ਸਵਾਗਤ ਨਾ ਹੋਣ ਕਾਰਨ ਨਾਰਾਜ਼ ਹੋਏ MLA ਸਾਬ੍ਹ! ਗੁੱਸੇ 'ਚ ਸਪੀਕਰ ਨੂੰ ਕੀਤੀ ਸ਼ਿਕਾਇਤ, ਸਕੂਲ ਕਰਮਚਾਰੀ ਤਲਬ
AAP MLA Amolak Singh : ਵਿਧਾਇਕ ਵੱਲੋਂ ਕਿਹਾ ਗਿਆ ਹੈ ਕਿ ਪਰ ਇਸ ਦੌਰਾਨ ਕਿਸੇ ਵੱਲੋਂ ਵੀ ਉਸ ਨੂੰ ਰਿਸੀਵ ਨਹੀਂ ਕੀਤਾ ਗਿਆ ਅਤੇ ਨਾ ਹੀ ਸਵਾਗਤ ਕੀਤਾ ਗਿਆ, ਕੋਈ ਵੀ ਉਨ੍ਹਾਂ ਦੇ ਸਕੂਲ ਦੇ ਦੌਰੇ ਦੌਰਾਨ ਕਮਰਿਆਂ ਵਿਚੋਂ ਬਾਹਰ ਨਹੀਂ ਨਿਕਲਿਆ।
Government School Godara : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦੇ ਵਿਧਾਇਕਾਂ ਦੇ ਲਗਾਤਾਰ ਚਰਚੇ ਹੋ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਫ਼ਰੀਦਕੋਟ ਜ਼ਿਲ੍ਹੇ ਦੇ ਜੈਤੋ ਤੋਂ ਵਿਧਾਇਕ ਅਮੋਲਕ ਸਿੰਘ ਦਾ ਸਾਹਮਣੇ ਆਇਆ ਹੈ, ਜਿਨ੍ਹਾਂ ਨੇ ਸਕੂਲ 'ਚ ਸਵਾਗਤ ਨਾ ਹੋਣ ਕਾਰਨ ਸਕੂਲ ਅਧਿਆਪਕਾਂ ਦੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਚਿੱਠੀ ਲਿਖ ਦਿੱਤੀ, ਜਿਸ ਪਿੱਛੋਂ ਸਪੀਕਰ ਵੱਲੋਂ ਇਨ੍ਹਾਂ ਦੀ ਪੇਸ਼ੀਨਗੋਈ ਵੀ ਕੀਤੀ ਗਈ ਹੈ।
ਵਿਧਾਇਕ ਨੇ ਕੀ ਕੀਤੀ ਸ਼ਿਕਾਇਤ?
ਪੱਤਰ ਅਨੁਸਾਰ ਵਿਧਾਇਕ ਵੱਲੋਂ ਲੰਘੀ 17 ਸਤੰਬਰ ਨੂੰ ਸਰਕਾਰੀ ਪ੍ਰਾਇਮਰੀ ਸਕੂਲ, ਗੋਦਾਰਾ ਵਿਖੇ ਚੈਕਿੰਗ ਕੀਤੀ ਗਈ ਸੀ, ਜਿਸ ਦੌਰਾਨ ਸਕੂਲ ਹੈਡ ਮਾਸਟਰ ਹਰਵਿੰਦਰ ਸਿੰਘ ਤੋਂ ਇਲਾਵਾ ਪਰਮਜੀਤ ਕੌਰ, ਗੀਤਾ ਰਾਣੀ ਤੇ ਕੁਲਵਿੰਦਰ ਕੌਰ ਸਮੇਤ ਸਟਾਫ਼ ਮੌਕੇ 'ਤੇ ਮੌਜੂਦ ਸੀ। ਵਿਧਾਇਕ ਵੱਲੋਂ ਕਿਹਾ ਗਿਆ ਹੈ ਕਿ ਪਰ ਇਸ ਦੌਰਾਨ ਕਿਸੇ ਵੱਲੋਂ ਵੀ ਉਸ ਨੂੰ ਰਿਸੀਵ ਨਹੀਂ ਕੀਤਾ ਗਿਆ ਅਤੇ ਨਾ ਹੀ ਸਵਾਗਤ ਕੀਤਾ ਗਿਆ, ਕੋਈ ਵੀ ਉਨ੍ਹਾਂ ਦੇ ਸਕੂਲ ਦੇ ਦੌਰੇ ਦੌਰਾਨ ਕਮਰਿਆਂ ਵਿਚੋਂ ਬਾਹਰ ਨਹੀਂ ਨਿਕਲਿਆ।
ਸ਼੍ਰੋਮਣੀ ਅਕਾਲੀ ਦਲ ਨੇ ਚੁੱਕੇ ਸਵਾਲ
ਵਿਧਾਇਕ ਵੱਲੋਂ ਸਵਾਗਤ ਨਾ ਹੋਣ ਕਰਕੇ ਨਾਰਾਜ਼ਗੀ 'ਚ ਸਪੀਕਰ ਨੂੰ ਚਿੱਠੀ ਲਿਖਣ ਦਾ ਇਹ ਮਾਮਲਾ ਸੋਸ਼ਲ ਮੀਡੀਆ 'ਤੇ ਵੀ ਤੇਜ਼ੀ ਨਾਲ ਫੈਲ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਇਸ ਪੱਤਰ ਦੀ ਕਾਪੀ ਸਾਂਝੀ ਕੀਤੀ ਗਈ ਅਤੇ ਸਵਾਲ ਵੀ ਚੁੱਕੇ ਗਏ ਹਨ। ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਸਕੂਲਾਂ ਦੇ ਹਾਲਾਤ ਪਹਿਲਾਂ ਹੀ ਤਰਸਯੋਗ ਹਨ ਅਤੇ ਸਕੂਲਾਂ ਵਿੱਚ ਸਟਾਫ ਦੀ ਪਹਿਲਾਂ ਹੀ ਕਮੀ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਵੱਲੋਂ ਦੋਸ਼ ਲਗਾਏ ਜਾ ਰਹੇ ਹਨ ਕਿ ਸਕੂਲ ਦਾ ਹੈੱਡਮਾਸਟਰ ਹਰਵਿੰਦਰ ਸਿੰਘ ਅਤੇ ਸਟਾਫ ਉਹਨਾਂ ਦਾ ਦੇ ਸਵਾਗਤ ਲਈ ਬਾਹਰ ਨਹੀਂ ਆਏ ਅਤੇ ਕਲਾਸ ਰੂਮਾਂ ਵਿੱਚ ਹੀ ਬੱਚਿਆਂ ਨੂੰ ਪੜਾਉਂਦੇ ਰਹੇ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਸਪੀਕਰ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਵੀ ਉਕਤ ਸ਼ਿਕਾਇਤ 'ਤੇ ਕਾਰਵਾਈ ਕਰਦੇ ਸਟਾਫ ਅਤੇ ਹੈੱਡਮਾਸਟਰ ਨੂੰ ਵਿਧਾਨ ਸਭਾ ਸਪੀਕਰ ਦੇ ਦਫ਼ਤਰ ਵਿੱਚ ਸਪਸ਼ਟੀਕਰਨ ਦੇਣ ਲਈ ਬੁਲਾ ਲਿਆ।
ਮਜੀਠੀਆ ਨੇ ਕਿਹਾ ਕਿ ਪਹਿਲੀ ਗੱਲ ਤਾਂ ਇਹ ਹੈ ਕਿ MLA ਇਹ ਦੱਸਣ ਦੀ ਖੇਚਲ ਕਰੋ ਕਿ ਅਧਿਆਪਕਾਂ ਦਾ ਪਹਿਲਾ ਕੰਮ ਬੱਚਿਆਂ ਨੂੰ ਪੜਾਉਣਾ ਹੈ ਜਾਂ ਵਿਧਾਇਕ ਦੇ ਸਵਾਗਤ ਕਰਨੇ ਹਨ?