Chandigarh: ਹੁਣ ਚੰਡੀਗੜ੍ਹ 'ਚ ਸੱਤੇ ਦਿਨ 24 ਘੰਟੇ ਖੁੱਲ੍ਹਣਗੀਆਂ ਦੁਕਾਨਾਂ, ਪ੍ਰਸ਼ਾਸਨ ਨੇ ਬਦਲੇ ਨਿਯਮ, ਮਹਿਲਾਵਾਂ ਲਈ ਰੱਖੇ ਇਹ ਨਿਯਮ

ਦੱਸ ਦਈਏ ਕਿ ਡੀਸੀ ਵਿਨੈ ਪ੍ਰਤਾਪ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਇਸ ਹੁਕਮ ਨਾਲ ਬਾਰਾਂ ਅਤੇ ਸ਼ਰਾਬ ਦੇ ਠੇਕਿਆਂ ਦਾ ਸਮਾਂ ਨਹੀਂ ਵਧਾਇਆ ਜਾਵੇਗਾ। ਪ੍ਰਸ਼ਾਸਨ ਨੇ 24 ਘੰਟੇ ਦੁਕਾਨਾਂ ਖੁੱਲ੍ਹਣ 'ਤੇ ਸਟਾਫ ਦੀ ਸੁਰੱਖਿਆ ਨੂੰ ਲੈ ਕੇ ਕਈ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਹਨ।

By  Aarti June 27th 2024 10:30 AM

Administration Changed Rules In Chandigarh: ਚੰਡੀਗੜ੍ਹ ਸ਼ਹਿਰ ਦੀਆਂ ਸਾਰੀਆਂ ਦੁਕਾਨਾਂ ਹੁਣ ਹਫ਼ਤੇ ਦੇ ਸੱਤੇ ਦਿਨ ਯਾਨੀ 24 ਘੰਟੇ ਖੁੱਲ੍ਹੀਆਂ ਰਹਿਣਗੀਆਂ। ਦੁਕਾਨਦਾਰਾਂ ਅਤੇ ਵਪਾਰੀਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਯੂਟੀ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਇਹ ਵੱਡਾ ਫੈਸਲਾ ਲਿਆ ਹੈ। ਇਸ ਦੇ ਲਈ ਉਨ੍ਹਾਂ ਨੂੰ ਸਿਰਫ਼ ਇੱਕ ਫੀਸ ਦੇ ਕੇ ਕਿਰਤ ਵਿਭਾਗ ਦੀ ਵੈੱਬਸਾਈਟ 'ਤੇ ਆਪਣੇ ਆਪ ਨੂੰ ਰਜਿਸਟਰ ਕਰਨਾ ਹੋਵੇਗਾ।

ਦੱਸ ਦਈਏ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਇਸ ਹੁਕਮ ਨਾਲ ਬਾਰਾਂ ਅਤੇ ਸ਼ਰਾਬ ਦੇ ਠੇਕਿਆਂ ਦਾ ਸਮਾਂ ਨਹੀਂ ਵਧਾਇਆ ਜਾਵੇਗਾ। ਪ੍ਰਸ਼ਾਸਨ ਨੇ 24 ਘੰਟੇ ਦੁਕਾਨਾਂ ਖੁੱਲ੍ਹਣ 'ਤੇ ਸਟਾਫ ਦੀ ਸੁਰੱਖਿਆ ਨੂੰ ਲੈ ਕੇ ਕਈ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਹਨ।

ਯੂਟੀ ਪ੍ਰਸ਼ਾਸਨ ਨੇ ਇਜ਼ ਆਫ ਡੁਇੰਗ ਬਿਜਨੈੱਸ ਨੂੰ ਉਤਸ਼ਾਹਿਤ ਕਰਨ ਲਈ ਇਹ ਫੈਸਲਾ ਲਿਆ ਹੈ। ਪਹਿਲਾਂ ਦੇਰ ਰਾਤ ਜਾਂ ਪੂਰੀ ਰਾਤ ਤੱਕ ਦੁਕਾਨ ਖੋਲ੍ਹਣ ਲਈ ਸਬੰਧਤ ਦੁਕਾਨਦਾਰ ਨੂੰ ਹਰ ਵਾਰ ਲੇਬਰ ਵਿਭਾਗ ਤੋਂ ਵਿਸ਼ੇਸ਼ ਮਨਜ਼ੂਰੀ ਲੈਣੀ ਪੈਂਦੀ ਸੀ ਪਰ ਹੁਣ ਉਨ੍ਹਾਂ ਨੂੰ ਅਜਿਹਾ ਨਹੀਂ ਕਰਨਾ ਪਵੇਗਾ। 

ਚੰਡੀਗੜ੍ਹ ਪ੍ਰਸ਼ਾਸਨ ਨੇ ਕਿਹਾ ਕਿ ਦੁਕਾਨਾਂ 24 ਘੰਟੇ ਖੁੱਲ੍ਹਣ ਨਾਲ ਕਾਰੋਬਾਰ ਕਰਨ ਵਿੱਚ ਅਸਾਨੀ, ਉਤਪਾਦਕਤਾ ਅਤੇ ਵਿਕਾਸ ਵਿੱਚ ਵਾਧਾ ਹੋਵੇਗਾ। ਇਸ ਹੁਕਮ ਤੋਂ ਬਾਅਦ ਵੀ, ਸ਼ਰਾਬ ਦੀਆਂ ਦੁਕਾਨਾਂ ਅਤੇ ਬਾਰਾਂ/ਪੱਬਾਂ ਦੇ ਖੁੱਲਣ ਦਾ ਸਮਾਂ ਪਹਿਲਾਂ ਵਾਂਗ ਹੀ ਰਹੇਗਾ ਕਿਉਂਕਿ ਉਹ ਆਬਕਾਰੀ ਕਾਨੂੰਨਾਂ ਦੁਆਰਾ ਨਿਯੰਤ੍ਰਿਤ ਹਨ।

ਇਨ੍ਹਾਂ ਦੁਕਾਨਾਂ ਨੂੰ ਮਿਲੇਗੀ ਇਜ਼ਾਜਤ 

ਇੱਥੇ ਦੱਸਣਯੋਗ ਇਹ ਵੀ ਹੈ ਕਿ ਸਿਰਫ਼ ਉਨ੍ਹਾਂ ਨੂੰ ਹੀ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਹੋਵੇਗੀ ਜਿਨ੍ਹਾਂ ਨੇ ਕਿਰਤ ਵਿਭਾਗ ਤੋਂ ਰਜਿਸਟ੍ਰੇਸ਼ਨ ਸਰਟੀਫਿਕੇਟ ਪ੍ਰਾਪਤ ਕੀਤਾ ਹੈ, ਉਨ੍ਹਾਂ ਨੂੰ ਹਫ਼ਤੇ ਦੇ ਸੱਤੇ ਦਿਨ 24 ਘੰਟੇ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਹੋਵੇਗੀ। ਡੀਸੀ ਨੇ ਸਾਰੇ ਦੁਕਾਨਦਾਰਾਂ ਅਤੇ ਵਪਾਰੀਆਂ ਨੂੰ ਆਨਲਾਈਨ ਪੋਰਟਲ labour.chd.gov.in ਰਾਹੀਂ ਪੰਜਾਬ ਸ਼ਾਪਸ ਐਂਡ ਕਮਰਸ਼ੀਅਲ ਐਸਟੈਬਲਿਸ਼ਮੈਂਟ ਐਕਟ-1958 ਦੇ ਤਹਿਤ ਕਿਰਤ ਵਿਭਾਗ ਕੋਲ ਆਪਣੇ ਆਪ ਨੂੰ ਰਜਿਸਟਰ ਕਰਨ ਦੀ ਅਪੀਲ ਕੀਤੀ ਹੈ। ਕਿਰਤ ਵਿਭਾਗ ਵੱਲੋਂ ਆਨਲਾਈਨ ਪੋਰਟਲ 'ਤੇ 1000 ਤੋਂ 5000 ਰੁਪਏ ਦੇ ਭੁਗਤਾਨ 'ਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ।

ਹਫਤੇ 'ਚ ਇਕ ਦਿਨ ਦੀ ਛੁੱਟੀ ਦੇਣੀ ਪਵੇਗੀ

ਜਾਰੀ ਹੁਕਮਾਂ ’ਚ ਇਹ ਵੀ ਕਿਹਾ ਗਿਆ ਹੈ ਕਿ ਦੁਕਾਨਾਂ ਅਤੇ ਹੋਰ ਥਾਵਾਂ 'ਤੇ ਕੰਮ ਕਰਨ ਵਾਲੇ ਹਰ ਕਰਮਚਾਰੀ ਨੂੰ ਹਫ਼ਤੇ ਵਿੱਚ ਇੱਕ ਦਿਨ ਦੀ ਛੁੱਟੀ ਬਿਨਾਂ ਕਿਸੇ ਕਟੌਤੀ ਦੇ ਦਿੱਤੀ ਜਾਵੇਗੀ। ਜਿਸ ਦਿਨ ਕਰਮਚਾਰੀ ਨੂੰ ਛੁੱਟੀ ਮਿਲੇਗੀ, ਉਸ ਦੀ ਸੂਚੀ ਨੋਟਿਸ ਬੋਰਡ 'ਤੇ ਪਹਿਲਾਂ ਹੀ ਲਗਾਈ ਜਾਵੇਗੀ। ਹਰ ਕਰਮਚਾਰੀ ਨੂੰ ਲਗਾਤਾਰ 5 ਘੰਟੇ ਕੰਮ ਕਰਨ ਤੋਂ ਬਾਅਦ ਘੱਟੋ-ਘੱਟ ਅੱਧੇ ਘੰਟੇ ਦਾ ਆਰਾਮ ਦਿੱਤਾ ਜਾਵੇਗਾ। ਕਿਸੇ ਵੀ ਕਰਮਚਾਰੀ ਨੂੰ ਦਿਨ ਵਿੱਚ 9 ਘੰਟੇ ਜਾਂ ਹਫ਼ਤੇ ਵਿੱਚ 48 ਘੰਟੇ ਤੋਂ ਵੱਧ ਕੰਮ ਕਰਨ ਦੀ ਲੋੜ ਨਹੀਂ ਹੋਵੇਗੀ। ਰਾਤ 10 ਵਜੇ ਤੋਂ ਬਾਅਦ ਦੁਕਾਨ ਖੁੱਲ੍ਹਣ 'ਤੇ ਦੁਕਾਨ ਮਾਲਕ ਨੂੰ ਸਾਰੇ ਕਰਮਚਾਰੀਆਂ ਅਤੇ ਗਾਹਕਾਂ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਯਕੀਨੀ ਬਣਾਉਣੇ ਹੋਣਗੇ।

ਮਹਿਲਾ ਵਰਕਰਾਂ ਦੀ ਸੁਰੱਖਿਆ ਲਈ ਇਹ ਕਦਮ ਚੁੱਕਣੇ ਪੈਣਗੇ 

  • ਕੰਮ ਵਾਲੀ ਥਾਂ 'ਤੇ ਵੱਖਰੇ ਲਾਕਰ, ਸੁਰੱਖਿਆ ਅਤੇ ਆਰਾਮ ਕਮਰੇ ਦਾ ਪ੍ਰਬੰਧ ਕਰਨਾ ਹੋਵੇਗਾ। 
  • ਜੇਕਰ ਕੋਈ ਮਹਿਲਾ ਕਰਮਚਾਰੀ ਰਾਤ 8 ਵਜੇ ਤੋਂ ਬਾਅਦ ਕੰਮ ਕਰਦੀ ਹੈ ਤਾਂ ਇਸ ਸਬੰਧੀ ਉਸਦੀ ਲਿਖਤੀ ਸਹਿਮਤੀ ਲੈਣੀ ਪਵੇਗੀ। 
  • ਦੁਕਾਨ ਦਾ ਮਾਲਕ ਇਹ ਯਕੀਨੀ ਬਣਾਏਗਾ ਕਿ ਕੰਮ ਪੂਰਾ ਹੋਣ ਤੋਂ ਬਾਅਦ ਮਹਿਲਾ ਕਰਮਚਾਰੀ ਸੁਰੱਖਿਅਤ ਢੰਗ ਨਾਲ ਆਪਣੇ ਘਰ ਪਹੁੰਚ ਜਾਣ।
  • ਦੁਕਾਨ ਦੇ ਮਾਲਕ ਨੂੰ ਮਹਿਲਾ ਕਰਮਚਾਰੀਆਂ ਦੀ ਢੁਕਵੀਂ ਸੁਰੱਖਿਆ, ਢੁਕਵੀਂ ਆਵਾਜਾਈ, ਸਾਲਾਨਾ ਸਵੈ-ਰੱਖਿਆ ਵਰਕਸ਼ਾਪ ਅਤੇ ਹੋਰ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਹੋਵੇਗੀ।
  • ਘੱਟੋ-ਘੱਟ 15 ਦਿਨਾਂ ਦੀ ਰਿਕਾਰਡਿੰਗ ਬੈਕਅਪ ਦੇ ਨਾਲ ਸੀਸੀਟੀਵੀ ਕੈਮਰੇ ਲਗਾਏ ਜਾਣਗੇ। ਐਮਰਜੈਂਸੀ ਅਲਾਰਮ ਦੀ ਵਿਵਸਥਾ ਕੀਤੀ ਜਾਵੇਗੀ
  •  ਇੱਕ ਕਰਮਚਾਰੀ ਨੂੰ 9 ਘੰਟੇ ਤੋਂ ਵੱਧ ਕੰਮ ਨਹੀਂ ਕੀਤਾ ਜਾਵੇਗਾ। ਇਸ ਵਿੱਚ ਆਰਾਮ ਲਈ ਅੰਤਰਾਲ ਵੀ ਸ਼ਾਮਲ ਹਨ। ਤਨਖਾਹ ਦੇ ਨਾਲ-ਨਾਲ ਰਾਸ਼ਟਰੀ ਅਤੇ ਤਿਉਹਾਰਾਂ ਦੀਆਂ ਛੁੱਟੀਆਂ ਵੀ ਦੇਣੀਆਂ ਪੈਣਗੀਆਂ।
  • ਕਰਮਚਾਰੀਆਂ ਦੀ ਓਵਰਟਾਈਮ ਤਨਖ਼ਾਹ ਸਮੇਤ ਤਨਖ਼ਾਹ ਉਨ੍ਹਾਂ ਦੇ ਬਚਤ ਬੈਂਕ ਖਾਤਿਆਂ ਵਿੱਚ ਜਮ੍ਹਾਂ ਕੀਤੀ ਜਾਵੇਗੀ

ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ’ਤੇ ਹੋਵੇਗੀ ਕਾਰਵਾਈ 

ਵਿਭਾਗ ਵੱਲੋਂ ਬਾਜ਼ਾਰਾਂ ਵਿੱਚ ਵਿਆਪਕ ਜਾਗਰੂਕਤਾ ਅਤੇ ਰਜਿਸਟ੍ਰੇਸ਼ਨ ਕੈਂਪ ਲਗਾਏ ਜਾਣਗੇ ਤਾਂ ਜੋ ਸਾਰੇ ਲੋਕ ਇਸ ਨੋਟੀਫਿਕੇਸ਼ਨ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣ ਅਤੇ ਇਸ ਦਾ ਲਾਭ ਉਠਾ ਸਕਣ। ਪ੍ਰਸ਼ਾਸਨ ਨੇ ਕਈ ਨਿਯਮ ਅਤੇ ਸ਼ਰਤਾਂ ਵੀ ਤੈਅ ਕੀਤੀਆਂ ਹਨ। ਜੇਕਰ ਕੋਈ ਦੁਕਾਨਦਾਰ ਇਨ੍ਹਾਂ ਦੀ ਉਲੰਘਣਾ ਕਰਦਾ ਹੈ ਤਾਂ ਲੇਬਰ ਵਿਭਾਗ ਨਾਲ ਈਮੇਲ ਆਈਡੀ alcld-chd@chd.nic.in ਜਾਂ 0172-2679000 'ਤੇ ਸੰਪਰਕ ਕਰਕੇ ਸ਼ਿਕਾਇਤ ਦਿੱਤੀ ਜਾ ਸਕਦੀ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਇਲਾਕੇ ਦੇ ਲੇਬਰ ਇੰਸਪੈਕਟਰ ਮਾਮਲੇ ਦੀ ਜਾਂਚ ਕਰਨਗੇ ਅਤੇ ਕਾਨੂੰਨ ਅਨੁਸਾਰ ਕਾਰਵਾਈ ਕਰਨਗੇ।

ਇਹ ਵੀ ਪੜ੍ਹੋ: Punjab Monsoon Update: ਪੰਜਾਬ ਸਣੇ ਉੱਤਰ ਭਾਰਤ ਦੇ ਲੋਕਾਂ ਨੂੰ ਗਰਮੀ ਅਤੇ ਹੁੰਮਸ ਤੋਂ ਮਿਲੀ ਰਾਹਤ, ਕਈ ਇਲਾਕਿਆਂ 'ਚ ਪੈ ਰਿਹਾ ਭਾਰੀ ਮੀਂਹ

Related Post