ਅਦਾਕਾਰ ਸੰਨੀ ਦਿਓਲ ਨਹੀਂ ਲੜਨਗੇ 2024 ਦੀਆਂ ਚੋਣਾਂ, ਇਹ ਦੱਸੀ ਵਜ੍ਹਾ
Sunny Deol Statement: ਸੰਨੀ ਦਿਓਲ ਨੇ ਇਹ ਬਿਆਨ ਦਿੱਤਾ ਹੈ ਕਿ ਉਹ 2024 ਵਿੱਚ ਹੋਣ ਵਾਲੀਂਆ ਯਾਨੀਕਿ ਅਗਲੀਆਂ ਲੋਕ ਸਭਾ ਚੋਣਾਂ ਨਹੀਂ ਲੜਨਗੇ।
Sunny Deol Statement: ਸੰਨੀ ਦਿਓਲ ਦੀ ਫ਼ਿਲਮ 'ਗਦਰ 2' ਨੇ ਹਰ ਜਗ੍ਹਾ ਤਹਿਲਕਾ ਮਚਾਇਆ ਹੋਇਆ ਹੈ। ਅਨਿਲ ਸ਼ਰਮਾ ਦੇ ਨਿਰਦੇਸ਼ਨ 'ਚ ਬਣੀ ਇਹ ਫ਼ਿਲਮ ਬਾਕਸ ਆਫ਼ਿਸ 'ਤੇ ਲਗਾਤਾਰ ਧਮਾਲ ਮਚਾ ਰਹੀ ਹੈ। ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਜੋੜੀ ਨੇ ਸਭ ਦਾ ਮਨ ਮੋਹ ਲਿਆ ਹੈ। ਜਿਸਦੇ ਕਾਰਨ ਇਸ ਫ਼ਿਲਮ ਨੇ ਰਿਕਾਰਡ ਤੋੜ ਕਮਾਈ ਕੀਤੀ ਹੈ ਪਰ ਤੁਹਾਨੂੰ ਦੱਸ ਦਈਏ ਕਿ ਗ਼ਦਰ-2 ਦੇ ਤਾਰਾ ਸਿੰਘ ਯਾਨੀਕਿ ਅਦਾਕਾਰ ਸੰਨੀ ਦਿਓਲ ਪੰਜਾਬ ਦੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਵੀ ਹਨ। ਸੰਨੀ ਦਿਓਲ ਭਾਜਪਾ ਦੇ ਸੰਸਦ ਮੈਂਬਰ ਹਨ।
ਇਸ ਦੌਰਾਨ ਸੰਨੀ ਦਿਓਲ ਦਾ ਇੱਕ ਬਿਆਨ ਸਾਹਮਣੇ ਆਇਆ ਹੈ ਜਿਸ ਵਿੱਚ ਉਨ੍ਹਾਂ ਨੇ ਇੱਕ ਇੰਟਰਵਿਊ 'ਚ ਕਿਹਾ, "ਮੈਂ ਅਗਲੀ ਚੋਣ ਨਹੀਂ ਲੜਾਂਗਾ" ਸੰਨੀ ਦਿਓਲ ਨੇ ਕਿਹਾ ਕਿ ਉਹ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੇ ਉਮੀਦਵਾਰ ਨਹੀਂ ਬਣਨਗੇ।
ਆਪਣੀ ਅਦਾਕਾਰੀ 'ਤੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ, "ਐਕਟਿੰਗ ਸ਼ੁਰੂ ਤੋਂ ਹੀ ਮੇਰੀ ਪਹਿਲੀ ਪਸੰਦ ਰਹੀ ਹੈ ਅਤੇ ਮੈਂ ਸਿਰਫ਼ ਇੱਕ ਅਭਿਨੇਤਾ ਦੇ ਰੂਪ ਵਿੱਚ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਹਾਂ। ਇੱਕੋ ਸਮੇਂ ਕਈ ਕੰਮ ਕਰਨੇ ਅਸੰਭਵ ਹਨ। ਇੱਕ ਸਮੇਂ ਵਿੱਚ ਸਿਰਫ਼ ਇੱਕ ਹੀ ਕੰਮ ਕੀਤਾ ਜਾ ਸਕਦਾ ਹੈ। ਜਿਸ ਸੋਚ ਨਾਲ ਮੈਂ ਰਾਜਨੀਤੀ ਵਿੱਚ ਆਇਆ ਸੀ, ਉਹ ਕੰਮ ਇੱਕ ਅਦਾਕਾਰ ਵਜੋਂ ਵੀ ਕੀਤਾ ਜਾ ਸਕਦਾ ਹੈ। ਇਸੇ ਲਈ ਮੈਂ ਅਗਲੀਆਂ ਲੋਕ ਸਭਾ ਚੋਣਾਂ ਨਾ ਲੜਨ ਦਾ ਫ਼ੈਸਲਾ ਕੀਤਾ ਹੈ।"