AAP MLA ਦੇ ਪਿਤਾ ਵੱਲੋਂ AK47 ਦੀ ਦੁਰਵਰਤੋਂ ਲਈ ਵਿਧਾਇਕ 'ਤੇ ਕੇਸ ਦਰਜ ਕੀਤਾ ਜਾਵੇ : ਬਿਕਰਮ ਸਿੰਘ ਮਜੀਠੀਆ ਨੇ ਵਾਇਰਲ ਕੀਤੀ Video

AAP MLA Jagdeep Kamboj : ਮਜੀਠੀਆ ਨੇ ਕਿਹਾ ਕਿ ਏਕੇ 47 ਵਰਗੇ ਹਥਿਆਰਾਂ ਦੀ ਦੁਰਵਰਤੋਂ ਡਾਂਸ ਕਰਨ ਵਾਸਤੇ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਫਿਰ ਉਸਦੇ ਖਿਲਾਫ ਫੌਰੀ ਕਾਰਵਾਈ ਹੋਣੀ ਚਾਹੀਦੀ ਹੈ।

By  KRISHAN KUMAR SHARMA October 23rd 2024 04:37 PM -- Updated: October 23rd 2024 04:59 PM

AAP MLA Jagdeep Kamboj : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੰਗ ਕੀਤੀ ਕਿ ਆਮ ਆਦਮੀ ਪਾਰਟੀ (ਆਪ) ਦੇ ਜਲਾਲਾਬਾਦ ਤੋਂ ਵਿਧਾਇਕ ਜਗਦੀਪ ਕੰਬੋਜ ਦੇ ਪਿਤਾ ਵੱਲੋਂ ਏ ਕੇ 47 ਰਾਈਫਲ ਦੀ ਦੁਰਵਰਤੋਂ ਕਰਨ ’ਤੇ ਵਿਧਾਇਕ ਖਿਲਾਫ ਕੇਸ ਦਰਜ ਕੀਤਾ ਜਾਵੇ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਕ ਹੈਰਾਨੀਜਨਕ ਵੀਡੀਓ ਵਾਇਰਲ ਹੋਈ ਹੈ, ਜਿਸ ਵਿਚ ਵਿਧਾਇਕ ਦੇ ਪਿਤਾ ਸੁਰਿੰਦਰ ਕੰਬੋਜ ਏ ਕੇ 47 ਰਾਈਫਲ ਲੈ ਕੇ ਇਕ ਮਹਿਲਾ ਨਾਲ ਨੱਚਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਘਟਨਾ ਦੀ ਡੂੰਘਾਈ ਨਾਲ ਜਾਂਚ ਹੀ ਸਪਸ਼ਟ ਕਰ ਸਕਦੀ ਹੈ ਕਿ ਜਿਸ ਹਥਿਆਰ ਨੂੰ ਲੈ ਕੇ ਜੋੜਾ ਨੱਚਦਾ ਨਜ਼ਰ ਆ ਰਿਹਾ ਹੈ, ਉਹ ਜਗਦੀਪ ਕੰਬੋਜ ਦੇ ਗੰਨਮੈਨ ਦਾ ਹੈ ਜਾਂ ਫਿਰ ਪਾਕਿਸਤਾਨ ਤੋਂ ਦਰਾਮਦ ਕੀਤਾ ਗਿਆ ਹੈ?

ਬਿਕਰਮ ਸਿੰਘ ਮਜੀਠੀਆ ਨੇ ਇਹ ਵੀ ਮੰਗ ਕੀਤੀ ਕਿ ਵਿਧਾਇਕ ਅਤੇ ਉਸਦੇ ਨਾਲ-ਨਾਲ ਉਸਦੇ ਪਿਤਾ ਅਤੇ ਵੀਡੀਓ ਵਿਚ ਦਿਸ ਰਹੀ ਮਹਿਲਾ ਦੇ ਖਿਲਾਫ ਵੀ ਕੇਸ ਦਰਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਹਥਿਆਰ ਗੰਨਮੈਨ ਦਾ ਹੈ ਤਾਂ ਫਿਰ ਵਿਧਾਇਕ ਦੇ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਜ਼ਰੂਰਤ ਹੈ ਕਿਉਂਕਿ ਵਿਧਾਇਕ ਨੇ ਉਨ੍ਹਾਂ ਦੀ ਸੁਰੱਖਿਆ ਲਈ ਪ੍ਰਦਾਨ ਹਥਿਆਰ ਆਪਣੇ ਪਿਤਾ ਨੂੰ ਦੇਣ ਦਿੱਤਾ।

ਮਜੀਠੀਆ ਨੇ ਕਿਹਾ ਕਿ ਏਕੇ 47 ਵਰਗੇ ਹਥਿਆਰਾਂ ਦੀ ਦੁਰਵਰਤੋਂ ਡਾਂਸ ਕਰਨ ਵਾਸਤੇ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਫਿਰ ਉਸਦੇ ਖਿਲਾਫ ਫੌਰੀ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ, ਜਿਨ੍ਹਾਂ ਨੇ ਵਿਧਾਇਕ ਦੇ ਪਿਤਾ ਨੂੰ ਆਪਣੇ ਹਥਿਆਰ ਦਿੱਤੇ।

ਕੇਸ ਦਰਜ ਕਰਨ ਦੀ ਮੰਗ ਕਿਉਂ?

ਦੱਸ ਦਈਏ ਕਿ ਪੰਜਾਬ ਪੁਲਿਸ ਵੱਲੋਂ ਸੂਬੇ ਵਿੱਚ ਗੰਨ ਕਲਚਰ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ ਤਹਿਤ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਕੋਈ ਵੀ ਹਥਿਆਰਾਂ ਨੂੰ ਹੱਲਾਸ਼ੇਰੀ ਦੇਣ ਵਾਲੀਆਂ ਪੋਸਟਾਂ ਪਾਉਣ ਦੀ ਮਨਾਹੀ ਹੈ। ਪੰਜਾਬ ਸਰਕਾਰ ਨੇ ਸੂਬੇ ਵਿੱਚ ਗੰਨ ਕਲਚਰ ਨੂੰ ਨੱਥ ਪਾਉਣ ਲਈ 13 ਨਵੰਬਰ ਨੂੰ ਜਨਤਕ ਤੌਰ ’ਤੇ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਤੇ ਸੋਸ਼ਲ ਮੀਡੀਆ ’ਤੇ ਹਥਿਆਰਾਂ ਨੂੰ ਹੱਲਾਸ਼ੇਰੀ ਦੇਣ ਵਾਲੀਆਂ ਪੋਸਟਾਂ ਪਾਉਣ ਤੇ ਗੀਤਾਂ ’ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਦੇ ਨਾਲ ਹੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ ਕਰ ਕੇ ਕਾਨੂੰਨੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਸਨ।

Related Post