ਭਾਰਤੀ ਰੇਲਵੇ ਵੱਲੋਂ ਪੰਜਾਬ ਤੇ ਹਰਿਆਣਾ ਤੋਂ ਕੋਲੇ ਦੀ ਸਪਲਾਈ ਲਈ ਵਸੂਲਿਆ ਜਾ ਰਿਹਾ ਵਾਧੂ ਕਿਰਾਇਆ
ਪਟਿਆਲਾ: ਭਾਰਤੀ ਰੇਲਵੇ ਵੱਲੋਂ ਪੰਜਾਬ ਤੇ ਹਰਿਆਣਾ ਤੋਂ ਕੋਲ ਸਪਲਾਈ ਦੀ ਕਰੋੜਾ ਰੁਪਏ ਵਾਧੂ ਕਿਰਾਇਆ ਵਸੂਲਿਆ ਜਾ ਰਿਹਾ ਹੈ। ਜਿਹੜੇ ਰੂਟਾਂ ਤੋਂ ਕੋਲ ਸਪਲਾਈ ਹੋਈ ਹੀ ਨਹੀਂ ਉਸ ਰੂਟ ਦਾ ਵੀ ਕਰੀਬ 100 ਕਰੋੜ ਦਾ ਵਿੱਤੀ ਬੋਝ ਦੋਹਾਂ ਰਾਜਾਂ ਨੂੰ ਝੱਲਣਾ ਪੈ ਰਿਹਾ ਹੈ। ਭਾਰਤੀ ਰੇਲਵੇ ਐਨਸੀਐਲ ਕੋਲਾ ਖਾਣਾਂ ਤੋਂ ਦੋਵਾਂ ਰਾਜਾਂ ਨੂੰ ਜਾਣ ਵਾਲੇ ਰੂਟ 'ਤੇ ਮਾਲ ਭਾੜੇ ਲਈ ਓਵਰਚਾਰਜ ਕਰਕੇ ਦੋਹਾਂ ਰਾਜਾਂ ਨੂੰ ਕਰੋੜਾਂ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ।
ਰੇਲਵੇ ਨੇ ਇੱਕ ਪੱਤਰ ਜਾਰੀ ਕੀਤਾ ਸੀ ਜਿਸ ਵਿਚ ਐਨਸੀਐਨ ਤੋਂ ਥਰਮਲ ਪਲਾਂਟਾਂ ਤੱਕ ਦਾ ਰੂਟ ਬਦਲਿਆ ਗਿਆ ਸੀ,ਜਿਸ ਵਿਚ 200 ਕਿਲੋਮੀਟਰ ਦੀ ਦੂਰੀ ਨੂੰ ਹੋਰ ਵਧਾ ਦਿੱਤਾ ਗਿਆ। ਹਾਲਾਂਕਿ, ਜ਼ਿਆਦਾਤਰ ਰੇਕ ਅਜੇ ਵੀ ਸਭ ਤੋਂ ਛੋਟੇ ਰੂਟ ਰਾਹੀਂ ਥਰਮਲਾਂ ਤੱਕ ਪੁੱਜ ਰਹੇ ਹਨ ਪਰ ਕਿਰਾਇਆ ਲੰਬੇ ਰਸਤੇ ਵਾਲਾ ਹੀ ਵਸੂਲਿਆ ਜਾ ਰਿਹਾ ਹੈ। ਨਤੀਜੇ ਵਜੋਂ ਦੋਵਾਂ ਰਾਜਾਂ ’ਤੇ ਲਗਭਗ 300 ਪ੍ਰਤੀ ਟਨ ਦੇ ਵੱਧ ਕਿਰਾਏ ਦਾ ਖਰਚੇ ਨਾਲ ਕਰੀਬ 100 ਕਰੋੜ ਦਾ ਵਾਧੂ ਵਿੱਤੀ ਬੋਝ ਪੈ ਰਿਹਾ ਹੈ।
ਪੰਜਾਬ ਵਿੱਚ, ਤਲਵੰਡੀ ਅਤੇ ਨਾਭਾ ਪਾਵਰ ਦਾ ਐਨਸੀਐੱਲ ਨਾਲ ਕੋਲੇ ਦਾ ਲਿੰਕ ਹੈ ਅਤੇ ਕੋਲੇ ਦੀ ਲਾਗਤ ਆਖਿਰਕਾਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਦੇਣੀ ਪੈਂਦੀ ਹੈ। ਦੂਸਰੇ ਪਾਸੇ ਹਰਿਆਣਾ ਵਿੱਚ, ਸਾਰੇ ਥਰਮਲ ਪਲਾਂਟਾਂ ਦਾ ਐਨਸੀਐਲ ਨਾਲ ਲਿੰਕ ਹੈ। ਇਹ ਵਾਧੂ ਬੋਝ ਦੋਵਾਂ ਰਾਜਾਂ ਵਿੱਚ ਬਿਜਲੀ ਦੀ ਕੀਮਤ ਵਿੱਚ ਵਾਧਾ ਕਰ ਰਿਹਾ ਹੈ ਅਤੇ ਇਸ ਬੋਝ ਖਪਤਕਾਰਾਂ ’ਤੇ ਵੀ ਪੈ ਰਿਹਾ ਹੈ। ਸੂਤਰਾਂ ਅਨੁਸਾਰ ਰੇਲਵੇ ਵੱਲੋਂ ਨਵੇਂ ਰੂਟ ਅਨੁਸਾਰ ਪੰਜਾਬ ਅਤੇ ਹਰਿਆਣਾ ਲਈ ਕੋਲੇ ਦੀ ਕੀਮਤ 300 ਤੋਂ 350 ਰੁਪਏ ਪ੍ਰਤੀ ਟਨ ਤੱਕ ਦਾ ਵਾਧਾ ਕੀਤਾ ਹੈ।
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਭਾਰਤੀ ਰੇਲਵੇ ਨੂੰ ਪੱਤਰ ਲਿਖ ਕੇ ਇਸ ਮਸਲੇ ਦਾ ਹੱਲ ਕਰਨ ਦੀ ਮੰਗ ਕੀਤੀ ਹੈ। ਪਾਵਰ ਕਾਰਪੋਰੇਸ਼ਨ ਨੇ ਰੇਲਵੇ ਨੂੰ ਲਿਖਿਆ ਹੈ ਕਿ 200 ਕਿਲੋਮੀਟਰ ਦਾ ਬੁਹਤ ਵੱਡਾ ਫਰਕ ਹੈ ਜਿਸ ’ਤੇ ਮੁੜ ਵਿਚਾਰ ਕੀਤਾ ਜਾਣਾ ਚਾਹੀਦਾ ਹੈ।
ਐਨਸੀਐਲ ਤੋਂ ਪੰਜਾਬ ਦਾ ਨਾਭਾ ਪਾਵਰ ਪਲਾਂਟ 1100 ਕਿਲੋਮੀਟਰ ਅਤੇ ਤਲਵੰਡੀ ਸਾਬੋ ਪਲਾਂਟ 1200 ਕਿਲੋਮੀਟਰ ਦੌਰੀ ’ਤੇ ਹੈ। ਵਰਤਮਾਨ ਰੂਟ ਅਨੁਸਾਰ ਇਸਨੂੰ 1300 ਤੇ 1400 ਕਿਲੋਮੀਟਰ ਦਰਸਾਇਆ ਜਾ ਰਿਹਾ ਹੈ। ਪਾਵਰ ਕਾਰਪੋਰੇਸ਼ਨ ਅਨੁਸਾਰ ਇਨਾਂ ਥਰਮਲਾਂ ’ਤੇ ਆਉਣ ਵਾਲੇ ਜਿਆਦਾਤਰ ਰੈਕ ਸਿਰਫ ਛੋਟੇ ਰੂਟ ਰਾਹੀਂ ਹੀ ਪੁੱਜਦੇ ਹਨ, ਇਸਦੇ ਬਾਵਜੂਦ ਵੀ ਭਾੜਾ ਲੰਮੇ ਰੂਟ ਅਨੁਸਾਰ ਵਸੂਲਿਆ ਜਾ ਰਿਹਾ ਹੈ।
ਰਿਪੋਰਟ- ਗਗਨਦੀਪ ਅਹੂਜਾ