ਘਰ ਨਹੀਂ ਪਹੁੰਚੀ 'AAP Ki Sarkar' ਤਾਂ ਖੁਦ ਹੀ ਡੀਸੀ ਦਫਤਰ ਪਹੁੰਚ ਗਈ 98 ਸਾਲਾਂ ਬਜ਼ੁਰਗ, ਜਾਣੋ ਪੂਰਾ ਮਾਮਲਾ

Fazilka News : ਬੇਬੇ ਜਿਵੇਂ-ਤਿਵੇਂ ਪੌੜੀਆਂ ਚੜ੍ਹ ਕੇ ਉਪਰਲੀ ਮੰਜਿਲ 'ਤੇ ਪਹੁੰਚ ਤਾਂ ਜਾਂਦੀ ਹੈ। ਇਥੇ ਵੀ ਬੇਬੇ ਨੂੰ ਕਮਰੇ ਬਾਰੇ ਪਤਾ ਨਹੀਂ ਲੱਗਿਆ ਅਤੇ ਇਧਰ-ਉਧਰ ਕਈ ਗੇੜੇ ਵੀ ਕੱਟਣੇ ਪਏ। ਉਪਰੰਤ ਕੁਝ ਨੌਜਵਾਨ ਬੇਬੇ ਨੂੰ ਸਮਾਜਿਕ ਸੁਰੱਖਿਆ ਦੇ ਦਫਤਰ ਤੱਕ ਪਹੁੰਚ ਕੇ ਆਏ।

By  KRISHAN KUMAR SHARMA September 24th 2024 12:27 PM -- Updated: September 24th 2024 03:20 PM

AAP ki Sarkar AAP Ke Dwar : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਲੋਕਾਂ ਨੂੰ ਘਰ ਬੈਠੇ ਸਰਕਾਰੀ ਸਹੂਲਤਾਂ ਦੇ ਦਾਅਵੇ ਤਾਂ ਕੀਤੇ ਜਾ ਰਹੇ ਹਨ, ਪਰ ਜ਼ਮੀਨੀ ਪੱਧਰ 'ਤੇ ਇਹ ਖੋਖਲੇ ਹੀ ਸਾਬਤ ਹੋ ਰਹੇ ਹਨ। ਇਨ੍ਹਾਂ ਦਾਅਵਿਆਂ ਦੀ ਫੂਕ ਫਾਜ਼ਿਲਕਾ 'ਚ ਉਦੋਂ ਨਿਕਲਦੀ ਵਿਖਾਈ ਦਿੱਤੀ ਜਦੋਂ ਇੱਕ 98 ਸਾਲ ਦੀ ਬਜ਼ੁਰਗ ਔਰਤ ਨੂੰ ਪੈਨਸ਼ਨ ਸਬੰਧੀ ਡੀਸੀ ਦਫਤਰ ਦੇ ਚੱਕਰ ਕੱਟਣੇ ਪਏ। ਬਜ਼ੁਰਗ ਔਰਤ ਦੀ ਇਸ ਪ੍ਰੇਸ਼ਾਨੀ ਨੂੰ ਲੈ ਕੇ ਵਿਧਾਇਕ ਵੀ ਹੈਰਾਨ ਰਹਿ ਗਏ ਅਤੇ ਉਨ੍ਹਾਂ ਨੇ ਇਸ ਸਬੰਧੀ ਡੀਸੀ ਦਫਤਰ ਦੇ ਅਧਿਕਾਰੀਆਂ ਖਿਲਾਫ਼ ਕਾਰਵਾਈ ਦੀ ਗੱਲ ਕਹੀ ਹੈ।

ਜਾਣਕਾਰੀ ਅਨੁਸਾਰ ਜ਼ਿਲ੍ਹਾ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਕੰਪਲੈਕਸ ਵਿੱਚ ਇੱਕ 98 ਸਾਲਾ ਬਜੁਰਗ ਬੇਬੇ ਕਰਤਾਰੋ ਬਾਈ ਵਾਸੀ ਪਿੰਡ ਸੁਖੇਰਾ ਆਪਣੀ ਪੋਤ ਨੂੰਹ ਦੇ ਨਾਲ ਪੈਨਸ਼ਨ ਦੇ ਸਬੰਧ ਵਿੱਚ ਦਫਤਰ ਪਹੁੰਚੀ ਸੀ। ਡੀਸੀ ਦਫਤਰ ਵਿਚ ਬਣਾਏ ਗਏ ਮੁੱਖ ਮੰਤਰੀ ਸਹਾਇਤਾ ਕੇਂਦਰ ਤੱਕ ਬੜੀ ਮੁਸ਼ਕਿਲ ਨਾਲ ਬਸ ਰਾਹੀਂ ਬੇਬੇ ਪਹੁੰਚੀ। ਉਸ ਦੀ ਇਹ ਜੱਦੋ-ਜਹਿਦ ਇਥੇ ਹੀ ਖਤਮ ਨਹੀਂ ਹੋਈ ਸੀ, ਸਗੋਂ ਸ਼ੁਰੂ ਹੋਈ ਸੀ।

ਜਦੋਂ ਬਜ਼ੁਰਗ ਬੇਬੇ ਅਜੇ ਮੁੱਖ ਮੰਤਰੀ ਸਹਾਇਤਾ ਕੇਂਦਰ ਦੇ ਹੈਲਪ ਡੈਸਕ 'ਤੇ ਪਹੁੰਚੀ ਅਤੇ ਪੈਨਸ਼ਨ ਬਾਰੇ ਜਾਣਕਾਰੀ ਲਈ ਪੁੱਛਿਆ ਤਾਂ ਉਸ ਨੂੰ ਉਪਰਲੀ ਮੰਜਿਲ 'ਤੇ ਜਾਣ ਲਈ ਕਿਹਾ ਜਾਂਦਾ ਹੈ। ਹਾਲਾਂਕਿ ਬੇਬੇ ਦੀ ਮੁਸ਼ਕਿਲ ਦਾ ਹੱਲ ਉਥੇ ਹੀ ਬਿਠਾ ਕੇ ਕਰਨਾ ਬਣਦਾ ਸੀ। ਪਰ ਬੇਬੇ ਜਿਵੇਂ-ਤਿਵੇਂ ਪੌੜੀਆਂ ਚੜ੍ਹ ਕੇ ਉਪਰਲੀ ਮੰਜਿਲ 'ਤੇ ਪਹੁੰਚ ਤਾਂ ਜਾਂਦੀ ਹੈ। ਇਥੇ ਵੀ ਬੇਬੇ ਨੂੰ ਕਮਰੇ ਬਾਰੇ ਪਤਾ ਨਹੀਂ ਲੱਗਿਆ ਅਤੇ ਇਧਰ-ਉਧਰ ਕਈ ਗੇੜੇ ਵੀ ਕੱਟਣੇ ਪਏ। ਉਪਰੰਤ ਕੁਝ ਨੌਜਵਾਨ ਬੇਬੇ ਨੂੰ ਸਮਾਜਿਕ ਸੁਰੱਖਿਆ ਦੇ ਦਫਤਰ ਤੱਕ ਪਹੁੰਚ ਕੇ ਆਏ।

ਜਦੋਂ ਇਸ ਸਬੰਧੀ ਸਮਾਜਿਕ ਸੁਰੱਖਿਆ ਮਹਿਕਮੇ ਵਿੱਚ ਅਧਿਕਾਰੀ ਨਾਲ ਗੱਲਬਾਤ ਲਈ ਦਫ਼ਤਰ ਵਿੱਚ ਸੰਪਰਕ ਕੀਤਾ ਜਾਂਦਾ ਹੈ ਤਾਂ ਪਤਾ ਲੱਗਿਆ ਕਿ ਅਫ਼ਸਰ ਕੋਲ ਤਿੰਨ ਜ਼ਿਲ੍ਹਿਆਂ ਦਾ ਚਾਰਜ ਹੈ ਤੇ ਉਹ ਤਾਂ ਕਦੇ-ਕਦੇ ਹੀ ਦਫ਼ਤਰ ਆਉਂਦੇ ਹਨ। ਡਾਟਾ ਅਪਰੇਟਰ ਦਾ ਕਹਿਣਾ ਸੀ ਕਿ ਬੇਬੇ ਪੈਨਸ਼ਨ ਸਬੰਧੀ ਦਫ਼ਤਰ ਆਈ ਸੀ ਅਤੇ ਉਸ ਦੱਸ ਦਿੱਤਾ ਗਿਆ ਸੀ ਕਿ ਪੈਨਸ਼ਨ ਆ ਰਹੀ ਹੈ।

ਉਧਰ, ਜਦੋਂ ਇਸ ਸਬੰਧੀ ਡੀਸੀ ਦਫਤਰ ਪਹੁੰਚੇ ਜਲਾਲਾਬਾਦ ਦੇ ਵਿਧਾਇਕ ਗੋਲਡੀ ਕੰਬੋਜ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਹੈਰਾਨੀ ਜਤਾਈ ਅਤੇ ਕਿਹਾ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੋਇਆ ਹੈ ਤਾਂ ਇਸਦੇ ਲਈ ਡੀਸੀ ਦਫਤਰ ਦੇ ਅਧਿਕਾਰੀ ਜ਼ਿੰਮੇਵਾਰ ਹਨ ਅਤੇ ਉਹ ਇਸ ਮਾਮਲੇ ਬਾਰੇ ਡੀਸੀ ਨਾਲ ਗੱਲ ਕਰਨਗੇ ਅਤੇ ਜ਼ਿੰਮੇਵਾਰ ਅਧਿਕਾਰੀ ਖਿਲਾਫ ਬਣਦੀ ਕਾਰਵਾਈ ਹੋਵੇਗੀ।

Related Post