SGPC ਵੋਟਾਂ ਸਬੰਧੀ ਪ੍ਰਕਾਸ਼ਿਤ ਮੁੱਢਲੀਆਂ ਸੂਚੀਆਂ ਦੋਸ਼ ਪੂਰਣ ; ਐਡਵੋਕੇਟ ਧਾਮੀ ਨੇ ਗੁਰਦੁਆਰਾ ਚੋਣ ਕਮਿਸ਼ਨਰ ਨੂੰ ਲਿਖਿਆ ਪੱਤਰ

Voter List for SGPC Elections : ਐਡਵੋਕੇਟ ਧਾਮੀ ਨੇ ਕਿਹਾ ਕਿ ਇਸ ਚੱਲ ਰਹੀ ਪ੍ਰਕਿਰਿਆ ਤਹਿਤ ਸਹੀ ਤਰੀਕੇ ਨਾਲ ਇਤਰਾਜ਼ ਦਰਜ ਕਰਵਾਉਣੇ ਸੰਭਵ ਨਹੀਂ ਹਨ ਅਤੇ ਇਸ ਸਭ ਤੋਂ ਪੰਜਾਬ ਸਰਕਾਰ ਦੀ ਮਨਮਰਜ਼ੀ ਸਪੱਸ਼ਟ ਹੋ ਰਹੀ ਹੈ, ਜਿਸ ਸਬੰਧੀ ਸ਼੍ਰੋਮਣੀ ਕਮੇਟੀ ਪਹਿਲਾਂ ਹੀ ਖ਼ਦਸ਼ੇ ਪ੍ਰਗਟ ਕਰ ਚੁੱਕੀ ਹੈ।

By  KRISHAN KUMAR SHARMA January 10th 2025 04:56 PM -- Updated: January 10th 2025 04:58 PM

SGPC Voter List : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗੁਰਦੁਆਰਾ ਚੋਣ ਕਮਿਸ਼ਨਰ ਜਸਟਿਸ ਐੱਸ ਐੱਸ ਸਾਰੋਂ ਨੂੰ ਪੱਤਰ ਲਿਖ ਕੇ ਕਮਿਸ਼ਨ ਵੱਲੋਂ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਸਬੰਧੀ ਪ੍ਰਕਾਸ਼ਿਤ ਮੁੱਢਲੀ ਸੂਚੀਆਂ ਦੇ ਸਬੰਧ ਵਿੱਚ ਇਤਰਾਜ਼ ਦਰਜ ਕਰਵਾਏ ਹਨ। ਉਨ੍ਹਾਂ ਕਿਹਾ ਕਿ ਪ੍ਰਕਾਸ਼ਿਤ ਕੀਤੀ ਗਈਆਂ ਸੂਚੀਆਂ ਵਿੱਚ ਕਈ ਗ਼ੈਰ ਸਿੱਖਾਂ ਦੇ ਨਾਮ ਸਾਹਮਣੇ ਆ ਰਹੇ ਹਨ, ਜਿਨ੍ਹਾਂ ਦੇ ਨਾਵਾਂ ਨਾਲ ਸਿੰਘ ਅਤੇ ਕੌਰ ਵੀ ਸ਼ਾਮਲ ਨਹੀਂ ਹੈ। ਇਸ ਤੋਂ ਇਲਾਵਾ ਸੂਚੀਆਂ ਵਿੱਚ ਵੋਟਰਾਂ ਦੀ ਸ਼ਨਾਖਤ ਲਈ ਪਛਾਣ ਦਰਸਾਉਂਦੀਆਂ ਫੋਟੋਆਂ ਵੀ ਸ਼ਾਮਲ ਨਹੀਂ ਕੀਤੀਆਂ ਗਈਆਂ। ਪ੍ਰਕਾਸ਼ਿਤ ਕੀਤੀਆਂ ਸੂਚੀਆਂ ਹਾਸਲ ਕਰਨ ਵਿੱਚ ਵੀ ਸਿੱਖ ਸੰਗਤ ਨੂੰ ਵੱਡੀਆਂ ਪਰੇਸ਼ਾਨੀਆਂ ਆ ਰਹੀਆਂ ਹਨ।

ਐਡਵੋਕੇਟ ਧਾਮੀ ਨੇ ਕਿਹਾ ਕਿ ਇਸ ਚੱਲ ਰਹੀ ਪ੍ਰਕਿਰਿਆ ਤਹਿਤ ਸਹੀ ਤਰੀਕੇ ਨਾਲ ਇਤਰਾਜ਼ ਦਰਜ ਕਰਵਾਉਣੇ ਸੰਭਵ ਨਹੀਂ ਹਨ ਅਤੇ ਇਸ ਸਭ ਤੋਂ ਪੰਜਾਬ ਸਰਕਾਰ ਦੀ ਮਨਮਰਜ਼ੀ ਸਪੱਸ਼ਟ ਹੋ ਰਹੀ ਹੈ, ਜਿਸ ਸਬੰਧੀ ਸ਼੍ਰੋਮਣੀ ਕਮੇਟੀ ਪਹਿਲਾਂ ਹੀ ਖ਼ਦਸ਼ੇ ਪ੍ਰਗਟ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇੰਝ ਜਾਪਦਾ ਹੈ ਕਿ ਬਿਨਾਂ ਫੋਟੋਆਂ ਵਾਲੀਆਂ ਸੂਚੀਆਂ ਵੋਟਰਾਂ ਵੱਲੋਂ ਫੋਟੋ ਸਮੇਤ ਜਮ੍ਹਾਂ ਕਰਵਾਏ ਗਏ ਫਾਰਮਾਂ ਦੀ ਥਾਂ ਬੂਥ ਪੱਧਰ ਉੱਤੇ ਤਾਇਨਾਤ ਬੀਐੱਲਓ ਵੱਲੋਂ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਸਬੰਧੀ ਸੂਚੀਆਂ ਵਿੱਚੋਂ ਚੁੱਕ ਕੇ ਤਿਆਰ ਕੀਤੀਆਂ ਗਈਆਂ ਹੋਣ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਬਿਹਤਰ ਪ੍ਰਬੰਧਕੀ ਵਿਵਸਥਾ ਲਈ ਇਹ ਜ਼ਰੂਰੀ ਹੈ ਕਿ ਇਸ ਸੰਸਥਾ ਦੇ ਮੈਂਬਰ ਚੁਣਨ ਲਈ ਵੋਟਰ ਵੀ ਨਿਯਮਾਂ ਅਨੁਸਾਰ ਯੋਗ ਤਰੀਕੇ ਨਾਲ ਹੀ ਰਜਿਸਟਰ ਕੀਤੇ ਜਾਣ।

ਲਿਖੇ ਪੱਤਰ ਵਿੱਚ ਐਡਵੋਕੇਟ ਧਾਮੀ ਨੇ ਮੁੱਖ ਕਮਿਸ਼ਨਰ ਗੁਰਦੁਆਰਾ ਚੋਣਾਂ ਪਾਸੋਂ ਮੰਗ ਕੀਤੀ ਹੈ ਕਿ ਵੋਟਰ ਸੂਚੀਆਂ ਦੀ ਆਨਲਾਈਨ ਅਤੇ ਬਣਾਏ ਗਏ ਕੇਂਦਰਾਂ ਉੱਤੇ ਉਪਲੱਬਧਤਾ ਯਕੀਨੀ ਬਣਾਈ ਜਾਵੇ। ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਵੋਟਰ ਰਜਿਸਟ੍ਰੇਸ਼ਨ ਪ੍ਰਕਿਰਿਆ ਸਮੇਂ ਫ਼ੋਟੋਆਂ ਸਮੇਤ ਫਾਰਮ ਜਮ੍ਹਾਂ ਕਰਵਾਉਣ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਸੂਚੀਆਂ ਵੋਟਰਾਂ ਦੀਆਂ ਫੋਟੋਆਂ ਸਮੇਤ ਪ੍ਰਕਾਸ਼ਿਤ ਕੀਤੀਆਂ ਜਾਣ, ਤਾਂ ਤੋ ਪਤਾ ਲੱਗ ਸਕੇ ਕਿ ਵੋਟਰ ਬਣਨ ਵਾਲਾ ਵਿਅਕਤੀ ਸਾਬਤ ਸੂਰਤ/ਕੇਸਾਧਾਰੀ ਸਿੱਖ ਹੈ। ਉਨ੍ਹਾਂ ਗ਼ੈਰ-ਸਿੱਖਾਂ ਦੇ ਸ਼ਾਮਲ ਨਾਮ ਖਾਰਜ ਕਰਨ ਦੇ ਆਦੇਸ਼ ਜਾਰੀ ਕਰਨ ਦੀ ਵੀ ਮੰਗ ਕੀਤੀ।

Related Post