ਐਡਵੋਕੇਟ ਧਾਮੀ ਨੇ ਮੁੰਬਈ ਵਿਖੇ ਰੇਲਵੇ 'ਚ ਡਿਊਟੀ ਨਿਭਾ ਰਹੇ ਸਿੱਖ ਟਿਕਟ ਚੈਕਰ ਜਸਬੀਰ ਸਿੰਘ 'ਤੇ ਯਾਤਰੀਆਂ ਵਲੋਂ ਹਮਲਾ ਕਰਨ ਦੀ ਕੀਤੀ ਨਿੰਦਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮਹਾਰਾਸ਼ਟਰ ਦੇ ਮੁੰਬਈ 'ਚ ਰੇਲ ਸੇਵਾ ਅੰਦਰ ਆਪਣੀ ਡਿਊਟੀ ਨਿਭਾ ਰਹੇ ਸਿੱਖ ਟਿਕਟ ਚੈਕਰ ਜਸਬੀਰ ਸਿੰਘ ਉੱਤੇ ਤਿੰਨ ਯਾਤਰੀਆਂ ਵਲੋਂ ਹਮਲਾ ਕਰਨ ਦੀ ਵਾਪਰੀ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ।
ਅੰਮ੍ਰਿਤਸਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮਹਾਰਾਸ਼ਟਰ ਦੇ ਮੁੰਬਈ 'ਚ ਰੇਲ ਸੇਵਾ ਅੰਦਰ ਆਪਣੀ ਡਿਊਟੀ ਨਿਭਾ ਰਹੇ ਸਿੱਖ ਟਿਕਟ ਚੈਕਰ ਜਸਬੀਰ ਸਿੰਘ ਉੱਤੇ ਤਿੰਨ ਯਾਤਰੀਆਂ ਵਲੋਂ ਹਮਲਾ ਕਰਨ ਦੀ ਵਾਪਰੀ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ।
ਐਡਵੋਕੇਟ ਧਾਮੀ ਨੇ ਕਿਹਾ ਕਿ ਇਸ ਘਟਨਾ ਦੀ ਸਾਹਮਣੇ ਆਈ ਵੀਡੀਓ ਬੇਹੱਦ ਦੁਖਦਾਈ ਹੈ, ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਕੁਝ ਯਾਤਰੀਆਂ ਨੇ ਜਸਬੀਰ ਸਿੰਘ ਨਾਲ ਡਿਊਟੀ ਸਮੇਂ ਕੁੱਟਮਾਰ ਕੀਤੀ ਜੋ ਅਤਿ ਨਿੰਦਣਯੋਗ ਹੈ। ਉਨ੍ਹਾਂ ਮੁੰਬਈ ਦੀ ਰੇਲਵੇ ਪੁਲਿਸ ਨੂੰ ਇਸ ਮਾਮਲੇ ਵਿਚ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਵੀ ਆਖਿਆ। ਉਨ੍ਹਾ ਕਿਹਾ ਕਿ ਇਸ ਘਟਨਾ ਦੀ ਜਾਣਕਾਰੀ ਮੁੰਬਈ ਦੀ ਲੋਕਲ ਸੰਗਤ ਪਾਸੋਂ ਪ੍ਰਾਪਤ ਕੀਤੀ ਗਈ ਹੈ, ਜਿਸ ਅਨੁਸਾਰ ਰੇਲ ਵਿਚ ਯਾਤਰੀ ਬਿਨਾਂ ਟਿਕਟ ਦੇ ਸਫ਼ਰ ਕਰ ਰਹੇ ਸਨ। ਜਦ ਜਸਬੀਰ ਸਿੰਘ ਨੇ ਆਪਣੀ ਡਿਊਟੀ ਨਿਭਾਉਂਦਿਆਂ ਉਨ੍ਹਾਂ ਨੂੰ ਜੁਰਮਾਨਾ ਭਰਨ ਲਈ ਕਿਹਾ ਤਾਂ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ।
ਉਨ੍ਹਾਂ ਕਿਹਾ ਕਿ ਭਾਵੇਂ ਦੋਸ਼ੀਆਂ ਨੂੰ ਮੌਕੇ ਉੱਤੇ ਰੇਲਵੇ ਪੁਲਿਸ ਨੇ ਕਾਬੂ ਕਰ ਲਿਆ ਹੈ, ਪਰ ਮਹਾਰਾਸ਼ਟਰ ਸਰਕਾਰ ਤੇ ਰੇਲ ਮੰਤਰਾਲਾ ਇਹ ਯਕੀਨੀ ਬਣਾਵੇ ਕਿ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਵਾਈ ਜਾਵੇ। ਉਨ੍ਹਾ ਕਿਹਾ ਕਿ ਭਵਿੱਖ ਵਿਚ ਕਿਸੇ ਵੀ ਸਿੱਖ ਅਧਿਕਾਰੀ ਨਾਲ ਅਜਿਹੀ ਘਟਨਾ ਨਾ ਵਾਪਰੇ ਇਹ ਵੀ ਯਕੀਨੀ ਬਣਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ।