਪ ਦੀ ਵਰਤੋਂ ਕਰ ਪ੍ਰੇਮੀ ਨੂੰ ਮਰਵਾਉਣ ਵਾਲੀ ਕਥਿਤ ਪ੍ਰੇਮਿਕਾ ਗ੍ਰਿਫਤਾਰ