AAP MLA Arrest: ਈਡੀ ਨੇ 'ਆਪ' ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੂੰ ਕੀਤਾ ਗ੍ਰਿਫਤਾਰ, ਜਾਣੋ 40 ਕਰੋੜ ਰੁਪਏ ਦਾ ਕੀ ਹੈ ਮਾਮਲਾ
'ਆਪ' ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੂੰ ਈ.ਡੀ ਨੇ ਗ੍ਰਿਫਤਾਰ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਈਡੀ 40 ਕਰੋੜ ਰੁਪਏ ਦੇ ਬੈਂਕ ਫਰਾਡ ਮਾਮਲੇ ’ਚ ਵਿਧਾਇਕ ਖਿਲਾਫ ਕਾਰਵਾਈ ਕੀਤੀ ਗਈ ਹੈ।
AAP MLA Jaswant Singh Gajjanmajra : ਅਮਰਗੜ੍ਹ ਤੋਂ ‘ਆਮ ਆਦਮੀ ਪਾਰਟੀ’ ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੂੰ ਈ.ਡੀ. ਨੇ ਗ੍ਰਿਫਤਾਰ ਕਰ ਲਿਆ ਹੈ। ਦੱਸ ਦਈਏ ਕਿ ਈਡੀ ਵਿਧਾਇਕ ਨੂੰ ਚੱਲਦੀ ਮੀਟਿੰਗ ਦੌਰਾਨ ਆਪਣੇ ਨਾਲ ਲੈ ਗਈ ਸੀ। ਜਾਣਕਾਰੀ ਅਨੁਸਾਰ 40 ਕਰੋੜ ਰੁਪਏ ਦੇ ਬੈਂਕ ਫਰਾਡ ਮਾਮਲੇ 'ਚ ਜਸਵੰਤ ਸਿੰਘ ਗੱਜਣਮਾਜਰਾ ਦੇ ਖਿਲਾਫ ਛਾਪੇਮਾਰੀ ਚੱਲ ਰਹੀ ਹੈ।
ਤਾਜ਼ਾ ਜਾਣਕਾਰੀ ਮੁਤਾਬਿਕ ਗ੍ਰਿਫਤਾਰੀ ਮਗਰੋਂ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੂੰ ਪੀਜੀਆਈ ਲੈ ਕੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਦਰਅਸਲ ਜਲੰਧਰ ਹਸਪਤਾਲ ਵੱਲੋਂ ਮੈਡੀਕਲ ਕਾਲਜ ਅੰਮ੍ਰਿਤਸਰ ਭੇਜਣ ਦੀ ਗੱਲ ਆਖੀ ਜਾ ਰਹੀ ਸੀ ਪਰ ਈਡੀ ਦੇ ਅਧਿਕਾਰੀਆਂ ਦੀ ਮੰਗ ਹੈ ਕਿ ਵਿਧਾਇਕ ਨੂੰ ਪੀਜੀਆਈ ਭੇਜਿਆ ਜਾਵੇ।
ਦੱਸਿਆ ਗਿਆ ਹੈ ਕਿ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਵਰਕਰਾਂ ਨਾਲ ਮੀਟਿੰਗ ਕਰ ਰਹੇ ਸਨ। ਉਸ ਦੌਰਾਨ ਈਡੀ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਆਪਣੇ ਨਾਲ ਲੈ ਗਈ। ਜਲੰਧਰ ਈਡੀ ਦਫ਼ਤਰ ਦੇ ਬਾਹਰ ਲੋਕਾਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਹੈ। ਸੁਰੱਖਿਆ ਲਈ ਜਲੰਧਰ ਕਮਿਸ਼ਨਰੇਟ ਪੁਲਿਸ ਦੀ ਟੀਮ ਵੀ ਮੌਕੇ 'ਤੇ ਤਾਇਨਾਤ ਕੀਤੀ ਗਈ ਹੈ।
ਤੁਹਾਨੂੰ ਦੱਸ ਦਈਏ ਕਿ ਵਿਧਾਇਕ 'ਤੇ 40 ਕਰੋੜ ਰੁਪਏ ਦੀ ਬੈਂਕ ਧੋਖਾਧੜੀ ਦਾ ਦੋਸ਼ ਹੈ। ਏਜੰਸੀ ਪਹਿਲਾਂ ਵੀ ਕਈ ਵਾਰ ਜਾਂਚ ਕਰ ਚੁੱਕੀ ਹੈ। ਇਸ ਤੋਂ ਪਹਿਲਾਂ ਈਡੀ ਨੇ ਸਤੰਬਰ ਮਹੀਨੇ ਜਸਵੰਤ ਸਿੰਘ ਗੱਜਣ ਮਾਜਰਾ ਦੇ ਘਰ ਛਾਪਾ ਮਾਰਿਆ ਸੀ। ਈਡੀ ਦੇ ਅਧਿਕਾਰੀਆਂ ਨੇ ਕਰੀਬ 14 ਘੰਟੇ ਤੱਕ ਉਸ ਦੇ ਘਰ ਦੀ ਤਲਾਸ਼ੀ ਲਈ। ਸੂਤਰਾਂ ਅਨੁਸਾਰ ਈਡੀ ਨੇ ਇਸ ਤੋਂ ਪਹਿਲਾਂ ਮਾਜਰਾ ਨੂੰ ਸਿਰਫ਼ ਪੁੱਛਗਿੱਛ ਲਈ ਬੁਲਾਇਆ ਸੀ। ਪਰ ਸੋਮਵਾਰ ਨੂੰ ਈਡੀ ਨੇ ਉਸਨੂੰ ਅਚਾਨਕ ਹਿਰਾਸਤ ਵਿੱਚ ਲੈ ਲਿਆ। ਈਡੀ ਦੀ ਟੀਮ ਉਸ ਨੂੰ ਹਿਰਾਸਤ ਵਿੱਚ ਲੈ ਕੇ ਜਲੰਧਰ ਲੈ ਗਈ ਹੈ।
1 ਰੁਪਏ ਤਨਖਾਹ ਲੈਣ ਦੇ ਆਪਣੇ ਬਿਆਨ ਨਾਲ ਸੁਰਖੀਆਂ 'ਚ ਆਏ ਸਨ ਵਿਧਾਇਕ
'ਆਪ' ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਉਸ ਸਮੇਂ ਸੁਰਖੀਆਂ 'ਚ ਆ ਗਏ, ਜਦੋਂ ਉਨ੍ਹਾਂ ਨੇ ਸਿਰਫ ਇਕ ਰੁਪਏ ਦੀ ਤਨਖਾਹ ਲੈਣ ਦਾ ਐਲਾਨ ਕੀਤਾ। ਗੱਜਣਮਾਜਰਾ ਨੇ ਕਿਹਾ ਸੀ ਕਿ ਪੰਜਾਬ ਵਿੱਤੀ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਇਸ ਲਈ ਮੈਂ ਵਿਧਾਇਕ ਹੋਣ ਦੇ ਨਾਤੇ ਇਕ ਰੁਪਏ ਦੀ ਤਨਖਾਹ ਲਵਾਂਗਾ। ਚੋਣ ਵਿੱਚ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਿਮਰਨਜੀਤ ਸਿੰਘ ਮਾਨ ਨੂੰ ਹਰਾਇਆ।
7 ਮਈ ਨੂੰ ਸੀ.ਬੀ.ਆਈ ਨੇ ਮਾਰਿਆ ਸੀ ਛਾਪਾ:
ਦੱਸ ਦੇਈਏ ਕਿ 7 ਮਈ 2022 ਨੂੰ ਸੀ.ਬੀ.ਆਈ. ਦੀ ਟੀਮ ਨੇ ਜਸਵੰਤ ਸਿੰਘ ਗੱਜਣ ਮਾਜਰਾ ਦੇ ਕਈ ਸਥਾਨਾਂ 'ਤੇ ਅਚਾਨਕ ਨਾਕਾਬੰਦੀ ਕੀਤੀ ਸੀ। ਸੀਬੀਆਈ ਵੱਲੋਂ ਛਾਪੇਮਾਰੀ ਕਾਫੀ ਦੇਰ ਤੱਕ ਜਾਰੀ ਰਹੀ। ਦੱਸਿਆ ਗਿਆ ਕਿ ਛਾਪੇਮਾਰੀ ਦੌਰਾਨ ਸੀਬੀਆਈ ਨੇ ਜਸਵੰਤ ਸਿੰਘ ਦੇ ਘਰੋਂ 94 ਦਸਤਖਤ ਕੀਤੇ ਖਾਲੀ ਚੈੱਕ, ਕਈ ਆਧਾਰ ਕਾਰਡ ਅਤੇ ਅਹਿਮ ਦਸਤਾਵੇਜ਼ ਬਰਾਮਦ ਕੀਤੇ ਸਨ।
ਬੈਂਕ ਦੀ ਸ਼ਿਕਾਇਤ 'ਤੇ ਪਹੁੰਚੀ ਸੀ ਸੀ.ਬੀ.ਆਈ:
ਜਸਵੰਤ ਸਿੰਘ 'ਤੇ ਕਰੀਬ 40 ਕਰੋੜ ਰੁਪਏ ਦੀ ਬੈਂਕ ਧੋਖਾਧੜੀ ਦਾ ਦੋਸ਼ ਹੈ। ਸਬੰਧਤ ਬੈਂਕ ਨੇ 'ਆਪ' ਵਿਧਾਇਕ ਗੱਜਣ ਮਾਜਰਾ ਖਿਲਾਫ CBI ਕੋਲ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾਈ ਸੀ। ਜਿਸ ਤੋਂ ਬਾਅਦ CBI ਨੇ ਛਾਪੇਮਾਰੀ ਵਰਗੀ ਵੱਡੀ ਕਾਰਵਾਈ ਕੀਤੀ ਹੈ।
ਇਹ ਵੀ ਪੜ੍ਹੋ: ਚੰਡੀਗੜ੍ਹ 'ਚ ਡੀਜ਼ਲ ਦੀ ਲੁੱਟ, ਅੱਧੀ ਰਾਤ ਨੂੰ ਸੜਕ 'ਤੇ ਪਲਟਿਆ ਤੇਲ ਨਾਲ ਭਰਿਆ ਟੈਂਕਰ