ਐਡਵੋਕੇਟ ਧਾਮੀ ਨੇ ਚੁੱਕਿਆ ਕੈਨੇਡਾ ’ਚ ਵਿਦਿਆਰਥੀਆਂ ਦਾ ਮੁੱਦਾ, ਭਾਰਤੀ ਵਿਦੇਸ਼ ਮੰਤਰਾਲੇ ਸਮੇਤ ਜਸਟਿਨ ਟਰੂਡੋ ਤੇ ਸਿੱਖ ਆਗੂਆਂ ਨੂੰ ਕੀਤੀ ਅਪੀਲ

SGPC on Indian students in Canada : ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਸੰਜੀਦਾ ਮਾਮਲੇ ’ਤੇ ਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਸਮੇਤ ਕੈਨੇਡਾ ਦੇ ਪ੍ਰਧਾਨ ਮੰਤਰੀ ਸ੍ਰੀ ਜਸਟਿਨ ਟਰੂਡੋ ਅਤੇ ਉੱਥੋਂ ਦੇ ਸਿੱਖ ਆਗੂਆਂ ਤੇ ਗੁਰਦੁਆਰਾ ਕਮੇਟੀਆਂ ਨੂੰ ਦਖਲ ਦੇਣ ਲਈ ਕਿਹਾ ਹੈ।

By  KRISHAN KUMAR SHARMA October 1st 2024 05:02 PM -- Updated: October 1st 2024 05:04 PM

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੈਨੇਡਾ ਅੰਦਰ ਭਾਰਤ ਅਤੇ ਖ਼ਾਸਕਰ ਪੰਜਾਬ ਦੇ ਵਿਦਿਆਰਥੀਆਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਵਾਸਤੇ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਨਾਲ ਕੈਨੇਡਾ ਸਰਕਾਰ ਅਤੇ ਉੱਥੇ ਦੇ ਸਿੱਖ ਆਗੂਆਂ ਨੂੰ ਅਪੀਲ ਕੀਤੀ ਹੈ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਭਾਰਤੀ ਵਿਦਿਆਰਥੀਆਂ ਵੱਲੋਂ ਕੀਤੇ ਗਏ ਰੋਸ ਪ੍ਰਦਰਸ਼ਨ ਦੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇੱਕ ਵੀਡੀਓ ਦਾ ਨੋਟਿਸ ਲੈਂਦਿਆਂ ਕਿਹਾ ਕਿ ਕੈਨੇਡਾ ਦੀ ਸਰਕਾਰ ਵੱਲੋਂ ਇੱਕ ਪਾਸੇ ਵੱਡੀ ਗਿਣਤੀ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਮਦ ਨੂੰ ਖੁੱਲ੍ਹ ਦਿੱਤੀ ਹੋਈ ਹੈ, ਜਦਕਿ ਦੂਜੇ ਪਾਸੇ ਵਿਦਿਆਰਥੀਆਂ ਨੂੰ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਸੜਕਾਂ ’ਤੇ ਉਤਰਨਾ ਪੈ ਰਿਹਾ ਹੈ। ਉਨ੍ਹਾਂ ਇਸ ਸੰਜੀਦਾ ਮਾਮਲੇ ’ਤੇ ਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਸਮੇਤ ਕੈਨੇਡਾ ਦੇ ਪ੍ਰਧਾਨ ਮੰਤਰੀ ਸ੍ਰੀ ਜਸਟਿਨ ਟਰੂਡੋ ਅਤੇ ਉੱਥੋਂ ਦੇ ਸਿੱਖ ਆਗੂਆਂ ਤੇ ਗੁਰਦੁਆਰਾ ਕਮੇਟੀਆਂ ਨੂੰ ਦਖਲ ਦੇਣ ਲਈ ਕਿਹਾ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਖਿਆ ਕਿ ਕੈਨੇਡਾ ਅੰਦਰ ਅੰਤਰਰਾਸ਼ਟਰੀ ਵਿਦਿਆਰਥੀ ਆਪਣੇ ਦੇਸ਼ ਅਤੇ ਮਾਪਿਆਂ ਤੋਂ ਹਜ਼ਾਰਾਂ ਮੀਲ ਦੀ ਦੂਰੀ ’ਤੇ ਬੈਠੇ ਹੋਏ ਹਨ, ਜਿਨ੍ਹਾਂ ਦੇ ਜੀਵਨ ਸਰੋਕਾਰਾਂ ਨੂੰ ਸਮਝਣਾ ਅਤੇ ਸਮੱਸਿਆਵਾਂ ਦਾ ਹੱਲ ਕਰਨਾ ਸਰਕਾਰਾਂ ਦੀ ਜਿੰਮੇਵਾਰੀ ਹੈ। ਉਨ੍ਹਾਂ ਭਾਰਤ ਦੇ ਵਿਦੇਸ਼ ਮੰਤਰੀ ਨੂੰ ਇੱਸ ਵਿੱਚ ਨਿਜੀ ਦਿਲਚਸਪੀ ਨਾਲ ਦਖਲ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਉਹ ਕੈਨੇਡਾ ਦੀ ਸਰਕਾਰ ਨਾਲ ਗੱਲ ਕਰਕੇ ਭਾਰਤੀ ਵਿਦਿਆਰਥੀਆਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਹੱਲ ਕਰਵਾਉਣ ਦੀ ਪਹਿਲਕਦਮੀ ਕਰਨ।

ਐਡਵੋਕੇਟ ਧਾਮੀ ਨੇ ਕਿਹਾ ਕਿ ਕੈਨੇਡਾ ਅੰਦਰ ਵੱਡੀ ਗਿਣਤੀ ਵਿੱਚ ਸਿੱਖ ਸਰਕਾਰ ਅਤੇ ਪ੍ਰਸ਼ਾਸਨਿਕ ਆਹੁਦਿਆਂ ’ਤੇ ਕਾਰਜਸ਼ੀਲ ਹਨ, ਜਿਨ੍ਹਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਭਾਈਚਾਰੇ ਦੇ ਵਿਦਿਆਰਥੀ ਬੱਚਿਆਂ ਦੇ ਦੁਖ ਸਣਨ ਤੇ ਹੱਲ ਲਈ ਸਰਕਾਰ ਨਾਲ ਰਾਬਤਾ ਬਣਾਉਣ। ਉਨ੍ਹਾਂ ਖਾਸ ਤੌਰ ’ਤੇ ਕੈਨੇਡਾ ਦੇ ਸਿੱਖ ਸਾਂਸਦ ਹਰਜੀਤ ਸਿੰਘ ਸੱਜਣ, ਜਗਮੀਤ ਸਿੰਘ, ਬਰੈਂਪਟਨ ਦੇ ਡਿਪਟੀ ਮੇਅਰ ਹਰਕੀਰਤ ਸਿੰਘ ਸਮੇਤ ਹੋਰ ਸਿੱਖ ਆਗੂਆਂ ਨੂੰ ਕਿਹਾ ਕਿ ਉਹ ਇਸ ਦਾ ਨੋਟਿਸ ਲੈਣ ਤਾਂ ਜੋ ਚਿੰਤਾਵਾਂ ਵਿੱਚ ਘਿਰੇ ਕੈਨੇਡਾ ਅੰਦਰ ਭਾਰਤ ਤੇ ਖਾਸਕਰ ਪੰਜਾਬ ਦੇ ਵਿਦਿਆਰਥੀਆਂ ਨੂੰ ਧਰਵਾਸ ਮਿਲ ਸਕੇ।

Related Post