ਆਪ ਸਰਕਾਰ ਕਿਸਾਨਾਂ ਦਾ ਦਿੱਲੀ ਮਾਰਚ ਰੋਕਣ ਵਾਸਤੇ ਕੇਂਦਰ ਨਾਲ ਰਲੀ- ਹਰਸਿਮਰਤ ਕੌਰ ਬਾਦਲ

ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਸਿਰਫ ਅਕਾਲੀ ਦਲ ਨੂੰ ਹੀ ਵੋਟਾਂ ਲੈਣ ਦਾ ਹੱਕ ਹੈ। ਉਹਨਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ’ਦਲ ਬਦਲੂ’ ਕਾਂਗਰਸ ਉਮੀਦਵਾਰ ਨੂੰ ਵੀ ਉਤਸ਼ਾਹਿਤ ਨਾ ਕਰਨ।

By  Amritpal Singh May 10th 2024 06:07 PM

ਬਠਿੰਡਾ: ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਦੇ ਐਮ ਪੀ ਹਰਸਿਮਰਤ ਕੌਰ ਬਾਦਲ ਨੇ ਅੱਜ ਖੇਤੀਬਾੜੀ ਮੰਤਰੀ ਤੇ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਗੁਰਮੀਤ ਸਿਘ ਖੁੱਡੀਆਂ ਨੂੰ ਪੁੱਛਿਆ ਕਿ ਕਿਸਾਨਾਂ ਦੀਆਂ ਗੁਲਾਬੀ ਸੁੰਡੀ ਨਾਲ ਨਰਮੇ ਤੇ ਗੜ੍ਹੇਮਾਰੀ ਕਾਰਨ ਝੋਨੇ ਦੀ ਫਸਲ ਦੇ ਹੋਏ ਨੁਕਸਾਨੇ ਦਾ ਮੁਆਵਜ਼ਾ ਦੇਣ ਤੋ ਨਾਂਹ ਕਰਨ ਦੇ ਬਾਵਜੂਦ ਉਹ ਉਹਨਾਂ ਤੋਂ ਵੋਟਾਂ ਕਿਵੇਂ ਮੰਗ ਰਹੇ ਹੋ ?

ਬਠਿੰਡਾ ਦੇ ਐਮ ਪੀ, ਜਿਹਨਾਂ ਨੇ ਆਪਣੀ ਚੋਣ ਪ੍ਰਚਾਰ ਮੁਹਿੰਮ ਤਹਿਤ ਭੁੱਚੋ ਮੰਡੀ ਵਿਧਾਨ ਸਭਾ ਹਲਕੇ ਵਿਚ ਅਨੇਕਾਂ ਮੀਟਿੰਗਾਂ ਨੂੰ ਸੰਬੋਧਨ ਕੀਤਾ, ਕਿਹਾ ਕਿ ਇਹ ਹੈਰਾਨੀ ਵਾਲੀ ਪਰ ਸੱਚਾਈ ਵਾਲੀ ਗੱਲ ਹੈ ਕਿ ਖੇਤੀਬਾੜੀ ਮੰਤਰੀ ਨੇ ਇਹ ਵੀ ਕਿਹਾ ਹੈ ਕਿ ਉਹਨਾਂ ਦੀ ਪਾਰਟੀ ਵੱਲੋਂ ਸਾਰੀਆਂ ਫਸਲਾਂ ’ਤੇ ਐਮ ਐਸ ਪੀ ਦੇਣ ਦਾ ਵਾਅਦਾ ਇਕ ਜੁਮਲਾ ਹੀ ਸੀ ਤੇ ਸਰਕਾਰ ਦਾ ਇਹ ਐਮ ਐਸ ਪੀ ਦੇਣ ਦਾ ਕੋਈ ਇਰਾਦਾ ਨਹੀਂ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਕਿਸਾਨਾਂ ਨਾਲ ਉਹਨਾਂ ਦੀ ਸਾਰੀ ਨਰਮੇ, ਮੱਕੀ ਅਤੇ ਦਾਲਾਂ ਦੀ ਫਸਲ ਖਰੀਦਣ ਦੇ ਕੀਤੇ ਵਾਅਦੇ ਤੋਂ ਵੀ ਭੱਜ ਗਈ ਹੈ। ਉਹਨਾਂ ਕਿਹਾ ਕਿ ਦੂਜੇ ਪਾਸੇ ਪਿਛਲੀ ਅਕਾਲੀ ਦਲ ਦੀ ਸਰਕਾਰ ਨੇ ਚਿੱਟੀ ਮੱਖੀ ਦੇ ਹਮਲੇ ਨਾਲ ਫਸਲਾਂ ਦੇ ਹੋਏ ਨੁਕਸਾਨ ਲਈ ਕਿਸਾਨਾਂ ਦੇ ਨਾਲ-ਨਾਲ ਖੇਤ ਮਜ਼ਦੂਰਾਂ ਨੂੰ ਵੀ ਮੁਆਵਜ਼ਾ ਦਿੱਤਾ ਸੀ।

ਬਾਦਲ ਨੇ ਕਿਹਾ ਕਿ ਇਥੇ ਹੀ ਬੱਸ ਨਹੀਂ ਆਪ ਸਰਕਾਰ ਕੇਂਦਰ ਨਾਲ ਮਿਲ ਕੇ ਪੰਜਾਬ ਦੇ ਕਿਸਾਨਾਂ ਦੇ ਦਿੱਲੀ ਮਾਰਚ ਨੂੰ ਰੋਕ ਕੇ ਬੈਠੀ ਹੈ। ਸਾਡੇ ਕਿਸਾਨਾਂ ਦੀਆਂ ਅੱਖਾਂ ਵਿਚ ਹੰਝੂ ਹਨ, ਉਹਨਾਂ ਨੂੰ ਰੱਬੜ ਦੀਆਂ ਛੋਟੀਆਂ ਤੇ ਅਸਲੀ ਗੋਲੀਆਂ ਨਾਲ ਪੰਜਾਬ ਦੀ ਧਰਤੀ ’ਤੇਹੀ  ਮਾਰਿਆ ਜਾ ਰਿਹਾ ਹੈ ਪਰ ਇਸ ਸਰਕਾਰ ਨੇ ਇਸ ਸਭ ਲਈ ਜ਼ਿੰਮੇਵਾਰ ਹਰਿਆਣਾ ਦੇ ਅਧਿਕਾਰੀਆਂ ਖਿਲਾਫ ਕੋਈ ਕੇਸ ਦਰਜ ਨਹੀਂ ਕੀਤਾ। ਉਹਨਾਂ ਕਿਹਾ ਕਿ ਜਦੋਂ ਇਹ ਸਭ ਕੁਝ ਹੋਇਆ ਤਾਂ ਉਸ ਵੇਲੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਕਿਥੇ ਸਨ ?ਉਹਨਾਂ ਨੇ ਕਿਸਾਨਾਂ ਦੇ ਹੱਕ ਵਿਚ ਆਵਾਜ਼ ਕਿਉਂ ਬੁਲੰਦ ਨਹੀਂ ਕੀਤੀ ਤੇ ਉਹਨਾਂ ਲਈ ਨਿਆਂ ਕਿਉਂ ਨਹੀਂ ਮੰਗਿਆ ?

ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਸਿਰਫ ਅਕਾਲੀ ਦਲ ਨੂੰ ਹੀ ਵੋਟਾਂ ਲੈਣ ਦਾ ਹੱਕ ਹੈ। ਉਹਨਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ’ਦਲ ਬਦਲੂ’ ਕਾਂਗਰਸ ਉਮੀਦਵਾਰ ਨੂੰ ਵੀ ਉਤਸ਼ਾਹਿਤ ਨਾ ਕਰਨ। ਉਹਨਾਂ ਕਿਹਾ ਕਿ ਅਜਿਹੇ ਦਲ ਬਦਲੂ ਪਲਕ ਝਪਕਦਿਆਂ ਹੀ ਪਾਰਟੀਆਂ ਬਦਲ ਲੈਂਦੇ ਹਨ ਤੇ ਇਹਨਾਂ ਕੋਲਂ ਤੁਹਾਡੇ ਹੱਕਾਂ ਲਈ ਲੜਨ ਦੀ ਆਸ ਨਹੀਂ ਕੀਤੀ ਜਾ ਸਕਦੀ।

ਬਠਿੰਡਾ ਦੇ ਐਮ ਪੀ ਨੇ ਕਾਂਗਰਸ ਤੇ ਆਪ ’ਤੇ ਹਮਲਾ ਬੋਲਦਿਆਂ ਕਿਹਾ ਕਿ ਦੋਵੇਂ ਪਾਰਟੀਆਂ ਕੇਂਦਰ ਵਿਚ ਰਲ ਕੇ ਚੋਣਾਂ ਲੜ ਰਹੀਆਂ ਹਨ ਪਰ ਪੰਜਾਬ ਵਿਚ ਵੱਖੋ-ਵੱਖ ਹੋਣ ਦਾ ਦਾਅਵਾ ਕਰ ਕੇ ਪੰਜਾਬੀਆਂ ਨੂੰ ਮੂਰਖ ਬਣਾ ਰਹੀਆਂ ਹਨ। ਉਹਨਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਨੇ ਪੂਰਨ ਕਰਜ਼ਾ ਮੁਆਫੀ, ਘਰ ਘਰ ਰੋਜ਼ਗਾਰ ਤੇ 2500 ਰੁਪਏ ਬੇਰੋਜ਼ਗਾਰੀ ਭੱਤੇ ਦਾ ਲਾਅਰਾ ਲਗਾ ਕੇ ਲੋਕਾਂ ਨੂੰ ਮੂਰਖ ਬਣਾਇਆ ਤੇ ਆਪ ਸਰਕਾਰ ਹੁਣ ਨਸ਼ਿਆਂ ਦੇ ਪਸਾਰ ਦੀ ਪੁਸ਼ਤ ਪਨਾਹੀ ਕਰ ਰਹੀ ਹੈ ਜਦੋਂ ਕਿ ਇਸ ਨੇ 10 ਦਿਨਾਂ ਵਿਚ ਨਸ਼ਾ ਖਤਮ ਦਾ ਵਾਅਦਾ ਕੀਤਾ ਸੀ। ਉਹਨਾਂ ਨੇ ਔਰਤਾਂ ਨੂੰ ਸੱਦਾ ਦਿੱਤਾ ਕਿ ਜਦੋਂ ਆਪ ਆਗੂ ਉਹਨਾਂ ਕੋਲ ਵੋਟਾਂ ਮੰਗਣ ਆਉਦ ਤਾਂ ਉਹ ਪਹਿਲਾਂ ਦੋ ਸਾਲਾਂ ਦੇ ਇਕ-ਇਕ ਹਜ਼ਾਰ ਰੁਪਏ ਦੇ ਹਿਸਾਬ ਨਾਲ 24-24 ਹਜ਼ਾਰ ਰੁਪਏ ਦਾ ਹਿਸਾਬ ਮੰਗਣ।

ਬਾਦਲ ਨੇ ਇਹ ਵੀ ਦੱਸਿਆਕਿ ਕਿਵੇਂ ਕਾਂਗਰਸ ਸਰਕਾਰ ਨੇ ਆਟਾ ਦਾਲ ਸਕੀਮ ਵਿਚੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਦਿੱਤੀ ਜਾ ਰਹੀ 30 ਕਿਲੋ ਕਣਕ ਨੂੰ ਘਟਾ ਕੇ 15 ਕਿਲੋ ਕਰ ਦਿੱਤਾ ਸੀ। ਹੁਣ ਮੌਜੂਦਾ ਆਪ ਸਰਕਾਰ ਨੇ ਇਸ ਵਿਚ ਹੋਰ ਕਟੌਤੀ ਕਰਦਿਆਂ ਸਿਰਫ 5 ਕਿਲੋ ਆਟੇ ਤੱਕ ਇਸਨੂੰ ਸੀਮਤ ਕਰ ਦਿੱਤਾ ਹੈ। ਉਹਨਾਂ ਨੇ ਆਪ ਸਰਕਾਰ ਵੱਲੋਂ ਗਰੀਬਾਂ ਲਈ ਸਮਾਜ ਭਲਾਈ ਲਾਭ ਵਿਚ ਵੀ ਕਟੌਤੀ ਕਰਨ ਦੀ ਨਿਖੇਧੀਕੀਤੀ। ਉਹਨਾਂ ਕਿਹਾ ਕਿ ਸ਼ਗਨਸਕੀਮ  ਬੰਦ ਕਰ ਦਿੱਤੀ ਗਈ ਹੈ ਤੇ ਇਸੇ ਲਈ ਲੜਕੀਆਂ ਲਈ ਮੁਫਤ ਸਾਇਕਲ ਸਕੀਮ ਤੇ ਦਲਿਤ ਵਿਦਿਆਰਥੀਆਂ ਲਈ ਐਸ ਸੀ ਸਕਾਲਰਸ਼ਿਪ ਸਕੀਮ ਬੰਦ ਹੈ।

Related Post