90 ਸਾਲਾ ਮਾਤਾ ਦੇ ਅੰਤਿਮ ਸਸਕਾਰ ਮਗਰੋਂ ਪਰਿਵਾਰ ਵੱਲੋਂ ਜ਼ਬਰਦਸਤ ਹੰਗਾਮਾ; ਵੀਡੀਓ ਹੋਈ ਵਾਇਰਲ
ਸੁਲਤਾਨਪੁਰ ਲੋਧੀ: ਜ਼ਿਲ੍ਹਾ ਕਪੂਰਥਲਾ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਨਬੀਪੁਰ 'ਚ ਇੱਕ 90 ਸਾਲਾਂ ਬਜ਼ੁਰਗ ਮਾਤਾ ਦੀ ਮੌਤ ਹੋ ਜਾਣ ਮਗਰੋਂ ਹੰਗਾਮਾ ਵੇਖਣ ਨੂੰ ਮਿਲਿਆ ਹੈ। ਬਜ਼ੁਰਗ ਮਾਤਾ ਦੇ ਅੰਤਿਮ ਸਸਕਾਰ ਮਗਰੋਂ ਸ਼ਮਸ਼ਾਨ ਘਾਟ ਵਿੱਚ ਫੁੱਲ (ਅਸਥੀਆਂ) ਚੁਗਣ ਸਮੇ ਪਰਿਵਾਰਕ ਮੈਂਬਰਾਂ ਵਿਚਾਲੇ ਖੂਬ ਤਕਰਾਰ ਹੋਈ ਹੈ। ਜਿਸ ਦੀ ਵੱਖ-ਵੱਖ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।
ਬੁਜ਼ੁਰਗ ਮਾਤਾ ਦੇ ਕਤਲ ਦਾ ਖ਼ਦਸ਼ਾ
ਮ੍ਰਿਤਕ ਮਾਤਾ ਬਲਬੀਰ ਕੌਰ ਦੇ ਲੜਕੇ ਪੂਰਨ ਸਿੰਘ ਪੁੱਤਰ ਹਰੀ ਸਿੰਘ ਵਾਸੀ ਬਾਊਪੁਰ ਜਦੀਦ ਵੱਲੋਂ ਨਬੀਪੁਰ ਦੇ ਹੀ ਰਹਿਣ ਵਾਲੇ ਉਸ ਦੇ ਰਿਸ਼ਤੇਦਾਰ ਗੁਰਿੰਦਰ ਸਿੰਘ ਉੱਤੇ ਜ਼ਮੀਨ ਹੜੱਪਣ ਖਾਤਰ ਉਸਦੀ ਮਾਤਾ ਬਲਬੀਰ ਕੌਰ ਦਾ ਕੁੱਟਮਾਰ ਕਰਕੇ ਕਤਲ ਕੀਤੇ ਦਾ ਸ਼ੱਕ ਜਤਾਇਆ ਹੈ।
ਪੁਲਿਸ ਨੂੰ ਨਿਰਪੱਖ ਜਾਂਚ ਦੀ ਲੈ ਗੁਹਾਰ
ਉਸ ਦੇ ਜੇਠ ਦੇ ਪੋਤਰੇ 'ਤੇ ਲਾਸ਼ ਨੂੰ ਖੁਰਦ-ਬੁਰਦ ਕਰਨ ਦੇ ਕਥਿਤ ਦੋਸ਼ ਵੀ ਲਾਏ ਹਨ। ਪੂਰਨ ਸਿੰਘ ਨੇ ਆਰੋਪ ਲਗਾਏ ਗਏ ਨੇ ਕਿ ਉਨ੍ਹਾਂ ਨੂੰ ਮਾਤਾ ਦੀ ਮੌਤ ਮਗਰੋਂ ਕਿਸੇ ਕਿਸਮ ਦੀ ਇਤਲਾਹ ਨਹੀਂ ਦਿੱਤੀ ਗਈ ਅਤੇ ਚੋਰੀ ਛੁਪੇ ਅੰਤਿਮ ਸਸਕਾਰ ਕਰ ਦਿੱਤਾ ਗਿਆ। ਮਾਮਲੇ ਸਬੰਧੀ ਜਦੋਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਤਾਂ ਉਹ ਸ਼ਮਸ਼ਾਨਘਾਟ ਪੁੱਜੇ, ਜਦੋਂ ਫੁੱਲ ਚੁਗਣ ਲੱਗੇ ਤਾਂ ਉਨ੍ਹਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ। ਮਾਮਲੇ ਨੂੰ ਲੈ ਕੇ ਉਨ੍ਹਾਂ ਪੁਲਿਸ ਪ੍ਰਸ਼ਾਸਨ ਪਾਸੋਂ ਨਿਰਪੱਖ ਜਾਂਚ ਕਰਕੇ ਕਾਰਵਾਈ ਕਰਨ ਦੀ ਗੱਲ ਆਖੀ ਹੈ ਅਤੇ ਪਰਿਵਾਰਕ ਮੈਂਬਰਾ ਵੱਲੋਂ ਹੋਰ ਵੀ ਕਈ ਕਿਸਮ ਦੇ ਗੰਭੀਰ ਅਰੋਪ ਲਗਾਏ ਗਏ ਹਨ।
ਇਨਸਾਨੀਅਤ ਖ਼ਾਤਰ ਦਿੱਤਾ ਮਾਤਾ ਨੂੰ ਆਸਰਾ
ਦੂਜੇ ਪਾਸੇ ਗੁਰਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਨਿਵਾਸੀ ਨਬੀਪੁਰ ਨੇ ਬਜ਼ੁਰਗ ਮਾਤਾ ਦੇ ਲੜਕੇ ਪੂਰਨ ਸਿੰਘ ਅਤੇ ਉਸ ਦੇ ਸਾਥੀਆਂ ਵੱਲੋਂ ਲਗਾਏ ਆਰੋਪਾਂ ਨੂੰ ਝੂਠੇ ਅਤੇ ਬੇਬੁਨਿਆਦ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਮਾਤਾ ਬਲਬੀਰ ਕੌਰ ਦਾ ਪੋਤਰਾ ਹੈ ਅਤੇ ਮਾਤਾ ਪਿਛਲੇ ਕਰੀਬ 15 ਸਾਲਾਂ ਤੋਂ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਘਰੇ ਨਬੀਪੁਰ ਵਿੱਚ ਹੀ ਰਹਿ ਰਹੀ ਸੀ। ਉਸਨੇ ਦੱਸਿਆ ਕਿ ਪਰਿਵਾਰ ਵਿਚੋਂ ਕੋਈ ਵੀ ਮਾਤਾ ਦੀ ਦੇਖਭਾਲ ਨਹੀਂ ਕਰਦਾ ਸੀ, ਜਿਸ ਕਾਰਨ ਉਨ੍ਹਾਂ ਮਾਤਾ ਨੂੰ ਇਨਸਾਨੀਅਤ ਨਾਤੇ ਆਪਣੇ ਘਰ ਵਿੱਚ ਆਸਰਾ ਦਿੱਤਾ।
ਮਾਤਾ ਬਲਬੀਰ ਕੌਰ ਦੀ ਉਮਰ ਲਗਭਗ 90-95 ਦੇ ਕਰੀਬ ਹੋ ਗਈ ਸੀ ਅਤੇ 15 ਸਾਲ ਤਾਂ ਮਾਤਾ ਦੀ ਕੋਈ ਸਾਰ ਲੈਣ ਲਈ ਸਾਡੇ ਘਰ ਨਹੀਂ ਪੁੱਜਾ। ਜਦੋਂ ਬੀਤੇ ਦਿਨੀਂ ਮਿਤੀ 6 ਸਤੰਬਰ ਨੂੰ ਉਨ੍ਹਾਂ ਦੀ ਅਚਾਨਕ ਹੀ ਮੌਤ ਹੋ ਗਈ ਤਾਂ ਪਿੰਡ ਅਤੇ ਇਲਾਕੇ ਦੇ ਲੋਕਾਂ ਦੀ ਹਾਜ਼ਰੀ ਵਿੱਚ ਮਾਤਾ ਦਾ ਅਤਿੰਮ ਸਸਕਾਰ ਕਰ ਦਿੱਤਾ ਗਿਆ। ਜਿਸ ਤੋਂ ਜਦੋਂ ਉਹ ਬਜ਼ੁਰਗ ਦੇ ਫੁੱਲ ਚੁਗਣ ਲਈ ਸ਼ਮਸ਼ਾਨਘਾਟ ਪੁੱਜੇ ਤਾਂ ਮਾਤਾ ਦੇ ਲੜਕੇ ਅਤੇ ਹੋਰ ਰਿਸ਼ਤੇਦਾਰਾਂ ਨੇ ਖੂਬ ਹੰਗਾਮਾ ਕੀਤਾ।