ਪੰਜਾਬ 'ਚ 'ਆਪ' ਦੀ ਸਰਕਾਰ ਹੋਈ ਫੇਲ੍ਹ : ਬਾਜਵਾ

By  Pardeep Singh December 30th 2022 05:49 PM -- Updated: December 30th 2022 05:51 PM

ਚੰਡੀਗੜ੍ਹ: ਕਾਂਗਰਸ ਦੇ ਸੀਨੀਅਰ ਆਗੂ  ਪ੍ਰਤਾਪ ਸਿੰਘ ਬਾਜਵਾ ਨੇ ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸਾਲ ਦੇ ਅੰਤ ਵਿੱਚ ਕਾਰਗੁਜ਼ਾਰੀ ਦਾ ਮੁਲਾਂਕਣ ਕਰਦੇ ਹੋਏ ਕਿਹਾ ਕਿ ਵੱਡੇ-ਵੱਡੇ ਦਾਅਵਿਆਂ ਦੇ ਬਾਵਜੂਦ, 'ਆਪ' ਜ਼ਿਆਦਾਤਰ ਖੇਤਰਾਂ ਵਿੱਚ ਸਾਰਥਿਕ ਕੰਮ ਕਰਨ ਵਿੱਚ ਅਸਫ਼ਲ ਰਹੀ ਹੈ। 


ਬਾਜਵਾ ਨੇ ਅੱਗੇ ਕਿਹਾ ਹੈ ਕਿ ਅਸਲ ਵਿੱਚ 'ਆਪ' ਸਰਕਾਰ ਨੇ, ਆਪਣੇ 10 ਮਹੀਨਿਆਂ ਦੇ ਸ਼ਾਸਨ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਗ਼ਲਤ ਨੀਤੀਆਂ, ਗ਼ਲਤ ਵਿਕਲਪਾਂ ਅਤੇ ਪੂਰੀ ਤਰਾਂ ਨਾਲ ਢਿੱਲੇ ਰਵੱਈਏ ਨਾਲ ਸੂਬੇ ਦੀ ਤਰੱਕੀ ਨੂੰ ਬੈਕ ਗਿਅਰ ਵਿੱਚ ਪਾ ਦਿੱਤਾ ਹੈ।

ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਚੋਣਾਂ ਤੋਂ ਪਹਿਲਾਂ ਅਤੇ ਬਾਅਦ 'ਚ ਦਿੱਤੇ ਆਪਣੇ ਭਰੋਸੇ ਨੂੰ ਪੂਰਾ ਕਰਨ 'ਚ ਬੁਰੀ ਤਰਾਂ ਅਸਫ਼ਲ ਰਹੀ ਹੈ। ਇਹ ਸਰਕਾਰ ਨਾ ਤਾਂ ਸੂਬੇ ਦੀ ਆਰਥਿਕ ਸਥਿਤੀ ਨੂੰ ਉੱਚਾ ਚੁੱਕ ਸਕੀ ਹੈ, ਜੋ ਕਿ ਪਹਿਲਾਂ ਹੀ ਤੰਗੀ ਨਾਲ ਜੂਝ ਰਹੀ ਹੈ ਅਤੇ ਨਾ ਹੀ ਇਹ ਪੰਜਾਬ ਦੀ ਵਿਗੜਦੀ ਕਾਨੂੰਨ ਵਿਵਸਥਾ ਨੂੰ ਸੁਧਾਰ ਸਕੀ ਹੈ।

ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਮਾਹਿਰਾਂ ਨੇ ਅਨੁਮਾਨ ਲਗਾਇਆ ਹੈ ਕਿ ਇਸ ਵਿੱਤੀ ਸਾਲ ਦੇ ਅੰਤ ਤੱਕ ਪੰਜਾਬ ਦਾ ਕਰਜ਼ਾ 3 ਲੱਖ ਕਰੋੜ ਰੁਪਏ ਨੂੰ ਪਾਰ ਕਰ ਜਾਵੇਗਾ, ਜਦੋਂ ਕਿ ਦਿੱਲੀ ਦੇ ਮੁੱਖ ਮੰਤਰੀ ਅਤੇ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੋਵਾਂ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਖ-ਵੱਖ ਸਰੋਤਾਂ ਤੋਂ ਮਾਲੀਆ ਪੈਦਾ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਸਨ"।

ਕਾਦੀਆਂ ਦੇ ਵਿਧਾਇਕ ਬਾਜਵਾ ਨੇ ਕਿਹਾ ਕਿ ਫਰਵਰੀ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 'ਆਪ' ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਰੋਸਾ ਦਿੱਤਾ ਸੀ ਕਿ ਉਹ ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ ਨੂੰ ਬੰਦ ਕਰਵਾਉਣਗੇ, ਜਿਸ ਨਾਲ 20,000 ਕਰੋੜ ਰੁਪਏ ਦੀ ਆਮਦਨ ਹੋਵੇਗੀ ਜਿਸ ਨਾਲ ਲੋਕਾਂ ਨੂੰ ਫ਼ਾਇਦਾ ਹੋਵੇਗਾ। ਉਨ੍ਹਾਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰ ਕੇ ਸੂਬੇ ਦੀ ਵਿੱਤੀ ਹਾਲਤ ਸੁਧਾਰਨ ਦੇ ਵੀ ਅਜਿਹੇ ਹੀ ਦਾਅਵੇ ਕੀਤੇ। ਉਸ ਦੇ ਸਾਰੇ ਵਾਅਦੇ ਅਤੇ ਗਾਰੰਟੀ ਸਪਸ਼ਟ ਤੌਰ 'ਤੇ ਵਿਅਰਥ ਸਾਬਤ ਹੋਈਆਂ ਹਨ ਅਤੇ ਸਿਰਫ਼ 10 ਮਹੀਨਿਆਂ ਦੇ ਅਰਸੇ ਵਿੱਚ ਹੀ ਰਾਜ ਦੀ ਆਰਥਿਕਤਾ ਡਾਵਾਂਡੋਲ ਹੋ ਗਈ ਹੈ।

ਵਿਰੋਧੀ ਧਿਰ ਦੇ ਨੇਤਾ ਨੇ ਇੱਕ ਬਿਆਨ ਵਿਚ ਕਿਹਾ ਕਿ ਕਾਨੂੰਨ ਵਿਵਸਥਾ ਪੂਰੀ ਤਰਾਂ ਨਾਲ ਢਹਿ ਗਈ ਹੈ। ਬੰਦੂਕ ਨਾਲ ਸਬੰਧਿਤ ਅਪਰਾਧ ਵਧ ਰਹੇ ਹਨ। 'ਆਪ' ਦੀ ਸਰਕਾਰ ਬਣਨ ਤੋਂ ਬਾਅਦ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆਂ ਦੀ ਗੈਂਗਸਟਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਉਸ ਦੀ ਪਤਨੀ ਅੱਜ ਵੀ ਇਨਸਾਫ਼ ਲੈਣ ਲਈ ਥਾਂ ਥਾਂ ਟੱਕਰਾਂ ਮਾਰ ਰਹੀ ਹੈ। ਮੰਨੇ-ਪ੍ਰਮੰਨੇ ਗਾਇਕ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਬੇਰਹਿਮੀ ਨਾਲ ਕਤਲ ਨੇ ਦੁਨੀਆ ਭਰ ਦੇ ਹਰ ਪੰਜਾਬੀ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਮਾਮਲੇ ਦੀ ਸਹੀ ਜਾਂਚ ਕਰਵਾਉਣ ਲਈ 'ਆਪ' ਸਰਕਾਰ ਦੀ ਢਿੱਲ ਕਾਰਨ ਉਸ ਦੇ ਮਾਪੇ ਸੂਬਾ ਛੱਡਣ ਦੀ ਯੋਜਨਾ ਬਣਾ ਰਹੇ ਸਨ।

ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਫਿਰ, ਮੋਹਾਲੀ ਵਿੱਚ ਇੰਟੈਲੀਜੈਂਸ ਹੈੱਡਕੁਆਟਰ ਅਤੇ ਤਰਨਤਾਰਨ ਦੇ ਇੱਕ ਪੁਲਿਸ ਸਟੇਸ਼ਨ 'ਤੇ ਆਰਪੀਜੀ ਹਮਲੇ ਹੋਏ ਹਨ, ਜੋ ਕਿ ਪੰਜਾਬ ਵਿੱਚ ਕਦੇ ਨਹੀਂ ਹੋਏ ਸਨ।

ਪੰਜਾਬ ਦੇ ਮੁੱਖ ਮੰਤਰੀ 'ਤੇ ਤੰਜ ਕੱਸਦੇ ਹੋਏ ਬਾਜਵਾ ਨੇ ਕਿਹਾ ਕਿ ਪੰਜਾਬ 'ਚ ਬੀ.ਐਮ.ਡਬਲਿਊ ਯੂਨਿਟ 'ਤੇ ਮੁੱਖ ਮੰਤਰੀ ਦੇ ਕੋਰੇ ਝੂਠ ਨੇ ਨਾ ਸਿਰਫ਼ ਉਨ੍ਹਾਂ ਨੂੰ ਬਲਕਿ ਦੁਨੀਆ ਭਰ 'ਚ ਵੱਸਦੇ ਪੰਜਾਬੀਆਂ ਦਾ ਵੀ ਅਪਮਾਨ ਕੀਤਾ ਹੈ।

'ਆਪ' ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨਾਲ ਕੀਤੇ ਵਾਅਦੇ ਵੀ ਪੂਰੇ ਨਹੀਂ ਕੀਤੇ । ਮੁੱਖ ਮੰਤਰੀ ਦੇ ਭਰੋਸੇ ਦੇ ਬਾਵਜੂਦ ਮੂੰਗੀ ਦੀ ਫ਼ਸਲ ਦੀ ਘੱਟੋ-ਘੱਟ ਸਮਰਥਨ ਮੁੱਲ 'ਤੇ ਖ਼ਰੀਦ ਨਹੀਂ ਕੀਤੀ ਗਈ, ਝੋਨੇ ਲਈ ਡੀਐਸਆਰ ਤਕਨੀਕ ਦੀ ਚੋਣ ਕਰਨ ਵਾਲੇ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ, ਅਤੇ ਝੋਨਾ ਅਤੇ ਕਪਾਹ ਦੀਆਂ ਫ਼ਸਲਾਂ ਨੂੰ ਨੁਕਸਾਨ ਪਹੁੰਚਿਆ ਪਰ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ। 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਇਸ ਵਾਅਦੇ ਦੇ ਬਾਵਜੂਦ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਲਗਾਤਾਰ ਜਾਰੀ ਹਨ।

ਬਾਜਵਾ ਨੇ 'ਆਪ' ਸਰਕਾਰ ਨੂੰ ਜ਼ੀਰਾ ਵਿਖੇ ਸ਼ਰਾਬ ਦੀ ਡਿਸਟਿਲਰੀ ਦੇ ਖ਼ਿਲਾਫ਼ ਪ੍ਰਦਰਸ਼ਨ ਨਾਲ ਸਹੀ ਢੰਗ ਨਾਲ ਨਾ ਨਜਿੱਠਣ ਲਈ ਵੀ ਜ਼ਿੰਮੇਵਾਰ ਠਹਿਰਾਇਆ, ਨਤੀਜੇ ਵਜੋਂ ਉੱਥੇ ਸਥਿਤੀ ਵਿਗੜ ਗਈ ਹੈ। 

ਬਾਜਵਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਇੱਕ ਡੰਮੀ ਮੁੱਖ ਮੰਤਰੀ ਤੋਂ ਇਲਾਵਾ ਹੋਰ ਕੁੱਝ ਨਹੀਂ ਹੈ ਅਤੇ ਅਸਲ ਵਿੱਚ, ਪੰਜਾਬ ਸਰਕਾਰ ਦਿੱਲੀ ਵਿੱਚ ਬੈਠੀ 'ਆਪ' ਦੀ ਉੱਚ ਲੀਡਰਸ਼ਿਪ ਦੁਆਰਾ ਚਲਾਈ ਜਾ ਰਹੀ ਹੈ। ਰਾਜ ਸਭਾ ਮੈਂਬਰ, ਰਾਘਵ ਚੱਢਾ ਅਸਲ ਵਿੱਚ ਇੱਕ ਡੀ-ਫੈਕਟੋ ਮੁੱਖ ਮੰਤਰੀ ਹੈ।

Related Post