CM ਮਾਨ ਦੇ ਹੁਕਮਾਂ ਨੂੰ AAP ਵਿਧਾਇਕ ਨੇ ਜਾਣਿਆ ਟਿੱਚ, ਨਿਗਮ ਵੱਲੋਂ ਸੀਲ ਦੁਕਾਨਾਂ ਦੇ ਖੋਲ੍ਹੇ ਤਾਲੇ

ਪੀਟੀਸੀ ਨਿਊਜ਼ ਡੈਸਕ: ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਨੂੰ ਹੁਣ ਉਨ੍ਹਾਂ ਦੇ ਆਪਣੇ ਵਿਧਾਇਕ ਹੀ ਟਿੱਚ ਜਾਨਣ ਲੱਗੇ ਹਨ। ਅਜਿਹਾ ਹੀ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ, ਜਿਥੇ ਆਮ ਆਦਮੀ ਪਾਰਟੀ (AAP) ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ (MLA Gogi) ਨੇ ਸੀਐਮ ਦੇ ਹੁਕਮਾਂ ਨੂੰ ਟਿੱਚ ਜਾਣਦਿਆਂ ਸੀਲ ਕੀਤੀਆਂ ਗ਼ੈਰ-ਕਾਨੂੰਨੀ ਦੁਕਾਨਾਂ ਦੀਆਂ ਸੀਲਾਂ ਤੋੜ ਦਿੱਤੀਆਂ ਅਤੇ ਇਸ ਨੂੰ ਨਗਰ ਨਿਗਮ ਵੱਲੋਂ ਕੀਤੀ ਧੱਕੇਸ਼ਾਹੀ ਕਰਾਰ ਦਿੱਤਾ।
ਮੁੱਖ ਮੰਤਰੀ ਦੇ ਹੁਕਮਾਂ 'ਤੇ ਦੋ ਦਰਜਨ ਗ਼ੈਰ-ਕਾਨੂੰਨੀ ਦੁਕਾਨਾਂ 'ਤੇ ਕੀਤੀ ਸੀ ਕਾਰਵਾਈ
ਨਗਰ ਨਿਗਮ ਲੁਧਿਆਣਾ (Ludhiana Municipal Corporation) ਵੱਲੋਂ ਬੁੱਧਵਾਰ ਦੋ ਦਰਜਨ ਤੋਂ ਵੱਧ ਗ਼ੈਰ-ਕਾਨੂੰਨੀ ਤਰੀਕੇ ਨਾਲ ਬਣੀਆਂ ਦੁਕਾਨਾਂ 'ਤੇ ਨੋਟਿਸ ਚਿਪਕਾ ਕੇ ਉਨ੍ਹਾਂ ਨੂੰ ਸੀਲ ਕਰ ਦਿੱਤਾ ਸੀ। ਇਹ ਸਾਰੀਆਂ ਦੁਕਾਨਾਂ ਸ਼ਹਿਰ ਦੇ ਕ੍ਰਿਸ਼ਨਾ ਮੰਦਰ ਨੇੜੇ ਸਥਿਤ ਮਾਡਲ ਟਾਊਨ 'ਚ ਸਥਿਤ ਹਨ। ਨਗਰ ਨਿਗਮ ਵੱਲੋਂ ਦੁਕਾਨਾਂ ਸੀਲ ਕਰਨ ਦੇ ਖਿਲਾਫ਼ ਦੁਕਾਨਦਾਰਾਂ ਨੇ ਜਦੋਂ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਤਾਂ ਪਤਾ ਲੱਗਣ 'ਤੇ ਵਿਧਾਇਕ ਗੁਰਪ੍ਰੀਤ ਗੋਗੀ ਵੀ ਮੌਕੇ 'ਤੇ ਪਹੁੰਚ ਗਏ। ਵਿਧਾਇਕ ਗੋਗੀ ਨੇ ਜਦੋਂ ਨਿਗਮ ਅਧਿਕਾਰੀਆਂ ਨੂੰ ਫੋਨ ਕੀਤਾ ਪਰ ਅਧਿਕਾਰੀ ਨਹੀਂ ਪਹੁੰਚੇ ਤਾਂ ਉਨ੍ਹਾਂ ਨੇ ਹੀ ਖੁਦ ਦੁਕਾਨਾਂ 'ਤੇ ਲੱਗੀਆਂ ਸਰਕਾਰੀ ਸੀਲਾਂ ਨੂੰ ਕੈਂਚੀ ਨਾਲ ਕੱਟ ਦਿੱਤਾ।
ਦੱਸ ਦੇਈਏ ਕਿ ਇਨ੍ਹਾਂ ਦੁਕਾਨਾਂ 'ਤੇ ਕਾਰਵਾਈ ਲਈ ਕੁੱਝ ਦਿਨ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਮਾਨ (CM Mann) ਵੱਲੋਂ ਨਿਗਮ ਅਧਿਕਾਰੀਆਂ ਨੂੰ ਲਿਖਤੀ ਹੁਕਮ ਕੀਤੇ ਗਏ ਸਨ। ਮੁੱਖ ਮੰਤਰੀ ਵੱਲੋਂ ਸਾਰੇ ਲੁਧਿਆਣਾ ਸ਼ਹਿਰ ਵਿੱਚ ਗੈਰ ਕਾਨੂੰਨੀ ਇਮਾਰਤਾਂ ਵਿਰੁੱਧ ਸਖਤ ਕਾਰਵਾਈ ਲਈ ਲਿਖਿਆ ਗਿਆ ਸੀ, ਜਿਸ 'ਤੇ ਨਿਗਮ ਅਧਿਕਾਰੀਆਂ ਨੇ ਕਾਰਵਾਈ ਕਰਦੇ ਹੋਏ ਉਕਤ ਦੁਕਾਨਾਂ ਸੀਲ ਕੀਤੀਆਂ ਸਨ।
ਮੇਰੇ ਹਲਕੇ 'ਚ ਧੱਕੇਸ਼ਾਹੀ ਬਰਦਾਸ਼ਤ ਨਹੀਂ: ਗੋਗੀ
ਇਸ ਮੌਕੇ ਆਪਣੀ ਹੀ ਸਰਕਾਰ ਖਿਲਾਫ਼ ਮੋਰਚਾ ਖੋਲ੍ਹੇ ਜਾਣ 'ਤੇ ਵਿਧਾਇਕ ਗੋਗੀ ਨੇ ਕਿਹਾ ਕਿ ਉਨ੍ਹਾਂ ਨੇ ਖੁਦ ਇਹ ਦੁਕਾਨਾਂ ਦੀਆਂ ਸੀਲਾਂ ਤੋੜੀਆਂ ਹਨ, ਕਿਉਂਕਿ ਨਗਰ ਨਿਗਮ ਧੱਕਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਦੁਕਾਨਾਂ ਨੂੰ ਕਾਨੂੰਨੀ ਤਰੀਕੇ ਨਾਲ ਸੀਲ ਨਹੀਂ ਕੀਤਾ ਗਿਆ ਸੀ, ਸਗੋਂ ਗ਼ੈਰ ਕਾਨੂੰਨੀ ਤੌਰ 'ਤੇ ਸੀਲ ਹੋਈਆਂ ਸਨ। ਉਨ੍ਹਾਂ ਕਿਹਾ ਕਿ ਉਹ ਆਪਣੇ ਹਲਕੇ ਵਿੱਚ ਨਿਗਮ ਅਧਿਕਾਰੀਆਂ ਦੀ ਅਜਿਹੀ ਕੋਈ ਧੱਕੇਸ਼ਾਹੀ ਨਹੀਂ ਹੋਣ ਦੇਣਗੇ।